ਸਿਹਤ ਵਿਭਾਗ ਨੇ ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ ਕੁਸ਼ਟ ਆਸ਼ਰਮ ਵਿਖੇ ਕੀਤੀ ਕੁਸ਼ਟਾਂ ਦੀ ਜਾਂਚ
ਅਸ਼ੋਕ ਵਰਮਾ
ਬਠਿੰਡਾ, 3 ਅਕਤੂਬਰ 2026 :ਸਿਵਲ ਸਰਜਨ ਬਠਿੰਡਾ ਡਾਕਟਰ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਲਪਰੋਸੀ ਅਫ਼ਸਰ ਡਾਕਟਰ ਸੀਮਾ ਗੁਪਤਾ ਦੀ ਅਗਵਾਈ ਹੇਠ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਅਤੇ ਰਾਸ਼ਟਰੀ ਸਵੱਛਤਾ ਦਿਵਸ ਮੌਕੇ ਸਿਹਤ ਵਿਭਾਗ ਬਠਿੰਡਾ ਵੱਲੋਂ ਕੁਸ਼ਟ ਆਸ਼ਰਮ ਵਿਖੇ ਵਿਸ਼ੇਸ਼ ਸਿਹਤ ਜਾਂਚ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਆਸ਼ਰਮ ਵਿੱਚ ਰਹਿ ਰਹੇ ਵਿਅਕਤੀਆਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਸਿਹਤ ਸਬੰਧੀ ਜ਼ਰੂਰੀ ਸੇਵਾਵਾਂ ਅਤੇ ਜਾਣਕਾਰੀ ਮੁਹੱਈਆ ਕਰਵਾਈ ਗਈ। ਸਿਵਲ ਸਰਜਨ ਬਠਿੰਡਾ ਡਾਕਟਰ ਤਪਿੰਦਰਜੋਤ ਨੇ ਦੱਸਿਆ ਕਿ ਸਿਹਤ ਟੀਮ ਵੱਲੋਂ ਆਸ਼ਰਮ ਵਿਚ ਰਹਿ ਰਹੇ ਮਰੀਜਾ ਨੂੰ ਫੂਟਵੇਅਰ, ਦਸਤਾਨੇ ਅਤੇ ਦਵਾਈਆਂ ਵੰਡੀਆਂ ਗਈਆਂ। ਅਤੇ ਗੰਭੀਰ ਜਾਂਚ ਦੀ ਲੋੜ ਵਾਲੇ ਵਿਅਕਤੀਆਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਅਗਲੇਰੇ ਇਲਾਜ ਲਈ ਸਲਾਹ ਦਿੱਤੀ ਗਈ।
ਡਾਕਟਰ ਸੀਮਾ ਗੁਪਤਾ ਨੇ ਕਿਹਾ ਕਿ ਕੁਸ਼ਟ ਰੋਗ ਨਾਲ ਪੀੜਤ ਵਿਅਕਤੀਆਂ ਪ੍ਰਤੀ ਸਮਾਜ ਵਿੱਚ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਹੋਣਾ ਚਾਹੀਦਾ। ਕੁਸ਼ਟ ਰੋਗ ਇੱਕ ਇਲਾਜਯੋਗ ਬਿਮਾਰੀ ਹੈ ਅਤੇ ਸਮੇਂ ਸਿਰ ਜਾਂਚ ਤੇ ਪੂਰਾ ਇਲਾਜ ਕਰਵਾਉਣ ਨਾਲ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਵਿਅਕਤੀ ਵਿੱਚ ਕੁਸ਼ਟ ਰੋਗ ਦੇ ਲੱਛਣ ਨਜ਼ਰ ਆਉਣ ’ਤੇ ਉਸ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਨੇੜਲੀ ਸਰਕਾਰੀ ਸਿਹਤ ਸੰਸਥਾ ਵਿਖੇ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ। ਉਹਨਾਂ ਕਿਹਾ ਕਿ ਮਹਾਤਮਾ ਗਾਂਧੀ ਜੀ ਨੇ ਸਵੱਛਤਾ, ਸੇਵਾ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਨੂੰ ਵਿਸ਼ੇਸ਼ ਮਹੱਤਵ ਦਿੱਤਾ ਸੀ। ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰੇਰਣਾ ਲੈਂਦਿਆਂ ਸਿਹਤ ਵਿਭਾਗ ਵੱਲੋਂ ਹਰ ਵਰਗ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਕੈਂਪ ਦੌਰਾਨ ਅਜੈਬ ਸਿੰਘ ਤੋਂ ਇਲਾਵਾ ਆਸ਼ਰਮ ਦੇ ਪ੍ਰਬੰਧਕ ਅਤੇ ਹੋਰ ਸਟਾਫ਼ ਵੀ ਮੌਜੂਦ ਸੀ।
- Download Babushahi App
-
-