ਲੋਕ ਮੋਰਚਾ ਪੰਜਾਬ ਵੱਲੋਂ ਪਾਸ਼ ਯਾਦਗਾਰ ਮਾਮਲੇ 'ਤੇ ਸਰਪੰਚ ਦੀ ਗੁੰਡਾਗਰਦੀ ਖਿਲਾਫ ਡਟਣ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ, 05 ਅਕਤੂਬਰ 2026 : ਲੋਕ ਮੋਰਚਾ ਪੰਜਾਬ ਨੇ ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਹਾੜੇ 'ਤੇ ਕੀਤੇ ਜਾਣ ਵਾਲੇ ਸਮਾਗਮ ਦੀਆਂ ਤਿਆਰੀਆਂ ਕਰ ਰਹੇ ਆਗੂਆਂ ਤੇ ਵਰਕਰਾਂ ਉੱਤੇ ਪਿੰਡ ਤਲਵੰਡੀ ਸਲੇਮ ਦੇ ਸਰਪੰਚ ਵੱਲੋਂ ਕੀਤੀ ਗੁੰਡਾਗਰਦੀ ਤੇ ਜਾਤੀ ਸੂਚਕ ਗਾਲ਼ਾਂ ਕੱਢਣ ਖਿਲਾਫ਼ ਰੋਸ ਪ੍ਰਗਟਾਉਂਦਿਆਂ ਮੇਹਨਤੀ ਕਮਾਊ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਬੁੱਧੀਜੀਵੀਆਂ, ਸਾਹਿਤਕ, ਤਰਕਸ਼ੀਲ ਤੇ ਜਮਹੂਰੀ ਜਥੇਬੰਦੀਆਂ ਵੱਲੋਂ ਐਲਾਨੇ ਸੰਘਰਸ਼ ਪ੍ਰੋਗਰਾਮ 9 ਅਕਤੂਬਰ ਨੂੰ ਨਕੋਦਰ,14 ਅਕਤੂਬਰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਰਿਹਾਇਸ਼ ਅੱਗੇ ਉਹਨਾਂ ਦੇ ਪਿੰਡ ਸੰਧਵਾਂ ( ਕੋਟਕਪੂਰਾ) ਅਤੇ 15 ਅਕਤੂਬਰ ਨੂੰ 11 ਵਜੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਅੱਗੇ ਹੋ ਰਹੇ ਰੋਸ ਵਿਖਾਵਿਆਂ ਵਿੱਚ ਸ਼ਾਮਲ ਹੋਣ। ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿਚ ਮੋਰਚੇ ਦੇ ਸੂਬਾ ਸਕੱਤਰ ਜਗਮੇਲ ਸਿੰਘ ਤੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਸਰਪੰਚ ਦੀ ਗੁੰਡਾਗਰਦੀ ਸਰਕਾਰ ਦੇ ਥਾਪੜੇ ਤੋਂ ਬਗੈਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਨਕਲਾਬ ਦੇ ਝੂਠੇ ਨਾਹਰੇ ਲਾ ਕੇ ਪੰਜਾਬ ਦੀ ਵਜ਼ਾਰਤੀ ਗੱਦੀ ਮੱਲਣ ਵਾਲੀ ਆਪ ਪਾਰਟੀ ਸਰਕਾਰ ਨੇ ਇਨਕਲਾਬੀ ਕਵੀ ਪਾਸ਼ ਦੀ ਯਾਦ ਵਿੱਚ ਤਿੰਨ ਦਹਾਕੇ ਪਹਿਲਾਂ ਬਣੀ ਯਾਦਗਾਰ ਦਾ ਗੇਟ ਤੋੜਨ ਵਾਲੇ ਸਰਪੰਚ ਦੀ ਪਿੱਠ ਥਾਪੜ ਕੇ ਉਸਨੂੰ ਗੁੰਡਾਗਰਦੀ ਲਈ ਉਕਸਾਇਆ ਹੈ।ਸਰਕਾਰ ਦੀ ਸ਼ਹਿ 'ਤੇ ਨੰਗੀ ਚਿੱਟੀ ਬਦਮਾਸ਼ੀ ਉੱਤੇ ਉੱਤਰਿਆ ਸਰਪੰਚ ਆਪਣੇ ਲੱਠਮਾਰਾਂ ਨੂੰ ਲੈ ਕੇ ਆਗੂਆਂ ਤੇ ਵਰਕਰਾਂ ਉੱਤੇ ਹਮਲਾ ਕਰਨ ਅਤੇ ਆਗੂਆਂ ਨੂੰ ਜਾਤੀ ਸੂਚਕ ਗਾਲ਼ਾਂ ਕੱਢਣ ਤੱਕ ਗਿਆ ਹੈ। ਸਰਕਾਰ ਉਸ ਖਿਲਾਫ਼ ਐਫ ਆਈ ਆਰ ਦਰਜ ਵੀ ਨਹੀਂ ਹੋਣ ਦੇ ਰਹੀ।ਇਨਕਲਾਬੀ ਕਵੀ ਪਾਸ਼ ਦੀ ਯਾਦਗਾਰ ਮੇਹਨਤੀ ਕਮਾਊ ਲੋਕਾਂ ਲਈ ਇਨਕਲਾਬ ਦੀ ਲੋੜ ਉਭਾਰਦੇ, ਇਨਕਲਾਬ ਨਾਲ ਸੋਨੇ ਦੀ ਸਵੇਰ ਆਉਣ ਦੇ ਤੇ ਮੌਜੂਦਾ ਰਾਜ ਦੇ ਜਾਬਰ ਤੇ ਲੋਕ ਦੋਖੀ ਕਿਰਦਾਰ 'ਤੇ ਤਿੱਖੇ ਕਟਾਖਸ਼ ਭਰੀਆਂ ਕਵਿਤਾਵਾਂ ਤੇ ਗੀਤਾਂ ਦਾ ਰਚੇਤਾ ਹੈ। ਮੇਹਨਤੀ ਕਮਾਊ ਲੋਕ ਤੇ ਪਾਸ਼ ਦੇ ਵਾਰਸ ਉਸ ਦੀ ਵਿਰਾਸਤ ਦੀ ਰਾਖੀ ਲਈ ਡਟੇ ਹੋਏ ਹਨ। ਮੋਰਚੇ ਦੇ ਬੁਲਾਰਿਆਂ ਨੇ ਕਿਹਾ ਕਿ ਉਹ ਜਥੇਬੰਦੀਆਂ ਵੱਲੋਂ ਕੀਤੀਆਂ ਜਾ ਰਹੀਆਂ ਮੰਗਾਂ, ਸਰਪੰਚ 'ਤੇ ਪੁਲਸ ਪਰਚਾ ਕਰਕੇ ਗ੍ਰਿਫਤਾਰ ਕੀਤਾ ਜਾਵੇ, ਯਾਦਗਾਰ ਨੂੰ ਪ੍ਰਵਾਨਗੀ ਦਿੱਤੀ ਜਾਵੇ।
- Download Babushahi App
-
-