ਝੋਨੇ ਦੀ ਖ਼ਰੀਦ ਬੰਦ ਕਰ ਕੇ ਸਰਕਾਰ ਕਿਸਾਨਾਂ ਦਾ ਕਰ ਰਹੀ ਸ਼ੋਸ਼ਣ - ਲੱਖਾ ਪਾਇਲ
ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਨੇ ਦੀਵਾਲੀ ਵੀ ਮੰਡੀਆਂ ਚ ਮਨਾਈ
ਪਾਇਲ ( ਰਵਿੰਦਰ ਢਿੱਲੋ)
ਪੰਜਾਬ ਦੀਆਂ ਕਈ ਅਨਾਜ ਮੰਡੀਆਂ ਚ ਝੋਨੇ ਦੀ ਸਰਕਾਰੀ ਖਰੀਦ ਬੰਦ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਸਰਕਾਰੀ ਖਰੀਦ ਬੰਦ ਹੋਣ ਕਾਰਨ ਕਿਸਾਨਾਂ ਨੂੰ ਇਸ ਵਾਰ ਦੀਵਾਲੀ ਵੀ ਮੰਡੀਆ ਵਿਚ ਹੀ ਮਨਾਉਣੀ ਪਈ ਹੈ ਅਤੇ ਉਨ੍ਹਾਂ ਦੇ ਤਿਉਹਾਰਾਂ ਦੀਆ ਖੁਸ਼ੀਆ ਫਿੱਕੀਆਂ ਪੈ ਗਈਆਂ। ਸਰਕਾਰ ਵੱਲੋਂ ਖਰੀਦ ਦੀ ਨਿਰਧਾਰਤ ਹੱਦ ਪੂਰੀ ਹੋਣ ਦਾ ਹਵਾਲਾ ਦੇ ਕੇ ਖਰੀਦ ਰੋਕਣਾ ਕਿਸਾਨਾਂ ਨਾਲ ਸਰਾਸਰ ਧੱਕਾ ਅਤੇ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਹੈ। ਇਸ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਪ੍ਰਾਈਵੇਟ ਵਪਾਰੀਆਂ ਅਤੇ ਸ਼ੈਲਰ ਮਾਲਕਾ ਕੋਲ ਘੱਟ ਤਅ 'ਤੇ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਅੱਜ ਦਾਣਾ ਮੰਡੀ ਰੌਣੀ ਵਿਖੇ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸਕਿਲਾਂ ਸੁਣਨ ਉਪਰੰਤ ਕੀਤਾ। ਉਹਨਾਂ ਆਖ਼ਿਆ ਕਿ ਸਰਕਾਰ ਸਿਰਫ ਤੇ ਸਿਰਫ ਮਸ਼ਹੂਰੀਆਂ ਚ ਉਲਝਕੇ ਰਹਿ ਗਈ ਹੈ, ਜਦਕਿ ਸੂਬੇ ਦਾ ਅੰਨਦਾਤਾ ਕਿਸਾਨ ਮੰਡੀਆਂ ਚ ਰੁੱਲਣ ਲਈ ਮਜਬੂਰ ਹੈ। ਉਹਨਾਂ ਆਖ਼ਿਆ ਕਿ ਅਜੇ ਕਿਸਾਨਾਂ ਦੀ 25-30 ਹਜ਼ਾਰ ਗੱਟਾ ਆਦਿ ਕਾਫੀ ਫ਼ਸਲ ਮੰਡੀਆਂ ਚ ਸਰਕਾਰੀ ਖਰੀਦ ਦੀ ਉਡੀਕ ਕਰ ਰਹੀ ਹੈ, ਪਰ ਸਰਕਾਰ ਦੇ ਮਹਿਕਮੇ ਕੋਟਾ ਪੂਰਾ ਹੋਣ ਦੀਆਂ ਗੱਲਾਂ ਆਖ ਰਹੇ ਹਨ ਜੋ ਕਿ ਕਿਸਾਨਾਂ ਨਾਲ ਵੱਡਾ ਧੱਕਾ ਹੈ । ਉਹਨਾ ਆਖ਼ਿਆ ਕਿ ਸੂਬਾ ਸਰਕਾਰ ਨੂੰ ਆਪਣੇ ਬਾਰਡਰ ਸੀਲ ਕਰਨੇ ਚਾਹੀਦੇ ਸਨ ਤਾ ਜੋ ਬਾਹਰਲੇ ਸੂਬਿਆਂ ਤੋਂ ਝੋਨੇ ਦੀ ਫਸਲ ਸੂਬੇ ਦੀਆਂ ਮੰਡੀਆਂ ਚ ਆ ਨਾ ਸਕੇ , ਪਰ ਬਾਹਰਲੇ ਸੂਬਿਆਂ ਤੋਂ ਵੱਡੀ ਗਿਣਤੀ ਚ ਝੋਨੇ ਦੀ ਫ਼ਸਲ ਪੰਜਾਬ ਦੀਆਂ ਮੰਡੀਆਂ ਚ ਐੱਮਐੱਸਪੀ ਤੇ ਵਿਕੀ, ਪਰ ਸਾਡੇ ਆਪਣੇ ਕਿਸਾਨ ਐੱਮਐੱਸਪੀ ਬਿਨਾ ਮੰਡੀਆਂ ਚ ਰੁੱਲ ਰਹੇ ਹਨ ਅਤੇ ਸੂਬਾ ਸਰਕਾਰ ਦਾ ਇਸ ਪਾਸੇ ਬਿਲਕੁੱਲ ਵੀ ਧਿਆਨ ਨਹੀਂ ਹੈ। ਉਹਨਾ ਆਖ਼ਿਆ ਕਿ ਸਰਕਾਰ ਨੂੰ ਆਪਣੀਆਂ ਫੋਕੀਆਂ ਮਸ਼ਹੂਰੀਆਂ ਛੱਡਕੇ ਜ਼ਮੀਨੀ ਪੱਧਰ ਤੇ ਕੰਮ ਕਰਨਾ ਚਾਹੀਦਾ ਅਤੇ ਬਾਹਰਲੇ ਸੂਬਿਆਂ ਤੋ ਆ ਰਹੀ ਫ਼ਸਲ ਨੂੰ ਰੋਕਣ ਲਈ ਵੱਡੇ ਉਪਰਾਲੇ ਕਰਨ ਦੀ ਲੋੜ ਹੈ ਅਤੇ ਪਹਿਲਾਂ ਹੀ ਬਹੁਤ ਖੱਜਲ ਖੁਆਰ ਹੋ ਚੁਕੇ ਅਤੇ ਦੀਵਾਲੀ ਵੀ ਮੰਡੀਆਂ ਚ ਮਨਾਉਣ ਵਾਲੇ ਸਾਡੇ ਕਿਸਾਨਾਂ ਦੀ ਵੱਡੀ ਗਿਣਤੀ ਚ ਮੰਡੀਆਂ ਚ ਪਈ ਝੋਨੇ ਦੀ ਫਸਲ ਨੂੰ ਬਿਨਾ ਕਿਸੇ ਦੇਰੀ ਦੇ ਤੁਰੰਤ ਐੱਮਐੱਸਪੀ ਤੇ ਖਰੀਦਿਆ ਜਾਵੇ। ਉਹਨਾ ਦਾਣਾ ਮੰਡੀ ਰੌਣੀ ਵਿਖੇ ਕਿਸਾਨਾਂ ਤੇ ਆੜ੍ਹਤੀਆ ਦੀਆਂ ਮੁਸਕਿਲਾਂ ਸੁਣੀਆਂ ਤੇ ਇਸ ਦੌਰਾਨ ਕਈ ਕਿਸਾਨਾਂ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦਸਿਆ ਕਿ ਉਹ ਪਿਛਲ਼ੇ 10-11 ਦਿਨਾਂ ਤੋਂ ਮੰਡੀ ਚ ਬੈਠੇ ਹਨ ਤੇ 5-6 ਦਿਨ ਤੋਂ ਬੈਠੇ ਕਿਸਾਨਾਂ ਦੀ ਗਿਣਤੀ ਤਾਂ ਕਾਫੀ ਜਿਆਦਾ ਸੀ, ਜਿਸ ਕਾਰਨ ਇਹਨਾਂ ਕਿਸਾਨਾਂ ਦੀ ਦੀਵਾਲੀ ਵੀ ਫਿੱਕੀ ਹੀ ਲੰਘੀਂ ਹੈ। ਇਸ ਦੌਰਾਨ ਲੱਖਾ ਪਾਇਲ ਨੇ ਸਮੂਹ ਕਿਸਾਨਾਂ ਤੇ ਆੜ੍ਹਤੀਆ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਮੁੱਦੇ ਨੂੰ ਉੱਚ ਅਧਿਕਾਰੀਆਂ ਕੋਲ਼ ਰੱਖਕੇ ਇਸਦਾ ਹਲ ਕਰਵਾਉਣਗੇ ਅਤੇ ਅਗਰ ਸਰਕਾਰ ਨੇ ਇਸਦਾ ਜਲਦੀ ਹੱਲ ਨਾ ਕੀਤਾ ਤਾਂ ਕਾਂਗਰਸ ਪਾਰਟੀ ਵੱਲੋਂ ਇਸ ਮੁੱਦੇ ਤੇ ਸੰਘਰਸ ਵਿਢਿਆ ਜਾਵੇਗਾ। ਇਸ ਮੌਕੇ ਮੰਡਲ ਪ੍ਰਧਾਨ ਹੈਪੀ ਰੌਣੀ, ਬਲਾਕ ਕਾਂਗਰਸ ਕਮੇਟੀ ਦੋਰਾਹਾ ਦੇ ਸੀਨੀਅਰ ਮੀਤ ਪ੍ਰਧਾਨ ਸਾਬਕਾ ਸਰਪੰਚ ਰੁਪਿੰਦਰ ਸਿੰਘ ਗੋਲਡੀ ਭਰਥਲਾ ਰੰਧਾਵਾ, ਸਾਬਕਾ ਸਰਪੰਚ ਦਰਸ਼ਨ ਸਿੰਘ ਮਲਕਪੁਰ, ਅਵਤਾਰ ਸਿੰਘ ਮੰਤਰੀ ਰੌਣੀ , ਨੰਬਰਦਾਰ ਹਰਬੰਸ ਸਿੰਘ ਮੁੱਲਾਂਪੁਰ, ਪ੍ਰਧਾਨ ਰੁਪਿੰਦਰ ਸਿੰਘ ਬਿੰਦੂ ਪਾਇਲ, ਜਗਰੂਪ ਸਿੰਘ, ਚੇਅਰਮੈਨ ਗੁਰਪ੍ਰੀਤ ਸਿੰਘ ਰੌਣੀ, ਦਰਸ਼ਨ ਸਿੰਘ, ਇੰਦਰ ਦਾਸ ਭਰਥਲਾ, ਕਿਸਾਨ ਆਤਮਾ ਸਿੰਘ , ਆੜ੍ਹਤੀ ਦਿਨੇਸ਼ ਸ਼ਰਮਾਂ ਮਿੰਟੂ ਖੰਨਾ, ਰਾਕੇਸ਼ ਸਿਰਥਲਾ, ਬਲਕਾਰ ਸਿੰਘ ਰਾਮਪੁਰ ਸਮੇਤ ਵੱਡੀ ਗਿਣਤੀ ਚ ਕਿਸਾਨ ਤੇ ਆੜ੍ਹਤੀਏ ਹਾਜਰ ਸਨ।
- Download Babushahi App
-
-