ਕੇਂਦਰੀ ਯੂਨੀਵਰਸਿਟੀ ਨੂੰ ਦੀ ਇੰਟਰਡਿਸਿਪਲਨਰੀ ਸਾਇੰਸ ਰੈਂਕਿੰਗ 2027 ਵਿੱਚ 251–300 ਗਲੋਬਲ ਰੈਂਕ ਬੈਂਡ
ਅਸ਼ੋਕ ਵਰਮਾ
ਬਠਿੰਡਾ, 19 ਨਵੰਬਰ 2026: ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਨੇ ਵਿਸ਼ਵਵਿਆਪੀ ਉੱਚ ਸਿੱਖਿਆ ਦੇ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਪ੍ਰਾਪਤੀ ਹਾਸਲ ਕਰਦਿਆਂ ਟਾਈਮਜ਼ ਹਾਇਰ ਐਜੂਕੇਸ਼ਨ (ਦੀ) ਇੰਟਰਡਿਸਿਪਲਨਰੀ ਸਾਇੰਸ ਰੈਂਕਿੰਗ 2027 ਵਿੱਚ 251–300 ਗਲੋਬਲ ਰੈਂਕ ਬੈਂਡ ਵਿੱਚ ਸਥਾਨ ਪ੍ਰਾਪਤ ਕੀਤਾ ਹੈ। ਇਹ ਪ੍ਰਾਪਤੀ ਯੂਨੀਵਰਸਿਟੀ ਦੇ ਅੰਤਰ-ਵਿਸ਼ਾਗਤ (ਇੰਟਰਡਿਸਿਪਲਨਰੀ) ਖੋਜ ਵਿੱਚ ਵੱਧ ਰਹੇ ਯੋਗਦਾਨ ਅਤੇ ਖੋਜ-ਆਧਾਰਿਤ ਉੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਟਾਈਮਜ਼ ਹਾਇਰ ਐਜੂਕੇਸ਼ਨ ਇੰਟਰਡਿਸਿਪਲਨਰੀ ਸਾਇੰਸ ਰੈਂਕਿੰਗ, ਸ਼ਮਿਟ ਸਾਇੰਸ ਫੈਲੋਜ਼ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ। ਇਹ ਰੈਂਕਿੰਗ ਅੰਤਰ-ਵਿਸ਼ਾਗਤ ਖੋਜ ਪ੍ਰਤੀ ਯੂਨੀਵਰਸਿਟੀਆਂ ਦੀ ਵਚਨਬੱਧਤਾ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਦੀ ਹੈ। ਰੈਂਕਿੰਗ ਦੇ 2027 ਐਡੀਸ਼ਨ ਵਿੱਚ 102 ਦੇਸ਼ਾਂ ਦੀਆਂ 1,058 ਯੂਨੀਵਰਸਿਟੀਆਂ ਸ਼ਾਮਲ ਹਨ। ਇਸ ਵਿੱਚ ਤਿੰਨ ਪ੍ਰਮੁੱਖ ਥੰਮ੍ਹਾਂ—ਇਨਪੁੱਟ, ਪ੍ਰਕਿਰਿਆ ਅਤੇ ਆਊਟਪੁੱਟ—ਦੇ ਆਧਾਰ 'ਤੇ ਯੂਨੀਵਰਸਿਟੀਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਗਿਆ ਹੈ।
ਇਸ ਪ੍ਰਾਪਤੀ ਦੇ ਨਾਲ ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਦੀ ਇੰਟਰਡਿਸਿਪਲਨਰੀ ਸਾਇੰਸ ਰੈਂਕਿੰਗ 2027 ਵਿੱਚ ਥਾਂ ਬਣਾਉਣ ਵਾਲੀਆਂ ਭਾਰਤ ਦੀਆਂ ਚੋਟੀ ਦੀਆਂ 24 ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਇਸ ਦੇ ਨਾਲ ਹੀ, ਸਾਲ 2009 ਤੋਂ ਬਾਅਦ ਸਥਾਪਿਤ ਨਵੀਆਂ ਕੇਂਦਰੀ ਯੂਨੀਵਰਸਿਟੀਆਂ ਵਿੱਚ ਵੀ ਪੰਜਾਬ ਕੇਂਦਰੀ ਯੂਨੀਵਰਸਿਟੀ ਇੱਕ ਮੋਹਰੀ ਉੱਚ ਸਿੱਖਿਆ ਸੰਸਥਾ ਵਜੋਂ ਉੱਭਰੀ ਹੈ। ਇਹ ਪ੍ਰਾਪਤੀ ਅੰਤਰ-ਵਿਸ਼ਾਗਤ ਸਹਿਯੋਗ ਨੂੰ ਹੁਲਾਰਾ ਦੇਣ, ਖੋਜ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਪ੍ਰਭਾਵਸ਼ਾਲੀ ਵਿਗਿਆਨਕ ਯੋਗਦਾਨ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਯੂਨੀਵਰਸਿਟੀ ਦੇ ਨਿਰੰਤਰ ਯਤਨਾਂ ਨੂੰ ਉਜਾਗਰ ਕਰਦੀ ਹੈ।
ਯੂਨੀਵਰਸਿਟੀ ਨੇ ਟਾਈਮਜ਼ ਹਾਇਰ ਐਜੂਕੇਸ਼ਨ ਦੀਆਂ ਹੋਰ ਵਿਸ਼ਵਵਿਆਪੀ ਰੈਂਕਿੰਗਾਂ ਵਿੱਚ ਵੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦੀ ਵਰਲਡ ਯੂਨੀਵਰਸਿਟੀ ਰੈਂਕਿੰਗ 2026 ਅਤੇ 2027 ਵਿੱਚ ਯੂਨੀਵਰਸਿਟੀ ਨੂੰ ਵਿਸ਼ਵ ਦੀਆਂ ਚੋਟੀ ਦੀਆਂ 800 ਯੂਨੀਵਰਸਿਟੀਆਂ ਵਿੱਚ ਸਥਾਨ ਮਿਲਿਆ ਹੈ। ਇਸ ਤੋਂ ਇਲਾਵਾ, ਦੀ ਵਰਲਡ ਯੂਨੀਵਰਸਿਟੀ ਰੈਂਕਿੰਗ ਬਾਏ ਸਬਜੈਕਟ 2026 ਵਿੱਚ ਯੂਨੀਵਰਸਿਟੀ ਨੇ ਮੈਡੀਕਲ ਐਂਡ ਹੈਲਥ ਵਿੱਚ 251–300, ਫਿਜ਼ੀਕਲ ਸਾਇੰਸਜ਼ ਵਿੱਚ 401–500 ਅਤੇ ਲਾਈਫ ਸਾਇੰਸਜ਼ ਵਿੱਚ 601–800 ਰੈਂਕ ਬੈਂਡ ਹਾਸਲ ਕੀਤਾ ਹੈ।
ਯੂਨੀਵਰਸਿਟੀ ਦੇ ਮਾਨਯੋਗ ਕਾਰਜਕਾਰੀ ਵਾਈਸ ਚਾਂਸਲਰ ਪ੍ਰੋ. ਰਾਮਕ੍ਰਿਸ਼ਨ ਵੁਸੀਰਿਕਾ ਨੇ ਇਸ ਪ੍ਰਾਪਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਮਿਆਰੀ ਉੱਚ ਸਿੱਖਿਆ ਅਤੇ ਖੋਜ ਉੱਤਮਤਾ ਪ੍ਰਤੀ ਯੂਨੀਵਰਸਿਟੀ ਦੀ ਨਿਰੰਤਰ ਵਚਨਬੱਧਤਾ ਦਾ ਪ੍ਰਤੀਬਿੰਬ ਦੱਸਿਆ। ਉਨ੍ਹਾਂ ਨੇ ਮੁਲਾਂਕਣ ਦੀ ਮਿਆਦ ਦੌਰਾਨ ਯੂਨੀਵਰਸਿਟੀ ਦੇ ਅਕਾਦਮਿਕ ਅਤੇ ਖੋਜ ਮਾਹੌਲ ਨੂੰ ਮਜ਼ਬੂਤ ਕਰਨ ਵਿੱਚ ਸਾਬਕਾ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਅਗਵਾਈ ਅਤੇ ਮਾਰਗਦਰਸ਼ਨ ਦੇ ਯੋਗਦਾਨ ਨੂੰ ਵੀ ਸਰਾਹਿਆ, ਜਿਸ ਸਦਕਾ ਅਕਾਦਮਿਕ ਅਤੇ ਖੋਜ ਈਕੋਸਿਸਟਮ ਨੂੰ ਮਜ਼ਬੂਤੀ ਮਿਲੀ। ਉਨ੍ਹਾਂ ਨੇ ਇਸ ਪ੍ਰਾਪਤੀ ਲਈ ਯੂਨੀਵਰਸਿਟੀ ਦੇ ਅਧਿਆਪਕਾਂ, ਖੋਜਾਰਥੀਆਂ, ਵਿਦਿਆਰਥੀਆਂ ਅਤੇ ਹੋਰ ਸਾਰੇ ਹਿੱਸੇਦਾਰਾਂ ਦੇ ਸਮਰਪਣ ਅਤੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ।
- Download Babushahi App
-
-