ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਇੱਕਸਮਾਨ ਸਨਮਾਨ ਰਾਸ਼ੀ, ਪੈਨਸ਼ਨ ਤੇ ਸਰਕਾਰੀ ਫਲੈਟ ਦੇਣ ਦੀ ਮੰਗ
ਸਹੋਤਾ/ਗੋਰਸੀਆਂ ਵੱਲੋਂ ਕੇਂਦਰ, ਪੰਜਾਬ ਸਰਕਾਰ ਅਤੇ ਰਾਜਪਾਲ ਨੂੰ 15 ਨੁਕਾਤੀ ਮੰਗ ਪੱਤਰ ਭੇਜਿਆ
ਜਗਰਾਉਂ, 29 ਅਕਤੂਬਰ (ਦੀਪਕ ਜੈਨ) ਪੰਜਾਬ ਦੀ ਅਮਨ-ਸ਼ਾਂਤੀ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਪੰਜਾਬ ਪੁਲਿਸ, ਪੰਜਾਬ ਹੋਮਗਾਰਡ ਅਤੇ ਵਿਸ਼ੇਸ਼ ਪੁਲਿਸ ਅਧਿਕਾਰੀ (SPO) ਜਵਾਨਾਂ ਦੇ ਪਰਿਵਾਰਾਂ ਦੀ ਭਲਾਈ ਅਤੇ ਹੱਕਾਂ ਦੀ ਰਾਖੀ ਲਈ ਪੰਜਾਬ ਪੁਲਿਸ ਸ਼ਹੀਦ ਜਵਾਨਾਂ ਦੇ ਪੀੜਤ ਪਰਿਵਾਰ ਐਸੋਸੀਏਸ਼ਨ ਵੱਲੋਂ 15 ਨੁਕਾਤੀ ਮੰਗ ਪੱਤਰ ਕੇਂਦਰੀ ਗ੍ਰਹਿ ਵਿਭਾਗ, ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਰਾਜਪਾਲ ਨੂੰ ਭੇਜਿਆ ਗਿਆ। ਇਹ ਮੰਗ ਪੱਤਰ ਸੀਨੀਅਰ ਪੁਲਿਸ ਕਪਤਾਨ, ਜ਼ਿਲ੍ਹਾ ਲੁਧਿਆਣਾ ਦਿਹਾਤੀ, ਜਗਰਾਉਂ ਰਾਹੀਂ ਮਾਨਯੋਗ ਉਪ ਪੁਲਿਸ ਕਪਤਾਨ ਦੇ ਸਹਿਯੋਗ ਨਾਲ ਭੇਜਿਆ ਗਿਆ। ਐਸੋਸੀਏਸ਼ਨ ਦੇ ਜਨਰਲ ਸਕੱਤਰ ਬਲਜੀਤ ਸਿੰਘ ਗੋਰਸੀਆਂ ਅਤੇ ਖ਼ਜ਼ਾਨਚੀ ਕੁਲਵੰਤ ਸਿੰਘ ਸਹੋਤਾ ਨੇ ਸਰਕਾਰਾਂ ਤੋਂ ਸ਼ਹੀਦ ਪਰਿਵਾਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਦੀ ਅਪੀਲ ਕੀਤੀ।
ਆਗੂਆਂ ਨੇ ਦੱਸਿਆ ਕਿ 21 ਅਕਤੂਬਰ ਨੂੰ ਪੰਜਾਬ ਪੁਲਿਸ ਦੇ ਸ਼ਹੀਦ ਜਵਾਨਾਂ ਦੀ ਯਾਦ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਇਕੱਠੇ ਹੋਏ ਸ਼ਹੀਦ ਪਰਿਵਾਰਾਂ ਨੇ ਆਪਣੀਆਂ ਵੱਖ-ਵੱਖ ਸਮੱਸਿਆਵਾਂ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸਮਝਦਿਆਂ ਐਸੋਸੀਏਸ਼ਨ ਨੇ ਪੰਜਾਬ ਭਰ ਦੇ ਸ਼ਹੀਦ ਪਰਿਵਾਰਾਂ ਦੀ ਆਵਾਜ਼ ਸਰਕਾਰਾਂ ਤੱਕ ਪਹੁੰਚਾਉਣ ਲਈ ਇਹ ਮੰਗ ਪੱਤਰ ਭੇਜਿਆ ਹੈ।
ਸਭ ਤੋਂ ਅਹਿਮ ਮੰਗ: ਸ਼ਹਾਦਤ ਦੇ ਸਮੇਂ ਦੇ ਆਧਾਰ ’ਤੇ ਮੁਆਵਜ਼ੇ ਵਿੱਚ ਵਿਤਕਰਾ ਖ਼ਤਮ ਹੋਵੇ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਾਲੇ ਦੌਰ ਦੌਰਾਨ ਸ਼ਹੀਦ ਹੋਏ ਕਈ ਪੁਲਿਸ ਜਵਾਨਾਂ ਦੇ ਪਰਿਵਾਰਾਂ ਨੂੰ ਕੇਵਲ ਇੱਕ ਜਾਂ ਦੋ ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗਰਾਂਟ ਮਿਲੀ ਸੀ, ਜਦਕਿ ਅੱਜ ਦੇ ਸਮੇਂ ਵਿੱਚ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰਾਂ ਲਈ ਵੱਡੀ ਵਿੱਤੀ ਸਹਾਇਤਾ ਦਾ ਪ੍ਰਬੰਧ ਹੈ। ਉਨ੍ਹਾਂ ਮੰਗ ਕੀਤੀ ਕਿ ਵੱਖ-ਵੱਖ ਸਮਿਆਂ ਦੌਰਾਨ ਸ਼ਹਾਦਤ ਦੇਣ ਵਾਲੇ ਜਵਾਨਾਂ ਦੇ ਪਰਿਵਾਰਾਂ ਨਾਲ ਨਿਆਂ ਕਰਦਿਆਂ ਉਨ੍ਹਾਂ ਨੂੰ ਸਨਮਾਨਜਨਕ ਅਤੇ ਇੱਕਸਮਾਨ ਰਾਹਤ ਰਾਸ਼ੀ ਦੇਣ ਲਈ ਠੋਸ ਨੀਤੀ ਬਣਾਈ ਜਾਵੇ।
