Antibiotic ਦਵਾਈਆਂ ਦੀ ਸਹੀ ਵਰਤੋਂ ਸਬੰਧੀ ਫੌਰਟਿਸ ਮੋਹਾਲੀ ਦੇ ਮਾਹਿਰਾਂ ਵੱਲੋਂ ਡਾਕਟਰਾਂ ਨਾਲ ਮੀਟਿੰਗ
ਅਸ਼ੋਕ ਵਰਮਾ
ਬਠਿੰਡਾ, 19 ਨਵੰਬਰ 2026 :ਸਿਹਤ ਵਿਭਾਗ ਬਠਿੰਡਾ ਵੱਲੋਂ ਐਂਟੀਬਾਇਓਟਿਕ ਦਵਾਈਆਂ ਦੀ ਸਹੀ ਵਰਤੋਂ ਅਤੇ ਇਨ੍ਹਾਂ ਦੀ ਬੇਲੋੜੀ ਵਰਤੋਂ ਨੂੰ ਰੋਕਣ ਸਬੰਧੀ ਫੌਰਟਿਸ ਮੋਹਾਲੀ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਡਾ. ਪਰਵਿੰਦਰ ਕੌਰ ਚਾਵਲਾ ਵੱਲੋਂ ਸਿਵਲ ਸਰਜਨ ਬਠਿੰਡਾ ਦੀ ਅਗਵਾਈ ਹੇਠ ਸਿਵਲ ਹਸਪਤਾਲ ਬਠਿੰਡਾ ਦੇ ਡਾਕਟਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ । ਮੀਟਿੰਗ ਦੌਰਾਨ ਜ਼ਿਲ੍ਹਾ ਨੋਡਲ ਅਫ਼ਸਰ AMR ਪ੍ਰੋਗਰਾਮ ਡਾ. ਹਰਸਿਮਰਤ ਪਾਲ ਕੌਰ ਵੱਲੋਂ ਐਂਟੀਬਾਇਓਟਿਕ ਨੀਤੀ (Antibiotic Policy) ਪੇਸ਼ ਕੀਤੀ ਗਈ ਅਤੇ ਜ਼ਿਲ੍ਹਾ ਹਸਪਤਾਲ, ਬਠਿੰਡਾ ਵਿਖੇ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਸਬੰਧੀ ਅੰਕੜੇ ਸਾਂਝੇ ਕੀਤੇ ਗਏ। ਇਸ ਮੌਕੇ ਡਾ. ਪਰਵਿੰਦਰ ਕੌਰ ਚਾਵਲਾ ਨੇ ਡਾਕਟਰਾਂ ਨੂੰ ਐਂਟੀਬਾਇਓਟਿਕ ਦਵਾਈਆਂ ਦੀ ਸਹੀ ਵਰਤੋਂ, ਮਰੀਜ਼ਾਂ ਨੂੰ ਦਵਾਈ ਦੇਣ ਸਮੇਂ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਐਂਟੀਮਾਈਕ੍ਰੋਬੀਅਲ ਰੈਜ਼ਿਸਟੈਂਸ (AMR) ਦੇ ਵਧ ਰਹੇ ਖ਼ਤਰੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਐਂਟੀਬਾਇਓਟਿਕ ਦਵਾਈਆਂ ਦੀ ਬੇਲੋੜੀ ਅਤੇ ਗਲਤ ਵਰਤੋਂ ਕਾਰਨ ਬੈਕਟੀਰੀਆ ਇਨ੍ਹਾਂ ਦਵਾਈਆਂ ਦੇ ਵਿਰੁੱਧ ਰੋਧਕ ਹੋ ਰਹੇ ਹਨ, ਜਿਸ ਕਾਰਨ ਆਮ ਇਨਫੈਕਸ਼ਨਾਂ ਦਾ ਇਲਾਜ ਕਰਨਾ ਵੀ ਮੁਸ਼ਕਲ ਹੋ ਸਕਦਾ ਹੈ। ਇਸ ਲਈ ਐਂਟੀਬਾਇਓਟਿਕ ਦਵਾਈਆਂ ਸਿਰਫ਼ ਡਾਕਟਰ ਦੀ ਸਲਾਹ ਅਨੁਸਾਰ ਅਤੇ ਲੋੜ ਪੈਣ 'ਤੇ ਹੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।