ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਲਾਇਆ; ਵੋਟਰਾਂ ਨੂੰ ਸਹੁੰ ਚੁਕਵਾ ਕੇ ਵੋਟਾਂ ਮੰਗਣ ਦਾ ਦੋਸ਼
ਅਸ਼ੋਕ ਵਰਮਾ
ਬਠਿੰਡਾ, 05 ਅਕਤੂਬਰ 2026। ਆਮ ਆਦਮੀ ਪਾਰਟੀ ਵੱਲੋਂ ਲੋਕਾਂ ਦੇ ਘਰ-ਘਰ ਜਾ ਕੇ ਪੈਂਫਲੈਟ ਵੰਡਣ ਅਤੇ ‘ਆਪ’ ਪ੍ਰਤੀ ਵਫ਼ਾਦਾਰ ਰਹਿਣ ਦੀ ਸਹੁੰ ਚੁਕਵਾਉਣ ਦੇ ਕਥਿਤ ਮਾਮਲੇ ਨੂੰ ਲੈ ਕੇ ਭਾਜਪਾ ਨੇ ਸਖ਼ਤ ਵਿਰੋਧ ਜਤਾਇਆ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਦੋਸ਼ ਲਗਾਇਆ ਕਿ ਪੰਜਾਬ ਦੀ ਰਾਜਨੀਤੀ ਵਿੱਚ ਸ਼ਾਇਦ ਪਹਿਲੀ ਵਾਰ ਅਜਿਹਾ ਦੇਖਣ ਨੂੰ ਮਿਲ ਰਿਹਾ ਹੈ ਕਿ ਵੋਟਰਾਂ ਨੂੰ ਸਹੁੰ ਚੁਕਵਾ ਕੇ ਸਿਆਸੀ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਨੂੰ ਲੋਕਤੰਤਰਿਕ ਪ੍ਰਣਾਲੀ ਅਤੇ ਵੋਟਰ ਦੀ ਆਜ਼ਾਦ ਇੱਛਾ ਦੇ ਵਿਰੁੱਧ ਦੱਸਿਆ।
ਸਿੰਗਲਾ ਨੇ ਕਿਹਾ ਕਿ ਲੋਕਤੰਤਰ ਵਿੱਚ ਹਰ ਵੋਟਰ ਨੂੰ ਆਪਣੀ ਪਸੰਦ ਦੇ ਉਮੀਦਵਾਰ ਅਤੇ ਸਿਆਸੀ ਪਾਰਟੀ ਨੂੰ ਵੋਟ ਪਾਉਣ ਦੀ ਪੂਰੀ ਆਜ਼ਾਦੀ ਹੈ।
ਉਨ੍ਹਾਂ ਕਿਹਾ ਕਿ ਵੋਟਰ ਕਿਸੇ ਵੀ ਸਿਆਸੀ ਦਬਾਅ, ਡਰ ਜਾਂ ਪ੍ਰਭਾਵ ਤੋਂ ਬਿਨਾਂ ਆਪਣੀ ਸਮਝ ਅਤੇ ਵਿਵੇਕ ਦੇ ਆਧਾਰ ’ਤੇ ਵੋਟ ਪਾਉਂਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਲੋਕਾਂ ਨੂੰ ਪੈਂਫਲੈਟ ਦੇਣ ਦੇ ਨਾਲ ਪਾਰਟੀ ਪ੍ਰਤੀ ਵਫ਼ਾਦਾਰ ਰਹਿਣ ਦੀ ਸਹੁੰ ਚੁਕਵਾਉਣਾ ਵੋਟਰਾਂ ’ਤੇ ਮਨੋਵਿਗਿਆਨਕ ਦਬਾਅ ਬਣਾਉਣ ਦੀ ਕੋਸ਼ਿਸ਼ ਹੈ।ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਨੂੰ ਲੋਕਾਂ ਵਿਚ ਜਾ ਕੇ ਆਪਣੇ ਕੰਮ, ਨੀਤੀਆਂ ਅਤੇ ਭਵਿੱਖ ਦੇ ਏਜੰਡੇ ਬਾਰੇ ਦੱਸਣਾ ਚਾਹੀਦਾ ਹੈ। ਲੋਕਾਂ ਤੋਂ ਵੋਟ ਮੰਗਣਾ ਲੋਕਤੰਤਰਿਕ ਪ੍ਰਕਿਰਿਆ ਦਾ ਹਿੱਸਾ ਹੈ, ਪਰ ਵੋਟਰਾਂ ਨੂੰ ਕਿਸੇ ਪਾਰਟੀ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁਕਵਾਉਣਾ ਲੋਕਤੰਤਰਿਕ ਮਰਿਆਦਾਵਾਂ ’ਤੇ ਸਵਾਲ ਖੜ੍ਹੇ ਕਰਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜਾਗਰੂਕ ਹਨ ਅਤੇ ਉਹ ਆਪਣੇ ਵੋਟ ਦਾ ਇਸਤੇਮਾਲ ਆਪਣੀ ਇੱਛਾ ਅਤੇ ਵਿਵੇਕ ਅਨੁਸਾਰ ਕਰਦੇ ਹਨ। ਕਿਸੇ ਵੀ ਪਾਰਟੀ ਨੂੰ ਇਹ ਹੱਕ ਨਹੀਂ ਕਿ ਉਹ ਵੋਟਰ ਨੂੰ ਇਹ ਮਹਿਸੂਸ ਕਰਵਾਏ ਕਿ ਉਸ ਨੂੰ ਕਿਸੇ ਖ਼ਾਸ ਪਾਰਟੀ ਪ੍ਰਤੀ ਵਫ਼ਾਦਾਰੀ ਨਿਭਾਉਣੀ ਹੀ ਪਵੇਗੀ। ਉਨ੍ਹਾਂ ਕਿਹਾ ਕਿ ਵੋਟਰ ਕਿਸੇ ਸਿਆਸੀ ਪਾਰਟੀ ਦਾ ਸਥਾਈ ਸਮਰਥਕ ਨਹੀਂ ਹੁੰਦਾ, ਸਗੋਂ ਉਹ ਆਪਣੇ ਇਲਾਕੇ ਅਤੇ ਸੂਬੇ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਫ਼ੈਸਲਾ ਕਰਨ ਲਈ ਆਜ਼ਾਦ ਹੁੰਦਾ ਹੈ।ਸਿੰਗਲਾ ਨੇ ਆਮ ਆਦਮੀ ਪਾਰਟੀ ਤੋਂ ਸਵਾਲ ਕੀਤਾ ਕਿ ਜੇਕਰ ਸਰਕਾਰ ਅਤੇ ਪਾਰਟੀ ਨੂੰ ਆਪਣੇ ਕੰਮ ’ਤੇ ਭਰੋਸਾ ਹੈ ਤਾਂ ਲੋਕਾਂ ਨੂੰ ਸਹੁੰ ਚੁਕਵਾਉਣ ਦੀ ਲੋੜ ਕਿਉਂ ਪੈ ਰਹੀ ਹੈ। ਉਨ੍ਹਾਂ ਚੋਣ ਕਮਿਸ਼ਨ ਅਤੇ ਸਬੰਧਤ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਵੋਟਰਾਂ ’ਤੇ ਕਿਸੇ ਕਿਸਮ ਦਾ ਦਬਾਅ ਪਾਉਣ ਜਾਂ ਉਨ੍ਹਾਂ ਨੂੰ ਕਿਸੇ ਸਿਆਸੀ ਪਾਰਟੀ ਦੇ ਸਮਰਥਨ ਲਈ ਪ੍ਰਭਾਵਿਤ ਕਰਨ ਦੀ ਸ਼ਿਕਾਇਤ ਸਾਹਮਣੇ ਆਉਂਦੀ ਹੈ ਤਾਂ ਇਸ ਦੀ ਨਿਰਪੱਖ ਜਾਂਚ ਕੀਤੀ ਜਾਵੇ।
- Download Babushahi App
-
-