ਵੱਡੀ ਖ਼ਬਰ: ਪੰਜਾਬ 'ਚ ਜਲਦ ਚੋਣਾਂ ਕਰਵਾਉਣ ਅਤੇ ਚੋਣ ਜ਼ਾਬਤਾ ਲਾਗੂ ਕਰਨ ਦੀ ਮੰਗ, ਸੁਨੀਲ ਜਾਖੜ ਨੇ ਗਵਰਨਰ ਨੂੰ ਲਿਖੀ ਚਿੱਠੀ
ਅਬੋਹਰ ਮੈਰਾਥਨ ਦੀ ਇਜਾਜ਼ਤ ਰੱਦ ਹੋਣ 'ਤੇ ਭੜਕੇ ਜਾਖੜ: ਕਿਹਾ- ਪ੍ਰਸ਼ਾਸਨ ਨੇ ਖ਼ੁਦ ਮੰਨਿਆ ਕਿ ਸੂਬੇ 'ਚ ਹਾਲਾਤ ਚਿੰਤਾਜਨਕ
Babushahi Network
ਚੰਡੀਗੜ੍ਹ 29 ਅਕਤੂਬਰ 2026- ਭਾਰਤੀ ਜਨਤਾ ਪਾਰਟੀ (BJP) ਦੇ ਸੀਨੀਅਰ ਨੇਤਾ ਅਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਰਾਜਪਾਲ (ਗਵਰਨਰ) ਨੂੰ ਇੱਕ ਅਹਿਮ ਅਤੇ ਅਧਿਕਾਰਤ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਤੁਰੰਤ ਪ੍ਰਭਾਵ ਨਾਲ ਆਦਮੀ ਪਾਰਟੀ ਸਰਕਾਰ ਤੋਂ ਨਿਜਾਤ ਦਿਵਾਉਣ ਲਈ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣ। ਇਹ ਮੰਗ ਕਰਦਿਆਂ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਪੰਜਾਬ ਵਿੱਚ ਜਲਦੀ ਤੋਂ ਜਲਦੀ ਆਦਰਸ਼ ਚੋਣ ਜ਼ਾਬਤਾ ਲਾਗੂ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਸੂਬੇ ਵਿੱਚ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਯਕੀਨੀ ਬਣਾਈਆਂ ਜਾ ਸਕਣ।
ਸੁਨੀਲ ਜਾਖੜ ਨੇ ਚਿੱਠੀ ਵਿੱਚ ਸੂਬੇ ਦੀ ਵਿਗੜ ਰਹੀ ਕਾਨੂੰਨ ਵਿਵਸਥਾ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਸਰਕਾਰ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਉਸ ਦੇ ਪ੍ਰਸ਼ਾਸਨ ਨੇ ਖ਼ੁਦ ਇਹ ਪ੍ਰਵਾਨ ਕੀਤਾ ਹੈ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਬੇਹੱਦ ਮਾੜੀ ਹੈ।
ਸੁਨੀਲ ਜਾਖੜ ਨੇ ਇੱਕ ਵੱਡੀ ਉਦਾਹਰਣ ਦਿੰਦਿਆਂ ਦੱਸਿਆ ਕਿ ਅਬੋਹਰ ਵਿੱਚ ਕਰਵਾਈ ਜਾਣ ਵਾਲੀ ਮੈਰਾਥਨ ਨੂੰ ਪ੍ਰਸ਼ਾਸਨ ਵੱਲੋਂ ਇਜਾਜ਼ਤ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਪ੍ਰਸ਼ਾਸਨ ਨੇ ਲਿਖਤੀ ਪੱਤਰ ਵਿੱਚ ਹਵਾਲਾ ਦਿੱਤਾ ਹੈ ਕਿ ਕਾਨੂੰਨ ਅਤੇ ਵਿਵਸਥਾ ਦੀ ਵਿਗੜੀ ਹੋਈ ਸਥਿਤੀ ਦੇ ਮੱਦੇਨਜ਼ਰ ਉਹ 'ਨੋ ਓਬਜੈਕਸ਼ਨ ਸਰਟੀਫਿਕੇਟ' (NOC) ਨਹੀਂ ਦੇ ਸਕਦੇ। ਜਾਖੜ ਨੇ ਕਿਹਾ ਕਿ ਜਦੋਂ ਪ੍ਰਸ਼ਾਸਨ ਖ਼ੁਦ ਮੰਨ ਰਿਹਾ ਹੈ ਕਿ ਉਹ ਇੱਕ ਮੈਰਾਥਨ ਲਈ ਸੁਰੱਖਿਆ ਨਹੀਂ ਦੇ ਸਕਦਾ, ਤਾਂ ਇਹ ਸਪੱਸ਼ਟ ਹੈ ਕਿ ਸੂਬੇ ਵਿੱਚ ਅਮਨ-ਕਾਨੂੰਨ ਦੀਆਂ ਧੱਜੀਆਂ ਉੱਡ ਚੁੱਕੀਆਂ ਹਨ।
ਜਾਖੜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, "ਇੱਕ-ਇੱਕ ਦਿਨ ਪੰਜਾਬ 'ਤੇ ਭਾਰੀ ਪੈ ਰਿਹਾ ਹੈ। ਅੱਜ ਜਿਹੜੇ ਮਾਸੂਮ ਬੱਚਿਆਂ ਅਤੇ ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ, ਉਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਆਮ ਆਦਮੀ ਪਾਰਟੀ ਦੀ ਇਹ ਸੋਚੀ-ਸਮਝੀ ਰਣਨੀਤੀ ਹੈ ਕਿ ਪੰਜਾਬ ਦੇ ਅੰਦਰ ਅਜਿਹਾ ਮਾਹੌਲ ਬਣਾਇਆ ਜਾਵੇ ਤਾਂ ਜੋ ਲੋਕ ਡਰ ਕੇ ਵੋਟ ਪਾਉਣ ਹੀ ਨਾ ਜਾਣ। ਉਹ ਬਹਾਨਾ ਬਣਾਉਣਗੇ ਕਿ ਲਾਅ ਐਂਡ ਆਰਡਰ ਖ਼ਰਾਬ ਹੈ ਅਤੇ ਚੋਣਾਂ ਨੂੰ ਛੇ ਮਹੀਨੇ ਅੱਗੇ ਪਾ ਦਿੱਤਾ ਜਾਵੇ, ਪਰ ਅਸੀਂ ਅਜਿਹਾ ਨਹੀਂ ਹੋਣ ਦਿਆਂਗੇ। ਅਸੀਂ ਹੋਸ਼ਿਆਰਪੁਰ ਤੋਂ 'ਲੋਕਤੰਤਰ ਬਚਾਓ' ਮੁਹਿੰਮ ਸ਼ੁਰੂ ਕੀਤੀ ਹੈ।"
ਇਸ ਮੁੱਦੇ 'ਤੇ ਬੀਜੇਪੀ ਦੇ ਮੁੱਖ ਬੁਲਾਰੇ ਅਨਿਲ ਸਰੀਨ ਨੇ ਵੀ ਆਮ ਆਦਮੀ ਪਾਰਟੀ ਸਰਕਾਰ 'ਤੇ ਕਰਾਰੇ ਹਮਲੇ ਕੀਤੇ। ਉਨ੍ਹਾਂ ਕਿਹਾ, "ਅੱਜ ਪੰਜਾਬ ਦੇ ਹਾਲਾਤ ਅਜਿਹੇ ਬਣ ਗਏ ਹਨ ਕਿ ਆਮ ਪੰਜਾਬੀਆਂ ਨੂੰ ਬਚਾਉਣ ਦੀ ਲੋੜ ਪੈ ਗਈ ਹੈ। ਅੱਜ ਸੂਬੇ ਵਿੱਚ ਰਹਿੰਦਾ ਕੋਈ ਵੀ ਸ਼ਹਿਰੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਦਿਨ-ਦਿਹਾੜੇ ਗੋਲੀਆਂ ਚੱਲ ਰਹੀਆਂ ਹਨ, ਲੁੱਟਾਂ-ਖੋਹਾਂ ਹੋ ਰਹੀਆਂ ਹਨ ਅਤੇ ਨਸ਼ੇ ਕਾਰਨ ਰੋਜ਼ ਨੌਜਵਾਨ ਮਰ ਰਹੇ ਹਨ।"
ਉਨ੍ਹਾਂ ਅੱਗੇ ਕਿਹਾ ਕਿ ਇਹ ਸਰਕਾਰ ਇੱਕ ਦਿਨ ਵੀ ਸੱਤਾ ਵਿੱਚ ਰਹਿਣ ਦੇ ਕਾਬਿਲ ਨਹੀਂ ਹੈ। ਸਰੀਨ ਨੇ ਲੁਧਿਆਣਾ ਦੀ ਇੱਕ ਦਰਦਨਾਕ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਪਰਾਧੀਆਂ ਵਿੱਚ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ। ਲੋਕਾਂ ਨੂੰ ਗੈਂਗਸਟਰਾਂ ਦੀਆਂ ਧਮਕੀਆਂ ਵਾਲੀਆਂ ਕਾਲਾਂ ਆ ਰਹੀਆਂ ਹਨ ਅਤੇ ਸ਼ਰੇਆਮ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ।
ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾਂਦੇ ਵਿਕਾਸ ਦੇ ਦਾਅਵਿਆਂ ਅਤੇ ਮਹੀਨਾਵਾਰ ਸਕੀਮਾਂ ਦਾ ਜਵਾਬ ਦਿੰਦਿਆਂ ਅਨਿਲ ਸਰੀਨ ਨੇ ਕਿਹਾ, "ਜੇਕਰ ਬੰਦਾ ਜਿਊਂਦਾ ਹੀ ਨਹੀਂ ਰਹੇਗਾ ਤਾਂ ਉਹ ਸਰਕਾਰੀ ਸਕੀਮਾਂ ਦਾ ਕੀ ਕਰੇਗਾ? ਜੇਕਰ ਸਾਡੀਆਂ ਭੈਣਾਂ-ਮਾਵਾਂ ਸੜਕਾਂ 'ਤੇ ਸਬਜ਼ੀ ਲੈਣ ਵੀ ਨਹੀਂ ਨਿਕਲ ਸਕਦੀਆਂ ਅਤੇ ਉਨ੍ਹਾਂ ਦੀਆਂ ਚੇਨੀਆਂ ਤੇ ਵਾਲੀਆਂ ਖੋਹੀਆਂ ਜਾ ਰਹੀਆਂ ਹਨ, ਤਾਂ ਅਜਿਹੇ ਮਾਹੌਲ ਵਿੱਚ ਮਹੀਨੇ ਦੇ 1000/1500 ਰੁਪਏ ਕਿਸੇ ਦੇ, ਕਿਸੇ ਕੰਮ ਦੇ ਨਹੀਂ ਹਨ। ਜਾਨ-ਮਾਲ ਦੀ ਸੁਰੱਖਿਆ ਸਭ ਤੋਂ ਪਹਿਲਾਂ ਆਉਂਦੀ ਹੈ।"
ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਪਾਰਟੀ ਦੇ ਆਗੂ ਵੀ ਸੂਬੇ ਵਿੱਚ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਮੰਗ ਚੁੱਕ ਚੁੱਕੇ ਹਨ। ਸਾਰੀਆਂ ਵਿਰੋਧੀ ਧਿਰਾਂ ਦਾ ਮੰਨਣਾ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਹਰ ਮੋਰਚੇ 'ਤੇ ਫੇਲ੍ਹ ਸਾਬਤ ਹੋਈ ਹੈ ਅਤੇ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕਾ ਹੈ।
ਦੂਜੇ ਪਾਸੇ, ਚੋਣ ਕਮਿਸ਼ਨ ਵੱਲੋਂ ਵੀ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਚੋਣ ਕਮਿਸ਼ਨ ਦੀਆਂ ਟੀਮਾਂ 27 ਅਤੇ 28 ਅਕਤੂਬਰ ਨੂੰ ਪੰਜਾਬ ਦੇ ਦੌਰੇ 'ਤੇ ਸਨ, ਜਿੱਥੇ ਉਨ੍ਹਾਂ ਨੇ ਸੂਬੇ ਵਿੱਚ ਹੋਣ ਵਾਲੀਆਂ ਆਗਾਮੀ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਨ੍ਹਾਂ ਸਮੀਖਿਆ ਬੈਠਕਾਂ ਵਿੱਚ ਇਹ ਦੇਖਿਆ ਜਾ ਰਿਹਾ ਹੈ ਕਿ ਕਿਹੜੇ ਬੂਥ ਸੰਵੇਦਨਸ਼ੀਲ ਹਨ ਅਤੇ ਕਿੱਥੇ ਵਾਧੂ ਪੁਲਿਸ ਬਲ ਤਾਇਨਾਤ ਕਰਨ ਦੀ ਲੋੜ ਹੈ।
ਇਸ ਦੇ ਨਾਲ ਹੀ ਇਲੈਕਸ਼ਨ ਕਮਿਸ਼ਨ ਨੇ ਵੱਡਾ ਹੁਕਮ ਜਾਰੀ ਕਰਦਿਆਂ ਹਦਾਇਤ ਦਿੱਤੀ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਇੱਕੋ ਥਾਂ 'ਤੇ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤੁਰੰਤ ਤਬਾਦਲੇ ਕੀਤੇ ਜਾਣ। ਇਨ੍ਹਾਂ ਤਬਾਦਲਿਆਂ ਦਾ ਮੁੱਖ ਮਕਸਦ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਨਿਰਪੱਖ ਬਣਾਉਣਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਰਾਜਪਾਲ ਸੁਨੀਲ ਜਾਖੜ ਦੀ ਇਸ ਚਿੱਠੀ 'ਤੇ ਕੀ ਕਾਰਵਾਈ ਕਰਦੇ ਹਨ ਅਤੇ ਇਲੈਕਸ਼ਨ ਕਮਿਸ਼ਨ ਪੰਜਾਬ 'ਚ ਚੋਣਾਂ ਦੀ ਤਾਰੀਖ਼ ਦਾ ਐਲਾਨ ਕਦੋਂ ਕਰਦਾ ਹੈ?
- Download Babushahi App
-
-