ਮੀਟਿੰਗ ਦੌਰਾਨ ਡਾਕਟਰਾਂ ਨੂੰ ਸਲਾਹ ਦਿੱਤੀ ਗਈ ਕਿ ਮਰੀਜ਼ਾਂ ਨੂੰ ਬਿਨਾਂ ਲੋੜ ਐਂਟੀਬਾਇਓਟਿਕ ਦਵਾਈਆਂ ਨਾ ਲਿਖੀਆਂ ਜਾਣ ਅਤੇ ਦਵਾਈਆਂ ਦੀ ਸਹੀ ਖੁਰਾਕ ਤੇ ਨਿਰਧਾਰਤ ਸਮੇਂ ਦਾ ਖ਼ਾਸ ਧਿਆਨ ਰੱਖਿਆ ਜਾਵੇ। ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਵੇ ਕਿ ਆਪਣੀ ਮਰਜ਼ੀ ਨਾਲ ਦਵਾਈਆਂ ਲੈਣ ਜਾਂ ਬਚੀਆਂ ਹੋਈਆਂ ਦਵਾਈਆਂ ਦੀ ਮੁੜ ਵਰਤੋਂ ਕਰਨ ਤੋਂ ਗੁਰੇਜ਼ ਕਰਨ।
ਉਨ੍ਹਾਂ ਕਿਹਾ ਕਿ ਐਂਟੀਬਾਇਓਟਿਕ ਦਵਾਈਆਂ ਦੀ ਸੁਚੱਜੀ ਵਰਤੋਂ ਕਰਨਾ ਸਿਰਫ਼ ਡਾਕਟਰਾਂ ਦੀ ਹੀ ਨਹੀਂ, ਸਗੋਂ ਸਮਾਜ ਦੇ ਹਰ ਵਿਅਕਤੀ ਦੀ ਸਾਂਝੀ ਜ਼ਿੰਮੇਵਾਰੀ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇਨ੍ਹਾਂ ਦਵਾਈਆਂ ਦੀ ਪ੍ਰਭਾਵਸ਼ੀਲਤਾ ਬਰਕਰਾਰ ਰੱਖੀ ਜਾ ਸਕੇ। ਇਸ ਤੋਂ ਇਲਾਵਾ ਹਸਪਤਾਲਾਂ ਵਿੱਚ ਇਨਫੈਕਸ਼ਨ ਕੰਟਰੋਲ ਪ੍ਰੋਟੋਕੋਲ, ਹੱਥਾਂ ਦੀ ਸਫ਼ਾਈ ਅਤੇ ਐਂਟੀਬਾਇਓਟਿਕ ਦੀ ਸਾਭ ਸੰਭਾਲ ਅਤੇ ਸੁਚੱਜਾ ਪ੍ਰਬੰਧਨ ਆਦਿ ਨੂੰ ਉਤਸ਼ਾਹਿਤ ਕਰਨ 'ਤੇ ਵੀ ਜ਼ੋਰ ਦਿੱਤਾ ਗਿਆ।ਇਸ ਮੌਕੇ ਜਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ, ਸੀਨੀਅਰ ਮੈਡੀਕਲ ਅਫ਼ਸਰ ਡਾ. ਅਰੁਣ ਬਾਂਸ਼ਲ, ਡਾ. ਗਗਨਦੀਪ ਸਿੰਘ, ਡਾ. ਦੀਪਕ ਬਾਂਸਲ, ਡਾ ਪ੍ਰਿਯੰਕਾ, ਡਾ ਰਾਜਵਿੰਦਰ, ਡਾ. ਹਰਸਿਤ ਅਤੇ ਡਾ. ਸੋਫੀਆ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
- Download Babushahi App
-
-