ਟ੍ਰਾਈਡੈਂਟ ਗਰੁੱਪ ਨੇ ‘ਪਰਾਲੀ ਸਮਾਧਾਨ ਪ੍ਰੋਗਰਾਮ 2026’ ਤਹਿਤ ਪੰਜਾਬ ’ਚ 2,000 ਏਕੜ ਦਾ ਟੀਚਾ ਮਿੱਥਿਆ
ਸੀਐੱਸਆਰ ਪਹਿਲ ਤਹਿਤ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਦੀ ਮੁਫ਼ਤ ਸਹੂਲਤ, ਹੁਣ ਤੱਕ ਕਰੀਬ 550 ਏਕੜ ਖੇਤੀਬਾੜੀ ਰਕਬਾ ਪ੍ਰੋਗਰਾਮ ਤਹਿਤ ਚਿੰਨ੍ਹਿਤ
ਪੰਜਾਬ/ਚੰਡੀਗੜ੍ਹ, 29 ਅਕਤੂਬਰ:
ਪੰਜਾਬ 'ਚ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਅਤੇ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਲਈ ਟਿਕਾਊ ਬਦਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਟ੍ਰਾਈਡੈਂਟ ਗਰੁੱਪ ਨੇ ਆਪਣੇ ‘ਪਰਾਲੀ ਸਮਾਧਾਨ ਪ੍ਰੋਗਰਾਮ 2026’ ਤਹਿਤ ਕਰੀਬ 2,000 ਏਕੜ ਖੇਤੀਬਾੜੀ ਰਕਬੇ ਨੂੰ ਕਵਰ ਕਰਨ ਦਾ ਟੀਚਾ ਮਿੱਥਿਆ ਹੈ। ਟ੍ਰਾਈਡੈਂਟ ਗਰੁੱਪ ਦੀ ਸੀ.ਐੱਸ.ਆਰ. ਇਕਾਈ ਟ੍ਰਾਈਡੈਂਟ ਹਿਊਮੈਨਿਟੀ ਫਾਊਂਡੇਸ਼ਨ (ਪਹਿਲਾਂ ਟ੍ਰਾਈਡੈਂਟ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼) ਰਾਹੀਂ ਚਲਾਏ ਜਾ ਰਹੇ ਇਸ ਪ੍ਰੋਗਰਾਮ ਤਹਿਤ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੀ ਸਹੂਲਤ ਬਿਨਾਂ ਕਿਸੇ ਖ਼ਰਚੇ ਦੇ ਦਿੱਤੀ ਜਾ ਰਹੀ ਹੈ।

ਪ੍ਰੋਗਰਾਮ ਤਹਿਤ ਝੋਨੇ ਦੀ ਪਰਾਲੀ ਨੂੰ ਇਕੱਠਾ ਕਰਨ ਅਤੇ ਉਸ ਦੀਆਂ ਗੱਠਾਂ ਬਣਾਉਣ ਲਈ ਕਿਸਾਨਾਂ ਨੂੰ ਮੁਫ਼ਤ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਦਾ ਮਕਸਦ ਝੋਨੇ ਦੀ ਕਟਾਈ ਅਤੇ ਅਗਲੀ ਫ਼ਸਲ ਦੀ ਬਿਜਾਈ ਵਿਚਾਲੇ ਘੱਟ ਸਮੇਂ ਦੌਰਾਨ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ ਦਾ ਬਦਲ ਮੁਹੱਈਆ ਕਰਵਾਉਣਾ ਅਤੇ ਖੇਤਾਂ 'ਚ ਪਰਾਲੀ ਸਾੜਨ ਦੀ ਲੋੜ ਨੂੰ ਘਟਾਉਣਾ ਹੈ।
ਬਰਨਾਲਾ ਅਤੇ ਆਸ-ਪਾਸ ਦੇ ਇਲਾਕਿਆਂ 'ਚ ਮੌਜੂਦਾ ਪੜਾਅ ਦੌਰਾਨ ਹੁਣ ਤੱਕ ਕਰੀਬ 550 ਏਕੜ ਰਕਬੇ ਦੀ ਪਛਾਣ ਕਰਕੇ ਇਸ ਨੂੰ ਪ੍ਰੋਗਰਾਮ ਤਹਿਤ ਬੁੱਕ ਕੀਤਾ ਜਾ ਚੁੱਕਾ ਹੈ। ਇਸ ਵਿੱਚੋਂ 202 ਏਕੜ 'ਚ ਪਰਾਲੀ ਪ੍ਰਬੰਧਨ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਜਦਕਿ ਬਾਕੀ 348 ਏਕੜ 'ਚ ਕੰਮ ਜਾਰੀ ਹੈ।
