ਪੰਜਾਬ ਵਿੱਚ ਵਿਗੜ ਰਹੀ ਕਾਨੂੰਨ-ਵਿਵਸਥਾ ’ਤੇ ਅਵਿਨਾਸ਼ ਰਾਏ ਖੰਨਾ ਨੇ ‘ਆਪ’ ਸਰਕਾਰ ਨੂੰ ਘੇਰਿਆ
“ਜਦੋਂ ਪੁਲਿਸ ਮੁਲਾਜ਼ਮ ਵੀ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਦੀ ਸੁਰੱਖਿਆ ਦੀ ਗਾਰੰਟੀ ਕੌਣ ਦੇਵੇਗਾ?”
ਚੰਡੀਗੜ੍ਹ, 5 ਅਕਤੂਬਰ- ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਪੰਜਾਬ ਵਿੱਚ ਸਾਹਮਣੇ ਆ ਰਹੀਆਂ ਗੋਲੀਬਾਰੀ, ਫਿਰੌਤੀ ਅਤੇ ਝਪਟਮਾਰੀ ਦੀਆਂ ਘਟਨਾਵਾਂ ਦੀ ਸਖ਼ਤ ਨਿਖੇਧੀ ਕਰਦਿਆਂ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੀ ਕਾਨੂੰਨ-ਵਿਵਸਥਾ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਡਿਊਟੀ ਤੋਂ ਘਰ ਪਰਤ ਰਹੇ ਜੀਆਰਪੀ ਦੇ ਏਐਸਆਈ ਸੁਖਚੈਨ ਸਿੰਘ ’ਤੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਵੱਲੋਂ ਗੋਲੀ ਚਲਾਉਣ ਦੀ ਘਟਨਾ ਨੇ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ‘ਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਕੀਤੇ ਹਨ। ਸ਼੍ਰੀ ਗੋਇੰਦਵਾਲ ਸਾਹਿਬ ਦੇ ਇਕ ਕਾਰੋਬਾਰੀ ਤੋਂ 1 ਕਰੋੜ ਰੁਪਏ ਦੀ ਕਥਿਤ ਫਿਰੌਤੀ ਮੰਗਣ ਅਤੇ ਇਨਕਾਰ ਕਰਨ ਤੋਂ ਬਾਅਦ ਉਸ ਦੇ ਘਰ ਦੇ ਬਾਹਰ ਗੋਲੀਬਾਰੀ ਦਾ ਮਾਮਲਾ ਵੀ ਗੰਭੀਰ ਹੈ।ਇਸ ਤੋਂ ਇਲਾਵਾ, ਖਰੜ ਇਲਾਕੇ ਵਿੱਚ ਮਹਿਲਾ ਨਾਲ ਝਪਟਮਾਰੀ ਦੀਆਂ ਘਟਨਾਵਾਂ ਵੀ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾਉਂਦੀਆਂ ਹਨ।
ਖੰਨਾ ਨੇ ਕਿਹਾ ਕਿ ਪੰਜਾਬ ਵਿੱਚ ਅਪਰਾਧੀਆਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਡਿਊਟੀ ਤੋਂ ਘਰ ਪਰਤ ਰਿਹਾ ਪੁਲਿਸ ਮੁਲਾਜ਼ਮ ਵੀ ਹਮਲਾਵਰਾਂ ਦੇ ਨਿਸ਼ਾਨੇ ’ਤੇ ਆ ਰਿਹਾ ਹੈ। ਫਿਰੌਤੀ ਮੰਗਣ ਵਾਲੇ ਬੇਖ਼ੌਫ਼ ਹੋ ਕੇ ਘਰਾਂ ਦੇ ਬਾਹਰ ਗੋਲੀਆਂ ਚਲਾ ਰਹੇ ਹਨ ਅਤੇ ਆਮ ਲੋਕਾਂ ਨਾਲ ਝਪਟਮਾਰੀ ਤੇ ਹਿੰਸਾ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਹ ਸਥਿਤੀ ਸਰਕਾਰ ਦੀ ਕਾਨੂੰਨ-ਵਿਵਸਥਾ ਸਬੰਧੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦੀ ਹੈ।
ਖੰਨਾ ਨੇ ‘ਆਪ’ ਸਰਕਾਰ ਤੋਂ ਪੁੱਛਿਆ ਕਿ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣ ਦੀ ਸਰਕਾਰ ਦੀ ਜ਼ਿੰਮੇਵਾਰੀ ਆਖ਼ਰ ਕੌਣ ਨਿਭਾਏਗਾ? ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਨ੍ਹਾਂ ਘਟਨਾਵਾਂ ਦੀ ਨਿਰਪੱਖ ਜਾਂਚ ਕਰਵਾਏ, ਦੋਸ਼ੀਆਂ ਨੂੰ ਜਲਦ ਕਾਬੂ ਕਰੇ ਅਤੇ ਪੀੜਤਾਂ ਨੂੰ ਇਨਸਾਫ਼ ਯਕੀਨੀ ਬਣਾਏ।
ਖੰਨਾ ਨੇ ਕਿਹਾ ਕਿ ਪੰਜਾਬ ਦੇ ਲੋਕ ਸਰਕਾਰ ਤੋਂ ਬਿਆਨ ਨਹੀਂ, ਸੁਰੱਖਿਆ ਅਤੇ ਨਤੀਜੇ ਮੰਗ ਰਹੇ ਹਨ। ‘ਆਪ’ ਸਰਕਾਰ ਨੂੰ ਦੱਸਣਾ ਹੋਵੇਗਾ ਕਿ ਕਾਨੂੰਨ-ਵਿਵਸਥਾ ਨੂੰ ਲੈ ਕੇ ਉਸ ਦੀ ਅਸਲ ਕਾਰਵਾਈ ਕੀ ਹੈ ਅਤੇ ਆਮ ਨਾਗਰਿਕ ਕਦੋਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇਗਾ।
- Download Babushahi App
-
-