ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਪੈਸੇ ਹੜੱਪਣ ਦਾ ਮਾਮਲਾ; ਮਹਿਲਾ ਸਰਪੰਚ ਅਤੇ ਪਤੀ ’ਤੇ ਸਰਕਾਰੀ ਰਕਮ ਹੜੱਪਣ ਤੇ ਰਿਸ਼ਵਤ ਦਾ ਦੋਸ਼
ਜਗਰਾਉਂ/5 ਅਕਤੂਬਰ(ਦੀਪਕ ਜੈਨ)
ਜਗਰਾਉਂ ਤਹਿਸੀਲ ਦੇ ਪਿੰਡ ਹਾਂਸ ਕਲਾਂ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਗ਼ਰੀਬ ਪਰਿਵਾਰਾਂ ਨੂੰ ਮਿਲਣ ਵਾਲੇ ਮਕਾਨ ਦੀ ਸਰਕਾਰੀ ਰਕਮ ਵਿੱਚ ਵੱਡੇ ਪੱਧਰ ’ਤੇ ਧਾਂਦਲੀ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਿੰਡ ਵਾਸੀਆਂ ਨੇ ਪਹਿਲਾਂ ਸਥਾਨਕ ਵਿਧਾਇਕ ਨੂੰ ਲਿਖਤੀ ਸ਼ਿਕਾਇਤ ਦਿੱਤੀ ਅਤੇ ਇਸ ਤੋਂ ਬਾਅਦ ਐੱਸ.ਡੀ.ਐੱਮ. ਜਗਰਾਉਂ ਬਾਦਲ ਦੀਨ ਨੂੰ ਮਿਲ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ।
ਸ਼ਿਕਾਇਤ ਅਨੁਸਾਰ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਆਏ ਮਕਾਨ ਉਸਾਰੀ ਅਤੇ ਮੁਆਵਜ਼ੇ ਦੇ ਫੰਡ ਵਿੱਚ ਪਿੰਡ ਦੀ ਸਰਪੰਚ ਮਨਪ੍ਰੀਤ ਕੌਰ ਅਤੇ ਉਸ ਦੇ ਪਤੀ ਬਲਵਿੰਦਰ ਸਿੰਘ ਸੈਰੋਂ ਨੇ ਖੁੱਲ੍ਹ ਕੇ ਹੇਰਾਫੇਰੀ ਕੀਤੀ ਹੈ। ਦੋਸ਼ ਹੈ ਕਿ ਲਾਭਪਾਤਰੀਆਂ ਦੀ ਸੂਚੀ ਵਿੱਚ ਹੇਰ-ਫੇਰ ਕਰਕੇ ਲਵਪ੍ਰੀਤ ਸਿੰਘ ਦੇ ਖਾਤੇ ਵਿੱਚੋਂ 10,000 ਰੁਪਏ ਅਤੇ ਚਰਨਜੀਤ ਸਿੰਘ ਦੇ ਖਾਤੇ ਵਿੱਚੋਂ 90,000 ਰੁਪਏ ਨਾਜਾਇਜ਼ ਤੌਰ ’ਤੇ ਕਢਵਾਏ ਗਏ ਹਨ। ਇਸ ਤੋਂ ਇਲਾਵਾ, ਯੋਜਨਾ ਦੀ ਅਗਲੀ ਕਿੱਸ ਜਾਰੀ ਕਰਨ ਬਦਲੇ ਸੁਰਜੀਤ ਸਿੰਘ ਤੋਂ 3,000 ਰੁਪਏ ਰਿਸ਼ਵਤ ਵਜੋਂ ਵਸੂਲੇ ਗਏ ਹਨ।
ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਭ੍ਰਿਸ਼ਟਾਚਾਰ ਦੀ ਖ਼ਬਰ ਪਹਿਲਾਂ ਹੀ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਚੁੱਕੀ ਹੈ। ਉਨ੍ਹਾਂ ਨੇ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ, ਵਾਂਝੇ ਰਹਿ ਗਏ ਗ਼ਰੀਬਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਅਤੇ ਸਰਪੰਚ ਤੇ ਉਸ ਦੇ ਪਤੀ ਖ਼ਿਲਾਫ਼ ਤੁਰੰਤ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਸਰਪੰਚ ਦੇ ਅਹੁਦੇ ਤੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ।
- Download Babushahi App
-
-