ਮਨਜੀਤ ਸਿੰਘ ਜੀਕੇ ਸੰਗਤ ਤੋਂ ਮੁਆਫ਼ੀ ਮੰਗਣੀ ਚਾਹੀਦੀ: ਕਾਲਕਾ ਤੇ ਕਾਹਲੋਂ
ਅਦਾਲਤੀ ਕਾਰਵਾਈ ਨੇ ਗੁਰਦੁਆਰਾ ਫੰਡਾਂ ਦੀ ਕਥਿਤ ਦੁਰਵਰਤੋਂ ਦੇ ਮਾਮਲੇ ’ਤੇ ਮੁੜ ਚਰਚਾ ਛੇੜੀ, ਅਕਾਲੀ ਦਲ ਦੀ ਲੀਡਰਸ਼ਿਪ ਤੋਂ ਵੀ ਮੰਗਿਆ ਜਵਾਬ
ਨਵੀਂ ਦਿੱਲੀ, 29 ਅਕਤੂਬਰ, 2026 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਅੱਜ ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਵਿਰੁੱਧ ਗੁਰਦੁਆਰਾ ਕਮੇਟੀ ਦੇ ਫੰਡਾਂ ਦੀ ਕਥਿਤ ਦੁਰਵਰਤੋਂ ਨਾਲ ਸਬੰਧਤ ਮਾਮਲਿਆਂ ਵਿੱਚ ਹੋਈ ਤਾਜ਼ਾ ਅਦਾਲਤੀ ਕਾਰਵਾਈ ਨੂੰ ਲੈ ਕੇ ਤਿੱਖੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਗੋਲਕ ਅਤੇ ਸੰਗਤ ਵੱਲੋਂ ਸ਼ਰਧਾ ਨਾਲ ਭੇਟ ਕੀਤੀ ਦਸਵੰਧ ਦੀ ਮਾਇਆ ਦੀ ਜਵਾਬਦੇਹੀ ਤੋਂ ਕੋਈ ਵੀ ਵਿਅਕਤੀ ਉੱਪਰ ਨਹੀਂ ਹੋ ਸਕਦਾ।
ਸਰਦਾਰ ਕਾਲਕਾ ਅਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਮਾਮਲਿਆਂ ਬਾਰੇ ਸੰਗਤ ਅਤੇ ਮੀਡੀਆ ਦੇ ਸਾਹਮਣੇ ਤੱਥ ਰੱਖੇ ਜਾਂਦੇ ਰਹੇ ਹਨ। ਉਸ ਸਮੇਂ ਇਨ੍ਹਾਂ ਦੋਸ਼ਾਂ ਨੂੰ ਸਿਆਸੀ ਸਾਜ਼ਿਸ਼ ਕਰਾਰ ਦੇ ਕੇ ਖਾਰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਹੁਣ ਅਦਾਲਤੀ ਕਾਰਵਾਈ ਦੇ ਮੱਦੇਨਜ਼ਰ ਇਨ੍ਹਾਂ ਮਾਮਲਿਆਂ ਦੀ ਗੰਭੀਰਤਾ ਬਾਰੇ ਜਵਾਬ ਦੇਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜਦੋਂ ਗੁਰੂ ਘਰ ਦੀ ਸੇਵਾ ਅਤੇ ਪ੍ਰਬੰਧ ਨਾਲ ਜੁੜੇ ਵਿਅਕਤੀਆਂ ’ਤੇ ਵਿੱਤੀ ਬੇਨਿਯਮੀਆਂ ਦੇ ਦੋਸ਼ ਲੱਗਦੇ ਹਨ, ਤਾਂ ਸੰਗਤ ਨੂੰ ਸੱਚਾਈ ਜਾਣਨ ਦਾ ਪੂਰਾ ਹੱਕ ਹੈ।
