ਡੇਰਾ ਸਿਰਸਾ ਪੈਰੋਕਾਰਾਂ ਨੇ ਮੁਕਾਇਆ ਵਿਧਵਾ ਔਰਤ ਦੀ ਛੱਤ ਚਿਉਣ ਦਾ ਫਿਕਰ
ਅਸ਼ੋਕ ਵਰਮਾ
ਬਠਿੰਡਾ, 05 ਅਕਤੂਬਰ 2025: ਡੇਰਾ ਸੱਚਾ ਸੌਦਾ ਦੇ ਬਠਿੰਡਾ ਵਾਸੀ ਪੈਰੋਕਾਰਾਂ ਵੱੱਲੋਂ ਸ਼ਹਿਰ ਦੀ ਨਵੀਂ ਬਸਤੀ ਦੇ ਇਲਾਕੇ ਅਹਾਤਾ ਨਿਆਜ਼ ਮੁਹੰਮਦ ਵਿਖੇ ਇੱਕ ਜਰੂਰਤਮੰਦ ਪਰਿਵਾਰ ਦੇ ਘਰ ਦੀ ਛੱਤ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਨਾਂ ਕੇਵਲ ਪ੍ਰੀਵਾਰ ਦੇ ਚਿਰਾਂ ਤੋਂ ਅਧੂਰੇ ਪਏ ਸੁਪਨੇ ਨੂੰ ਪੂਰਾ ਕੀਤਾ ਬਲਕਿ ਬਾਰਸ਼ਾਂ ਦੌਰਾਨ ਅਕਸਰ ਚੋਣ ਲੱਗਦੀ ਛੱਤ ਦਾ ਧੁੜਕੂ ਵੀ ਮਿਟਾ ਦਿੱਤਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਸਥਾਨਕ ਡੇਰਾ ਆਗੂ ਰਾਜ ਕੁਮਾਰ ਇੰਸਾਂ ਨੇ ਦੱਸਿਆ ਕਿ ਅਮਰੀਕ ਰੋਡ ਤੇ ਗਲੀ ਨੰ.4, ਅਹਾਤਾ ਨਿਆਜ਼ ਮੁਹੰਮਦ ਦੀ ਵਾਸੀ ਵੀਨਾ ਰਾਣੀ ਪਤਨੀ ਸਵ. ਗੋਪੀ ਰਾਮ ਆਪਣੇ ਘਰ ਦਾ ਗੁਜਾਰਾ ਬੜੀ ਮੁਸ਼ਕਿਲ ਨਾਲ ਚਲਾਉਂਦੀ ਹੈ ਜਿਸ ਦੇ ਪਤੀ ਦੀ ਲਗਭਗ 10 ਸਾਲ ਪਹਿਲਾਂ ਮੌਤ ਹੋ ਗਈ ਸੀ। ਉਹ ਆਪਣੀ ਵਿਧਵਾ ਨੂੰਹ, ਪੋਤੀ ਅਤੇ ਦੋਹਤੀ ਨਾਲ ਲਗਭਗ 60 ਸਾਲ ਪੁਰਾਣੇ ਖਸਤਾ ਹਾਲ ਛੱਤ ਵਾਲੇ ਮਕਾਨ ’ਚ ਬਹੁਤ ਹੀ ਤਰਸਯੋਗ ਹਾਲਤ ਵਿਚ ਰਹਿ ਰਹੀ ਸੀ ਜਿਸ ਦੀ ਛੱਤ ਅਕਸਰ ਬਰਸਾਤਾਂ ਵਿੱਚ ਚਿਉਣ ਲੱਗ ਜਾਂਦੀ ਸੀ। ਇਸੇ ਦੌਰਾਨ ਕਰੀਬ 3 ਮਹੀਨੇ ਪਹਿਲਾਂ ਬਰਸਾਤ ਦੇ ਦਿਨਾਂ ’ਚ ਬੱਲੀ ਟੁੱਟਣ ਨਾਲ ਕੱਚੀ ਛੱਤ ਡਿੱਗ ਗਈ ਅਤੇ ਘਰ ਵਿਚ ਪਿਆ ਸਾਰਾ ਸਮਾਨ ਵੀ ਖਰਾਬ ਹੋ ਗਿਆ ਸੀ।
ਡੇਰਾ ਸਿਰਸਾ ਦੇ ਆਗੂ ਪ੍ਰਬੰਧਕਾਂ ਗੁਰਮੇਲ ਸਿੰਘ ਇੰਸਾਂ, ਰਣਜੀਤ ਸਿੰਘ ਇੰਸਾਂ ਅਤੇ ਜਸਵਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਪਰਿਵਾਰ ਨੇ ਡੇਰਾ ਸੱਚਾ ਸੌਦਾ ਦੀ ਹੈਲਪਲਾਈਨ ਤੇ ਆਪਣੇ ਘਰ ਦੀ ਮੁਰੰਮਤ ਅਤੇ ਛੱਤ ਬਦਲਣ ਲਈ ਅਪੀਲ ਕੀਤੀ ਸੀ ਜਿਸ ਨੂੰ ਪ੍ਰਵਾਨ ਕਰਦਿਆਂ ਸ਼ਹਿਰ ਦੀ ਸਾਧ ਸੰਗਤ ਨੇ ਮਿਲਕੇ ਪਰਿਵਾਰ ਦੀ ਮੱਦਦ ਵਜੋਂ ਛੱਤ ਪਾਈ ਹੈ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੇ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਇਸ। ਮੌਕੇ ਸੱਚੇ ਡੇਰਾ ਆਗੂ ਪ੍ਰਬੰਧਕ ਗੁਰਦੇਵ ਸਿੰਘ ਇੰਸਾਂ, ਨਵੀਂ ਬਸਤੀ ਦੇ ਸੇਵਾਦਾਰ ਬਲਵੰਤ ਰਾਏ ਇੰਸਾਂ, ਸੱਤ ਨਰੈਣ ਇੰਸਾਂ, ਮਨੋਜ ਇੰਸਾਂ, ਕੁਲਦੀਪ ਇੰਸਾਂ, ਭੂਸ਼ਨ ਬਾਂਸਲ ਇੰਸਾਂ, ਜਤਿਨ ਇੰਸਾਂ, ਯਸ਼ ਇੰਸਾਂ, ਸੱਚੀ ਸੀਨੀਅਰ ਪ੍ਰੇਮੀ ਸੰਮਤੀ ਸੇਵਾਦਾਰ ਭੂਸ਼ਨ ਇੰਸਾਂ, ਬਾਬੂ ਰਾਮ ਇੰਸਾਂ, ਜੋਗਿੰਦਰ ਸੋਨੀ ਇੰਸਾਂ, ਮਹਿੰਦਰ ਇੰਸਾਂ ਅਤੇ ਬਠਿੰਡਾ ਦੇ ਸ਼ਰਧਾਲੂਆਂ ਨੇ ਸੇਵਾ ’ਚ ਯੋਗਦਾਨ ਪਾਇਆ ਹੈ।
- Download Babushahi App
-
-