ਟ੍ਰਾਈਡੈਂਟ ਹਿਊਮੈਨਿਟੀ ਫਾਊਂਡੇਸ਼ਨ ਵੱਲੋਂ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਅਤੇ ਹੋਰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਰਹੀ ਹੈ। ਪ੍ਰੋਗਰਾਮ ਤਹਿਤ ਫ਼ਸਲੀ ਰਹਿੰਦ-ਖੂੰਹਦ ਕੱਟਣ ਲਈ ਰੀਪਰ ਅਤੇ ਮਲਚਰ ਤੋਂ ਇਲਾਵਾ ਪਰਾਲੀ ਇਕੱਠੀ ਕਰਨ ਅਤੇ ਗੱਠਾਂ ਬਣਾਉਣ ਲਈ ਰੇਕਰ ਅਤੇ ਬੇਲਰ ਵਰਗੀਆਂ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਵਿੱਤੀ ਵਰ੍ਹੇ 2026-27 ਦੌਰਾਨ ਪ੍ਰੋਗਰਾਮ ਤਹਿਤ ਖੇਤਾਂ 'ਚ ਪਰਾਲੀ ਪ੍ਰਬੰਧਨ ਦੇ ਨਾਲ-ਨਾਲ ਕਿਸਾਨਾਂ ਦੀ ਸੋਚ 'ਚ ਬਦਲਾਅ ਲਿਆਉਣ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ 'ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਲਈ ਨੁੱਕੜ ਨਾਟਕਾਂ, ਕਿਸਾਨ ਸੰਪਰਕ ਪ੍ਰੋਗਰਾਮਾਂ ਅਤੇ ਹੋਰ ਜਾਗਰੂਕਤਾ ਸਰਗਰਮੀਆਂ ਰਾਹੀਂ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਥਾਂ ਵਾਤਾਵਰਣ ਪੱਖੀ ਬਦਲ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
‘ਪਰਾਲੀ ਸਮਾਧਾਨ ਪ੍ਰੋਗਰਾਮ’ ਰਾਹੀਂ ਟ੍ਰਾਈਡੈਂਟ ਦਾ ਉਦੇਸ਼ ਪਰਾਲੀ ਨੂੰ ਰਹਿੰਦ-ਖੂੰਹਦ ਦੀ ਥਾਂ ਇਕ ਉਪਯੋਗੀ ਸਰੋਤ ਵਜੋਂ ਵਰਤਣ ਨੂੰ ਉਤਸ਼ਾਹਿਤ ਕਰਨਾ ਹੈ। ਇਸ ਨਾਲ ਹਵਾ ਪ੍ਰਦੂਸ਼ਣ ਘਟਾਉਣ ਦੇ ਨਾਲ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ 'ਚ ਵੀ ਮਦਦ ਮਿਲੇਗੀ।
ਇਹ ਪ੍ਰੋਗਰਾਮ ਕੰਪਨੀ ਐਕਟ, 2013 ਦੀ ਅਨੁਸੂਚੀ VII ਤਹਿਤ ਟ੍ਰਾਈਡੈਂਟ ਗਰੁੱਪ ਦੀਆਂ ਸੀ.ਐੱਸ.ਆਰ. ਪਹਿਲਕਦਮੀਆਂ ਦਾ ਹਿੱਸਾ ਹੈ ਅਤੇ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚਿਆਂ—ਜਲਵਾਯੂ ਕਾਰਵਾਈ, ਚੰਗੀ ਸਿਹਤ ਅਤੇ ਤੰਦਰੁਸਤੀ, ਜ਼ਿੰਮੇਵਾਰ ਖਪਤ ਤੇ ਉਤਪਾਦਨ ਅਤੇ ਧਰਤੀ 'ਤੇ ਜੀਵਨ—ਦੇ ਅਨੁਕੂਲ ਹੈ। ਇਸ ਪਹਿਲ ਰਾਹੀਂ ਗਰੁੱਪ ਵਾਤਾਵਰਣ ਸੰਭਾਲ ਅਤੇ ਜ਼ਿੰਮੇਵਾਰ ਖੇਤੀ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਦਿਆਂ ਪਰਾਲੀ ਸਾੜਨ ਤੋਂ ਮੁਕਤ ਪੰਜਾਬ ਦੇ ਟੀਚੇ ਵੱਲ ਯੋਗਦਾਨ ਪਾ ਰਿਹਾ ਹੈ।
- Download Babushahi App
-
-