ਉਨ੍ਹਾਂ ਦੱਸਿਆ ਕਿ ਸਰਦਾਰ ਗੁਰਮੀਤ ਸਿੰਘ ਸ਼ੰਟੀ ਵੱਲੋਂ ਦਰਜ ਕਰਵਾਈ ਗਈ ਐੱਫਆਈਆਰ ਨੰਬਰ 188/2019 ਨਾਲ ਸਬੰਧਤ ਮਾਮਲੇ ਵਿੱਚ ਇੱਕ ਲੱਖ ਅਮਰੀਕੀ ਡਾਲਰ ਦੀ ਕਥਿਤ ਹੇਰਾਫੇਰੀ, ‘ਸਾਡੀ ਵਿਰਾਸਤ’ ਪੁਸਤਕ ਦੀ ਛਪਾਈ ਅਤੇ ਕਥਿਤ ਜਾਅਲੀ ਬਿੱਲਾਂ ਵਰਗੇ ਮੁੱਦੇ ਉਠਾਏ ਗਏ ਸਨ। ਉਨ੍ਹਾਂ ਅਨੁਸਾਰ, ਇਸੇ ਤਰ੍ਹਾਂ ਦਿੱਲੀ ਕਮੇਟੀ ਦੇ ਫੰਡਾਂ ਵਿੱਚੋਂ ਕਥਿਤ ਤੌਰ ’ਤੇ ਕੀਤੇ ਗਏ ਖਰਚਿਆਂ ਅਤੇ ਬਿੱਲਾਂ ਦੀ ਪ੍ਰਮਾਣਿਕਤਾ ਬਾਰੇ ਵੀ ਸਵਾਲ ਉੱਠੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਅਤੇ ਅਦਾਲਤੀ ਕਾਰਵਾਈ ਨਾਲ ਜੁੜੇ ਤੱਥਾਂ ਨੂੰ ਸੰਗਤ ਦੇ ਸਾਹਮਣੇ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ।
ਦੋਵਾਂ ਆਗੂਆਂ ਨੇ ਐੱਫਆਈਆਰ ਨੰਬਰ 192/2020 ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਵੀ ਕਮੇਟੀ ਦੇ ਫੰਡਾਂ ਵਿੱਚੋਂ ਕਥਿਤ ਤੌਰ ’ਤੇ 80 ਲੱਖ ਰੁਪਏ ਕਢਵਾਉਣ, ਬਿੱਲਾਂ ਅਤੇ ਵਿਦੇਸ਼ੀ ਮੁਦਰਾ ਨਾਲ ਸਬੰਧਤ ਲੈਣ-ਦੇਣ ਬਾਰੇ ਸਵਾਲ ਉਠਾਏ ਗਏ ਸਨ। ਉਨ੍ਹਾਂ ਕਿਹਾ ਕਿ ਜੇਕਰ ਗੁਰਦੁਆਰਾ ਪ੍ਰਬੰਧ ਵਿੱਚ ਵਿੱਤੀ ਬੇਨਿਯਮੀਆਂ ਜਾਂ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਸਾਬਤ ਹੁੰਦੀ ਹੈ, ਤਾਂ ਇਹ ਸਿਰਫ਼ ਪ੍ਰਬੰਧਕੀ ਨਾਕਾਮੀ ਨਹੀਂ, ਸਗੋਂ ਸੰਗਤ ਦੇ ਵਿਸ਼ਵਾਸ ਨਾਲ ਵੀ ਗੰਭੀਰ ਖਿਲਵਾੜ ਹੈ।
ਸਰਦਾਰ ਕਾਲਕਾ ਅਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਗੁਰਦੁਆਰਾ ਕਮੇਟੀ ਦੇ ਵਿੱਤੀ ਲੈਣ-ਦੇਣ ਵਿੱਚ ਪਾਰਦਰਸ਼ਤਾ, ਸਮੂਹਿਕ ਫ਼ੈਸਲੇ ਅਤੇ ਨਿਯਮਾਂ ਦੀ ਪਾਲਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕਿਸੇ ਵੀ ਸਮੇਂ ਕਮੇਟੀ ਦੇ ਫੰਡਾਂ ਵਿੱਚੋਂ ਵੱਡੀਆਂ ਰਕਮਾਂ ਖਰਚ ਕੀਤੀਆਂ ਗਈਆਂ, ਤਾਂ ਕੀ ਇਸ ਬਾਰੇ ਸਬੰਧਤ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਸੀ? ਕੀ ਖਰਚਿਆਂ ਦੀ ਨਿਯਮਾਂ ਅਨੁਸਾਰ ਮਨਜ਼ੂਰੀ ਲਈ ਗਈ ਸੀ? ਉਨ੍ਹਾਂ ਕਿਹਾ ਕਿ ਸੰਗਤ ਦੇ ਪੈਸੇ ਦਾ ਹਿਸਾਬ ਦੇਣਾ ਹਰ ਉਸ ਵਿਅਕਤੀ ਦੀ ਜ਼ਿੰਮੇਵਾਰੀ ਹੈ, ਜਿਸ ਨੂੰ ਗੁਰੂ ਘਰ ਦੀ ਸੇਵਾ ਦਾ ਅਧਿਕਾਰ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਤਿਹਾਸ ਸੇਵਾ, ਕੁਰਬਾਨੀ ਅਤੇ ਸਮਰਪਣ ਦੀਆਂ ਮਹਾਨ ਰਵਾਇਤਾਂ ਨਾਲ ਜੁੜਿਆ ਹੋਇਆ ਹੈ। ਪੁਰਾਣੇ ਸੇਵਾਦਾਰਾਂ ਨੇ ਆਪਣਾ ਨਿੱਜੀ ਸੁਖ ਤਿਆਗ ਕੇ ਗੁਰੂ ਘਰਾਂ ਦੀ ਸੇਵਾ ਕੀਤੀ ਅਤੇ ਸੰਗਤ ਦੇ ਭਰੋਸੇ ਨੂੰ ਸਭ ਤੋਂ ਉੱਪਰ ਰੱਖਿਆ। ਅਜਿਹੀ ਸੰਸਥਾ ਦੇ ਪ੍ਰਬੰਧ ਵਿੱਚ ਵਿੱਤੀ ਬੇਨਿਯਮੀਆਂ ਦੇ ਦੋਸ਼ ਲੱਗਣਾ ਬੇਹੱਦ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਮਾਇਆ ਕਿਸੇ ਵਿਅਕਤੀ ਦੀ ਨਿੱਜੀ ਜਾਇਦਾਦ ਨਹੀਂ, ਸਗੋਂ ਸੰਗਤ ਦੀ ਅਮਾਨਤ ਹੈ, ਜਿਸ ਦੀ ਵਰਤੋਂ ਸਿਰਫ਼ ਗੁਰਮਤਿ, ਸੇਵਾ ਅਤੇ ਸੰਗਤ ਦੇ ਹਿੱਤਾਂ ਲਈ ਹੋਣੀ ਚਾਹੀਦੀ ਹੈ।
ਜੀਕੇ ਸੰਗਤ ਦੇ ਸਾਹਮਣੇ ਆ ਕੇ ਸਪੱਸ਼ਟੀਕਰਨ ਦੇਣ ਅਤੇ ਮੁਆਫ਼ੀ ਮੰਗਣ: ਕਾਲਕਾ ਤੇ ਕਾਹਲੋਂ
ਦੋਵਾਂ ਆਗੂਆਂ ਨੇ ਸਰਦਾਰ ਮਨਜੀਤ ਸਿੰਘ ਜੀਕੇ ਨੂੰ ਅਪੀਲ ਕੀਤੀ ਕਿ ਉਹ ਸੰਗਤ ਦੇ ਸਾਹਮਣੇ ਆ ਕੇ ਇਨ੍ਹਾਂ ਮਾਮਲਿਆਂ ਬਾਰੇ ਆਪਣਾ ਪੱਖ ਸਪੱਸ਼ਟ ਕਰਨ ਅਤੇ ਜੇਕਰ ਉਨ੍ਹਾਂ ਤੋਂ ਗੁਰੂ ਘਰ ਦੀ ਮਰਿਆਦਾ ਜਾਂ ਸੰਗਤ ਦੇ ਭਰੋਸੇ ਨੂੰ ਠੇਸ ਪਹੁੰਚਾਉਣ ਵਾਲੀ ਕੋਈ ਗਲਤੀ ਹੋਈ ਹੈ, ਤਾਂ ਗੁਰੂ ਸਾਹਿਬ ਅਤੇ ਸੰਗਤ ਤੋਂ ਮੁਆਫ਼ੀ ਮੰਗਣ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਸੇਵਾ ਸਿਰਫ਼ ਅਹੁਦਾ ਹਾਸਲ ਕਰਨ ਦਾ ਨਾਮ ਨਹੀਂ, ਸਗੋਂ ਇਹ ਇਮਾਨਦਾਰੀ, ਤਿਆਗ ਅਤੇ ਜਵਾਬਦੇਹੀ ਦੀ ਮੰਗ ਕਰਦੀ ਹੈ।
- Download Babushahi App
-
-