ਮੰਗ ਪੱਤਰ ਵਿੱਚ ਸ਼ਹੀਦ ਪਰਿਵਾਰਾਂ ਲਈ 1984 ਦੇ ਦੰਗਾ ਪੀੜਤ ਪਰਿਵਾਰਾਂ ਦੀ ਤਰਜ਼ ’ਤੇ ਸਰਕਾਰੀ ਫਲੈਟ ਮੁਹੱਈਆ ਕਰਵਾਉਣ, ਪੰਜਾਬ ਹੋਮਗਾਰਡ ਅਤੇ ਐਸਪੀਓ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਪੁਲਿਸ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੇ ਬਰਾਬਰ ਪੈਨਸ਼ਨ ਅਤੇ ਵਿੱਤੀ ਸਹੂਲਤਾਂ ਦੇਣ, ਯੋਗ ਪਰਿਵਾਰਕ ਮੈਂਬਰਾਂ ਦੇ ਲਾਲ ਕਾਰਡ ਤੁਰੰਤ ਜਾਰੀ ਕਰਨ ਅਤੇ ਉਨ੍ਹਾਂ ਨਾਲ ਜੁੜੀਆਂ ਸਹੂਲਤਾਂ ਪਹਿਲ ਦੇ ਆਧਾਰ ’ਤੇ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ।
ਇਸ ਤੋਂ ਇਲਾਵਾ, ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਇੱਕ ਵਿਸ਼ੇਸ਼ ਅਧਿਕਾਰੀ ਨਿਯੁਕਤ ਕਰਨ ਦੀ ਮੰਗ ਕੀਤੀ ਗਈ ਹੈ, ਜੋ ਸਿਰਫ਼ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀਆਂ ਸ਼ਿਕਾਇਤਾਂ ਸੁਣੇ ਅਤੇ ਉਨ੍ਹਾਂ ਦਾ ਸਮਾਂਬੱਧ ਹੱਲ ਯਕੀਨੀ ਬਣਾਏ। ਮੰਗ ਪੱਤਰ ਵਿੱਚ ਟੋਲ ਪਲਾਜ਼ਿਆਂ ’ਤੇ ਟੋਲ ਮੁਆਫ਼ੀ, ਬੱਸਾਂ ਵਿੱਚ ਮੁਫ਼ਤ ਸਫ਼ਰ ਲਈ ਬੱਸ ਪਾਸ ਅਤੇ ਹੋਰ ਵਾਜਬ ਸਹੂਲਤਾਂ ਦੇਣ ਦੀ ਮੰਗ ਵੀ ਸ਼ਾਮਲ ਹੈ।
ਬਲਜੀਤ ਸਿੰਘ ਗੋਰਸੀਆਂ ਅਤੇ ਕੁਲਵੰਤ ਸਿੰਘ ਸਹੋਤਾ ਨੇ ਪ੍ਰੈੱਸ ਨੋਟ ਰਾਹੀਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਿਰਫ਼ ਸਮਾਗਮਾਂ ਅਤੇ ਸ਼ਰਧਾਂਜਲੀਆਂ ਤੱਕ ਸੀਮਤ ਨਹੀਂ ਰੱਖਿਆ ਜਾਣਾ ਚਾਹੀਦਾ, ਸਗੋਂ ਉਨ੍ਹਾਂ ਦੇ ਪਰਿਵਾਰਾਂ ਨੂੰ ਬਣਦਾ ਮਾਣ-ਸਨਮਾਨ, ਆਰਥਿਕ ਸੁਰੱਖਿਆ ਅਤੇ ਸਰਕਾਰੀ ਸਹੂਲਤਾਂ ਦੇਣਾ ਵੀ ਸਰਕਾਰਾਂ ਦੀ ਅਹਿਮ ਜ਼ਿੰਮੇਵਾਰੀ ਹੈ।
ਉਨ੍ਹਾਂ ਉਮੀਦ ਜਤਾਈ ਕਿ ਕੇਂਦਰ ਅਤੇ ਪੰਜਾਬ ਸਰਕਾਰ ਸ਼ਹੀਦ ਪਰਿਵਾਰਾਂ ਦੀਆਂ ਜਾਇਜ਼ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਕੇ ਉਨ੍ਹਾਂ ਨੂੰ ਲਾਗੂ ਕਰਨ ਲਈ ਠੋਸ ਕਦਮ ਚੁੱਕਣਗੀਆਂ। ਆਗੂਆਂ ਨੇ ਕਿਹਾ ਕਿ ਸ਼ਹੀਦ ਪਰਿਵਾਰਾਂ ਨੂੰ ਬਣਦਾ ਹੱਕ ਦੇਣਾ ਹੀ ਦੇਸ਼ ਅਤੇ ਪੰਜਾਬ ਦੀ ਅਮਨ-ਸ਼ਾਂਤੀ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਸੂਰਬੀਰਾਂ ਪ੍ਰਤੀ ਸੱਚੀ ਸ਼ਰਧਾਂਜਲੀ ਅਤੇ ਸਤਿਕਾਰ ਹੋਵੇਗਾ।
- Download Babushahi App
-
-