ਦਯਾਨੰਦ ਹਸਪਤਾਲ ’ਚ ਦਵਾਈਆਂ ਦੀ ਖਰੀਦ ’ਤੇ ਉੱਠੇ ਸਵਾਲ, ਸਿਵਲ ਸਰਜਨ ਨੇ ਬਣਾਈ 4 ਮੈਂਬਰੀ ਜਾਂਚ ਕਮੇਟੀ
ਬਾਹਰੋਂ ਦਵਾਈ ਲਿਆਉਣ ’ਤੇ ਮਰੀਜ਼ਾਂ ਨੂੰ ਅੰਦਰ ਜਾਣ ਤੋਂ ਰੋਕਣ ਦੇ ਗੰਭੀਰ ਦੋਸ਼, ਪ੍ਰਬੰਧਕਾਂ ਤੋਂ ਮੰਗਿਆ ਜਵਾਬ
ਸੁਖਮਿੰਦਰ ਭੰਗੂ
ਲੁਧਿਆਣਾ, 13 ਨਵੰਬਰ: 2026
ਸ਼ਹਿਰ ਦੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀਐੱਮਸੀਐੱਚ) ’ਚ ਦਵਾਈਆਂ ਦੀ ਖਰੀਦ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਦੋਸ਼ ਹੈ ਕਿ ਮਰੀਜ਼ਾਂ ਅਤੇ ਉਨ੍ਹਾਂ ਦੇ ਤੀਮਾਰਦਾਰਾਂ ਨੂੰ ਦਵਾਈਆਂ ਹਸਪਤਾਲ ਅੰਦਰਲੀ ਫਾਰਮੇਸੀ ਤੋਂ ਹੀ ਖਰੀਦਣ ਲਈ ਮਜਬੂਰ ਕੀਤਾ ਜਾਂਦਾ ਹੈ।
ਇਸ ਮਾਮਲੇ ’ਚ ਸ਼ਿਕਾਇਤਕਰਤਾ ਰੋਹਿਤ ਸਭਰਵਾਲ ਨੇ 12 ਨਵੰਬਰ ਨੂੰ ਸਿਵਲ ਸਰਜਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਕਿਸੇ ਵੀ ਮਰੀਜ਼ ਨੂੰ ਹਸਪਤਾਲ ਦੀ ਫਾਰਮੇਸੀ ਤੋਂ ਦਵਾਈ ਖਰੀਦਣ ਲਈ ਮਜਬੂਰ ਨਾ ਕੀਤਾ ਜਾਵੇ। ਉਨ੍ਹਾਂ ਹਸਪਤਾਲ ’ਚ ਸਪੱਸ਼ਟ ਸੂਚਨਾ ਬੋਰਡ ਲਗਾਉਣ ਦੀ ਵੀ ਮੰਗ ਕੀਤੀ ਹੈ, ਜਿਸ ’ਤੇ ਲਿਖਿਆ ਹੋਵੇ ਕਿ ਮਰੀਜ਼ ਆਪਣੀ ਮਰਜ਼ੀ ਨਾਲ ਕਿਸੇ ਵੀ ਮੈਡੀਕਲ ਸਟੋਰ ਤੋਂ ਦਵਾਈ ਖਰੀਦ ਸਕਦਾ ਹੈ।
ਸ਼ਿਕਾਇਤ ’ਚ ਇਹ ਵੀ ਕਿਹਾ ਗਿਆ ਹੈ ਕਿ ਜੇ ਕੋਈ ਪਰਿਵਾਰ ਬਾਹਰਲੇ ਮੈਡੀਕਲ ਸਟੋਰ ਤੋਂ ਦਵਾਈ ਲੈ ਕੇ ਆਵੇ ਤਾਂ ਮੁੱਖ ਗੇਟ ’ਤੇ ਤਾਇਨਾਤ ਸੁਰੱਖਿਆ ਕਰਮਚਾਰੀ ਉਸ ਨੂੰ ਦਵਾਈਆਂ ਸਮੇਤ ਅੰਦਰ ਜਾਣ ਤੋਂ ਰੋਕ ਦਿੰਦੇ ਹਨ।
ਇਸ ’ਤੇ ਕਾਰਵਾਈ ਕਰਦਿਆਂ ਸਿਵਲ ਸਰਜਨ ਦਫ਼ਤਰ ਨੇ 11 ਨਵੰਬਰ 2026 ਨੂੰ 4 ਮੈਂਬਰੀ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਹੈ। ਕਮੇਟੀ ’ਚ ਸਹਾਇਕ ਸਿਵਲ ਸਰਜਨ, ਜ਼ਿਲ੍ਹਾ ਟੀਕਾਕਰਨ ਅਫ਼ਸਰ, ਜ਼ੋਨਲ ਲਾਇਸੈਂਸਿੰਗ ਅਥਾਰਟੀ ਅਤੇ ਆਈਐੱਮਏ ਲੁਧਿਆਣਾ ਦਾ ਨੁਮਾਇੰਦਾ ਸ਼ਾਮਲ ਹੈ।
ਸਿਵਲ ਸਰਜਨ ਨੇ ਡੀਐੱਮਸੀਐੱਚ ਦੇ ਮੈਡੀਕਲ ਸੁਪਰਡੈਂਟ ਨੂੰ ਆਪਣਾ ਪੱਖ ਲੈ ਕੇ ਕਮੇਟੀ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਸ਼ਿਕਾਇਤ ਦੀਆਂ ਕਾਪੀਆਂ ਡਾਇਰੈਕਟਰ ਸਿਹਤ ਤੇ ਹੋਰ ਉੱਚ ਅਧਿਕਾਰੀਆਂ ਨੂੰ ਵੀ ਭੇਜੀਆਂ ਗਈਆਂ ਹਨ।
ਹੁਣ ਸਭ ਦੀਆਂ ਨਜ਼ਰਾਂ ਜਾਂਚ ਕਮੇਟੀ ਦੀ ਰਿਪੋਰਟ ’ਤੇ ਹਨ।
- Download Babushahi App
-
-