ਮੁਕਤਸਰ ਪੁਲਿਸ ਨੇ ਥਾਣਿਆਂ ਵਿੱਚ ਪਏ ਕਬਾੜ ਨੂੰ ਬਣਾਇਆ ਕਮਾਈ ਦਾ ਜੁਗਾੜ
ਨੀਲਾਮੀ ਦੀ ਰਕਮ ਕਰੀਬ 2,67,270 ਰੁਪਏ ਸਰਕਾਰੀ ਖਜ਼ਾਨੇ ਵਿੱਚ ਹੋਵੇਗੀ ਜਮ੍ਹਾ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 29 ਅਕਤੂਬਰ 2026:ਪੰਜਾਬ ਸਰਕਾਰ ਅਤੇ ਸ੍ਰੀ ਗੌਰਵ ਯਾਦਵ IPS, ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਸ੍ਰੀ ਅਭਿਮੰਨਿਊ ਰਾਣਾ IPS, ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿੱਥੇ ਨਸ਼ਿਆਂ ਦੇ ਖਾਤਮੇ, ਜੇਰ ਤਫਤੀਸ਼ ਮੁਕੱਦਮਿਆਂ ਦੇ ਨਿਪਟਾਰੇ, ਦਰਖਾਸਤਾਂ ਦੇ ਨਿਪਟਾਰੇ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਦਿਨ-ਪ੍ਰਤੀਦਿਨ ਨਵੇਂ ਕਦਮ ਚੁੱਕੇ ਜਾ ਰਹੇ ਹਨ, ਉਥੇ ਹੀ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹੇ ਅੰਦਰ ਸਖ਼ਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਹਨ।
ਇਸ ਦੇ ਨਾਲ ਹੀ ਅੱਜ ਪੁਲਿਸ ਵਿਭਾਗ ਵੱਲੋਂ ਵੱਖ-ਵੱਖ ਮੁਕੱਦਮਿਆਂ ਵਿੱਚ ਥਾਣਿਆਂ ਵਿੱਚ ਖੜ੍ਹੇ ਵਾਹਨਾਂ ਦੀ ਖੁੱਲ੍ਹੀ ਬੋਲੀ ਕਰਵਾ ਕੇ ਕੁੱਲ 34 ਵਾਹਨ ਨੀਲਾਮ ਕੀਤੇ ਗਏ। ਇਸ ਮੌਕੇ ਸ੍ਰੀ ਜੋਰਾ ਸਿੰਘ ਡੀ.ਐਸ.ਪੀ (ਐਚ)ਅਤੇ ਹੋਰ ਕਮੇਟੀ ਮੈਂਬਰਾਂ ਦੀ ਹਾਜ਼ਰੀ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਬੋਲੀਕਾਰ ਵੀ ਹਾਜ਼ਰ ਸਨ।
ਇਸ ਮੌਕੇ ਸ੍ਰੀ ਅਭਿਮੰਨਿਊ ਰਾਣਾ IPS ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਥਾਣਿਆਂ ਅੰਦਰ ਵੱਖ-ਵੱਖ ਮੁਕੱਦਮਿਆਂ ਨਾਲ ਸਬੰਧਿਤ ਕਾਫ਼ੀ ਗਿਣਤੀ ਵਿੱਚ ਵਾਹਨ ਖੜ੍ਹੇ ਹਨ। ਇਨ੍ਹਾਂ ਵਾਹਨਾਂ ਨਾਲ ਸਬੰਧਿਤ ਮੁਕੱਦਮਿਆਂ ਦਾ ਫੈਸਲਾ ਹੋ ਚੁੱਕਾ ਹੈ ਪਰ ਕਿਸੇ ਵੀ ਵਿਅਕਤੀ ਵੱਲੋਂ ਇਹ ਵਾਹਨ ਕਲੇਮ ਨਹੀਂ ਕੀਤੇ ਗਏ। ਇਨ੍ਹਾਂ ਵਾਹਨਾਂ ਕਾਰਨ ਥਾਣਿਆਂ ਵਿੱਚ ਕਾਫ਼ੀ ਜਗ੍ਹਾ ਘੇਰੀ ਹੋਈ ਸੀ। ਇਸ ਲਈ ਥਾਣਿਆਂ ਵਿੱਚ ਸਾਫ਼-ਸੁਥਰੀ ਅਤੇ ਢੁੱਕਵੀਂ ਕੰਮਕਾਜੀ ਥਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪਿਛਲੇ ਲੰਮੇ ਸਮੇਂ ਤੋਂ ਫੈਸਲਸ਼ੁਦਾ ਮੁਕੱਦਮਿਆਂ ਦੇ ਵਾਹਨਾਂ ਦੀ ਨੀਲਾਮੀ ਕਰਵਾਈ ਗਈ ਹੈ।ਉਨ੍ਹਾਂ ਦੱਸਿਆ ਕਿ ਵਹੀਕਲ ਡਿਸਪੋਜ਼ਲ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਕਾਨੂੰਨੀ ਪ੍ਰਕਿਰਿਆ ਅਪਣਾਉਂਦੇ ਹੋਏ ਕੁੱਲ 34 ਵਾਹਨ (28 ਦੋ ਪਹੀਆ ਅਤੇ 06 ਚਾਰ ਪਹੀਆ), ਜਿਨ੍ਹਾਂ ਦੀ ਰਾਖਵੀਂ ਕੀਮਤ 2,18,500 ਰੁਪਏ ਰੱਖੀ ਗਈ ਸੀ, ਨੂੰ 2,26500 ਰੁਪਏ ਵਿੱਚ ਨੀਲਾਮ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਰਕਮ ਉੱਪਰ 18% ਜੀਐਸਟੀ, ਜੋ ਕਿ 40,770 ਰੁਪਏ ਬਣਦੀ ਹੈ, ਸਮੇਤ ਨੀਲਾਮੀ ਦੀ ਕੁੱਲ ਰਕਮ 2,67,270 ਰੁਪਏ ਬਣਦੀ ਹੈ।
ਇਸ ਬੋਲੀ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਬੋਲੀਕਾਰਾਂ ਨੇ ਹਿੱਸਾ ਲਿਆ। ਵਾਹਨਾਂ ਨੂੰ 02 ਵੱਖ-ਵੱਖ ਅਲਾਟਾਂ ਵਿੱਚ ਵੰਡਿਆ ਗਿਆ, ਜਿਨ੍ਹਾਂ ਵਿਚੋਂ 02 ਅਲਾਟਾਂ ਦੀ ਸਭ ਤੋਂ ਵੱਧ ਬੋਲ਼ੀ ਲਕਸ਼ ਟਰੇਡਰ ਮਲੋਟ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਦਿੱਤੀ ਗਈ। ਜਿਨਾਂ ਦੀ ਕੁੱਲ ਰਕਮ ਜੀਐਸਟੀ ਸਮੇਤ 2,67,270 ਰੁਪਏ ਨੂੰ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਕਰਵਾਈ ਜਾਵੇਗੀ।ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਬਾਕੀ ਰਹਿੰਦੇ ਵਾਹਨਾਂ ਸਬੰਧੀ ਵੀ ਰਿਕਾਰਡ ਤਿਆਰ ਕਰਵਾਇਆ ਜਾ ਰਿਹਾ ਹੈ ਅਤੇ ਉਹ ਵਾਹਨ ਵੀ ਜਲਦ ਨੀਲਾਮ ਕੀਤੇ ਜਾਣਗੇ।
- Download Babushahi App
-
-