ਵਿਦੇਸ਼ਾਂ ਵਿੱਚ ਵੱਸਦੇ ਬੱਲ੍ਹੋ ਵਾਸੀਆਂ ਨੇ ਪਿੰਡ ਦੇ ਵਿਕਾਸ ਸਬੰਧੀ ਪੰਚਾਇਤ ਨਾਲ ਕੀਤੀ ਮੀਟਿੰਗ
ਅਸ਼ੋਕ ਵਰਮਾ
ਰਾਮਪੁਰਾ ਫੂਲ, 29 ਅਕਤੂਬਰ 2026: ਇੱਥੋਂ ਨੇੜਲੇ ਪਿੰਡ ਬੱਲ੍ਹੋ ਦੀ ਗ੍ਰਾਮ ਪੰਚਾਇਤ ਵੱਲੋਂ ਪਿੰਡ ਵਿੱਚ ਲਗਾਤਾਰ ਕਰਵਾਏ ਜਾ ਰਹੇ ਨਿਵੇਕਲੇ ਅਤੇ ਸ਼ਲਾਘਾਯੋਗ ਵਿਕਾਸ ਕਾਰਜਾਂ ਨੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਦਾ ਵੀ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸੇ ਲੜੀ ਤਹਿਤ ਪਿੰਡ ਦੇ ਜੰਮਪਲ ਐਨ.ਆਰ.ਆਈ. ਭਰਾਵਾਂ ਹਰਦੇਵ ਸਿੰਘ ਢਿੱਲੋ ਅਤੇ ਹਰਜਿੰਦਰ ਸਿੰਘ ਢਿੱਲੋ ਨੇ ਪਿੰਡ ਪਹੁੰਚ ਕੇ ਇੱਥੋਂ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਮਹਿਲਾ ਸਰਪੰਚ ਅਮਰਜੀਤ ਕੌਰ ਅਤੇ ਸਮੁੱਚੀ ਗ੍ਰਾਮ ਪੰਚਾਇਤ ਨਾਲ ਮੁਲਾਕਾਤ ਕਰਕੇ ਪਿੰਡ ਨੂੰ ਤਰੱਕੀ ਦੀਆਂ ਨਵੀਆਂ ਬਰੂਹਾਂ ਵੱਲ ਲਿਜਾਣ ਲਈ ਵਿਚਾਰ-ਚਰਚਾ ਕੀਤੀ।
ਜ਼ਿਕਰਯੋਗ ਹੈ ਕਿ ਐਨ.ਆਰ.ਆਈ. ਭਰਾ ਹਰਦੇਵ ਸਿੰਘ ਢਿੱਲੋ ਅਤੇ ਹਰਜਿੰਦਰ ਸਿੰਘ ਢਿੱਲੋ ਆਪਣੇ ਪਰਿਵਾਰ ਸਮੇਤ ਕੁਝ ਦਿਨਾਂ ਲਈ ਪੰਜਾਬ ਆਏ ਹੋਏ ਹਨ। ਇਹ ਦੋਵੇਂ ਭਰਾ ਹਮੇਸ਼ਾ ਹੀ ਆਪਣੇ ਜੱਦੀ ਪਿੰਡ ਦੇ ਸਰਕਾਰੀ ਸਕੂਲਾਂ, ਧਾਰਮਿਕ ਅਤੇ ਹੋਰ ਸਾਂਝੀਆਂ ਸੰਸਥਾਵਾਂ ਵਿੱਚ ਲੋੜਾਂ ਨੂੰ ਪੂਰਾ ਕਰਨ ਲਈ ਦਿਲ ਖੋਲ੍ਹ ਕੇ ਆਰਥਿਕ ਸਹਿਯੋਗ ਦਿੰਦੇ ਆ ਰਹੇ ਹਨ। ਉਨ੍ਹਾਂ ਦਾ ਪਿੰਡ ਪ੍ਰਤੀ ਇਹ ਅਗਾਹ ਪ੍ਰੇਮ ਅਤੇ ਸਤਿਕਾਰ ਬਣਿਆ ਹੋਇਆ ਹੈ।
ਮੀਟਿੰਗ ਦੌਰਾਨ ਪਿੰਡ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਪ੍ਰਗਤੀ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਮਿਆਰੀ ਸਿੱਖਿਆ ਦੇ ਪਸਾਰ ਅਤੇ ਪਿੰਡ ਦੀ ਨੌਜਵਾਨ ਪੀੜ੍ਹੀ ਨੂੰ ਘਾਤਕ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਉਸਾਰੂ ਸੋਚ ਤਹਿਤ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਐਨ.ਆਰ.ਆਈ. ਭਰਾਵਾਂ ਨੇ ਮਹਿਲਾ ਸਰਪੰਚ ਅਮਰਜੀਤ ਕੌਰ ਤੇ ਸਮੁੱਚੀ ਪੰਚਾਇਤ ਅਤੇ ਤਰਨਜੋਤ ਵੈਲਫੇਅਰ ਸੁਸਾਇਟੀ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਦੀ ਭਲਾਈ ਦੇ ਕਾਰਜਾਂ ਲਈ ਸ਼ਲਾਘਾ ਕੀਤੀ। ਸੁਸਾਇਟੀ ਦੇ ਬੁਲਾਰੇ ਭੁਪਿੰਦਰ ਸਿੰਘ ਜਟਾਣਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ । ਇਸ ਮੋਕੇ ਐਨ ਆਈ ਆਰ ਭਰਾਵਾਂ ਦੇ ਪਰਿਵਾਰਕ ਮੈਂਬਰ ਰਾਜਪਾਲ ਕੌਰ ਢਿੱਲੋ , ਜਸਵੰਤ ਸਿੰਘ ਢਿੱਲੋ ,ਮਲਕੀਤ ਸਿੰਘ ਢਿੱਲੋ ,ਮਨਦੀਪ ਸਿੰਘ ਢਿੱਲੋ ,ਪੰਚ ਹਾਕਮ ਸਿੰਘ ,ਕਰਮਜੀਤ ਸਿੰਘ ,ਹਰਬੰਸ ਸਿੰਘ ,ਹਰਵਿੰਦਰ ਸਿੰਘ ,ਪਰਮਜੀਤ ਕੌਰ ,ਰਣਜੀਤ ਕੌਰ, ਸੁਖਦੀਪ ਸਿੰਘ ਢਿੱਲੋ ਤੇ ਪਰਮਜੀਤ ਭੁੱਲਰ ਸਕੱਤਰ ਹਾਜ਼ਰ ਸਨ।
- Download Babushahi App
-
-