ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 6 ਅਗਸਤ, 2017 : ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੂੰ ਬੀਤੇ ਦਿਨ ਪਿੰਡ ਚਨਾਰਥਲ ਖੁਰਦ ਦੇ 32 ਸਾਲਾ ਕਿਸਾਨ ਦਵਿੰਦਰ ਸਿੰਘ ਪੁੱਤਰ ਗੁਰਲਾਭ ਸਿੰਘ ਵੱਲੋਂ ਆਰਥਿਕ ਤੰਗੀ ਕਾਰਨ ਖੁਦਕਸ਼ੀ ਕਰਨ ਦੀ ਮੰਦਭਾਗੀ ਘਟਨਾ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਤੁਰੰਤ ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਸ੍ਰੀ ਅਮਰਿੰਦਰ ਸਿੰਘ ਟਿਵਾਣਾ, ਮੁੱਖ ਖੇਤੀਬਾੜੀ ਅਫਸਰ ਰਾਜੇਸ਼ ਸ਼ਰਮਾ ਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨੂੰ ਮੌਕੇ ਤੇ ਲੋੜੀਂਦੀ ਕਾਰਵਾਈ ਕਰਨ ਲਈ ਭੇਜਿਆ।
ਐਸ.ਡੀ.ਐਮ. ਟਿਵਾਣਾ ਨੇ ਮੌਕੇ ਤੇ ਜਾ ਕੇ ਮ੍ਰਿਤਕ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜੇ ਹਨ ਅਤੇ ਉਨ੍ਹਾਂ ਨੂੰ ਪੂਰਾ ਇਨਸਾਫ ਦਿਵਾਇਆ ਜਾਵੇਗਾ।ਇਸ ਮੌਕੇ ਪਰਿਵਾਰ ਦੇ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੱਤੀ ਕਿ ਆੜਤੀ ਹਰਜੀਤ ਸਿੰਘ ਤੋਂ ਤਕਰੀਬਨ ਇੱਕ ਦਹਾਕਾ ਪਹਿਲਾਂ ਮ੍ਰਿਤਕ ਕਿਸਾਨ ਦਵਿੰਦਰ ਸਿੰਘ ਦੇ ਪਿਤਾ ਗੁਰਲਾਭ ਸਿੰਘ ਨੇ ਸਿਰਫ 4 ਲੱਖ ਰੁਪਏ ਦਾ ਕਰਜਾ ਲਿਆ ਸੀ, ਪ੍ਰੰਤੂ ਆੜਤੀਏ ਨੇ ਉਸ ਚਾਰ ਲੱਖ ਦੀ ਰਕਮ ਤੇ ਵਿਆਜ ਲਾ ਕੇ 20 ਲੱਖ ਰੁਪਏ ਬਣਾ ਦਿੱਤੇ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਇਹ ਵੀ ਦੱਸਿਆ ਕਿ ਸਬੰਧਤ ਆੜਤੀਏ ਨੇ ਉਨ੍ਹਾਂ ਦੀ 4 ਕਿਲ੍ਹੇ ਜਮੀਨ 64 ਲੱਖ ਰੁਪਏ ਵਿੱਚ ਵਿਕਵਾ ਦਿੱਤੀ ਪ੍ਰੰਤੂ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ। ਸਗੋਂ ਸਾਰੀ ਰਕਮ ਆੜਤੀਆ ਹੀ ਹੜਪ ਕਰ ਗਿਆ। ਪਰਿਵਾਰ ਨੇ ਇਹ ਵੀ ਦੱਸਿਆ ਕਿ ਆੜਤੀਏ ਵੱਲੋਂ ਤੰਗ ਪ੍ਰੇਸ਼ਾਨ ਕਰਨ ਤੇ ਹੀ ਦਵਿੰਦਰ ਸਿੰਘ ਦੇ ਪਿਤਾ ਗੁਰਲਾਭ ਸਿੰਘ ਨੇ 31 ਦਸੰਬਰ, 2016 ਨੂੰ ਖੁਦਕਸ਼ੀ ਕਰ ਲਈ ਸੀ।
ਥਾਣਾ ਮੂਲੇਪੁਰ ਦੀ ਪੁਲਿਸ ਨੇ ਮੌਕੇ ਤੇ ਕਾਰਵਾਈ ਕਰਦੇ ਹੋਏ ਐਫ.ਆਈ.ਆਰ. ਦਰਜ਼ ਕੀਤੀ ਅਤੇ ਐਸ.ਡੀ.ਐਮ. ਨੇ ਮੌਕੇ ਤੇ ਕਾਰਵਾਈ ਕਰਦਿਆਂ ਹੋਇਆਂ ਪੀੜ੍ਹਤ ਪਰਿਵਾਰ ਨੂੰ ਕਿਸਾਨ ਦਵਿੰਦਰ ਸਿੰਘ ਦੀ ਮੌਤ ਦਾ ਸਰਟੀਫਿਕੇਟ ਜਾਰੀ ਕਰਵਾਇਆ।
ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਵੱਲੋਂ ਖੁਦਕਸ਼ੀ ਕਰਨ ਵਾਲੇ ਕਿਸਾਨਾਂ ਨੂੰ ਰਾਹਤ ਦੇਣ ਲਈ ਬਣਾਈ ਗਈ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ 7 ਅਗਸਤ ਨੂੰ ਬੁਲਾਈ ਗਈ ਹੈ।ਜਿਸ ਵਿੱਚ ਪੀੜ੍ਹਤ ਪਰਿਵਾਰ ਤੋਂ ਆੜਤੀ ਤੋਂ ਲਏ ਗਏ ਕਰਜੇ ਦੇ ਸਬੂਤ ਹਾਸਲ ਕਰਕੇ ਕੇਸ ਵਿਚਾਰਨ ਉਪਰੰਤ ਪੰਜਾਬ ਸਰਕਾਰ ਵੱਲੋਂ ਨਿਰਧਾਰਤ ਨਿਯਮਾਂ ਅਨੁਸਾਰ ਮਾਲੀ ਸਹਾਇਤਾ ਦੇਣ ਲਈੇ ਕੇਸ ਸਰਕਾਰ ਨੂੰ ਭੇਜਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੁਦਕਸ਼ੀ ਕਰਨ ਵਾਲੇ ਕਿਸਾਨ ਦੀ ਮਾਤਾ ਨੂੰ ਬੁਢਾਪਾ ਪੈਨਸ਼ਨ, ਪਤਨੀ ਨੂੰ ਵਿਧਵਾ ਪੈਨਸ਼ਨ ਅਤੇ ਇਕਲੌਤੀ ਬੇਟੀ ਨੂੰ ਆਸ਼ਰਿਤ ਪੈਨਸ਼ਨ ਲਗਾਉਣ ਲਈ ਫਾਰਮ ਭਰਵਾ ਲਏ ਗਏ ਹਨ ਤੇ ਜਲਦੀ ਹੀ ਇਹ ਪੈਨਸ਼ਨਾਂ ਲਗਾ ਦਿੱਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਪੁਲਿਸ ਨੂੰ ਆਦੇਸ਼ ਦਿੱਤੇ ਗਏ ਹਨ ਕਿ ਇਸ ਕੇਸ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾਵੇ ਅਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਪੀੜ੍ਹਤਾਂ ਨੂੰ ਪੂਰਾ ਇਨਸਾਫ ਦਿਵਾਇਆ ਜਾਵੇਗਾ। ਉਨ੍ਹਾਂ ਪੀੜ੍ਹਤ ਪਰਿਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਵੀ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਪੂਰੀ ਤਰ੍ਹਾਂ ਹਰੇਕ ਸੰਭਵ ਸਹਾਇਤਾ ਕੀਤੀ ਜਾਵੇਗੀ।