ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ: ਦੋ ਦੇਸੀ ਪਿਸਟਲਾਂ ਸਮੇਤ ਨੌਜਵਾਨ ਗ੍ਰਿਫ਼ਤਾਰ
ਸੁਖਮਿੰਦਰ ਭੰਗੂ
ਲੁਧਿਆਣਾ, 29 ਸਤੰਬਰ 2026- ਗੈਂਗਸਟਰਾਂ ਅਤੇ ਅਪਰਾਧਿਕ ਤੱਤਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਲੁਧਿਆਣਾ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 2 ਦੇਸੀ ਪਿਸਟਲ .32 ਬੋਰ, 5 ਜਿੰਦਾ ਰੌਂਦ ਅਤੇ ਇੱਕ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ ਇਸ ਕਾਰਵਾਈ ਦੀ ਨਿਗਰਾਨੀ ਡੀ.ਸੀ.ਪੀ. ਦਿਹਾਤੀ ਗੁਰਸੇਵਕ ਸਿੰਘ ਬਰਾੜ, ਏ.ਡੀ.ਸੀ.ਪੀ. ਜੋਨ-2 ਕਰਨਵੀਰ ਸਿੰਘ ਅਤੇ ਏ.ਸੀ.ਪੀ. ਇੰਡਸਟਰੀਅਲ ਏਰੀਆ-ਬੀ ਅਨੁਭਵ ਜੈਨ ਵੱਲੋਂ ਕੀਤੀ ਗਈ।
ਥਾਣਾ ਸ਼ਿਮਲਾਪੁਰੀ ਦੇ ਮੁੱਖ ਅਫ਼ਸਰ ਐਸ.ਆਈ. ਬਲਬੀਰ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ. ਅਵਤਾਰ ਸਿੰਘ, ਇੰਚਾਰਜ ਪੁਲਿਸ ਚੌਕੀ ਬਸੰਤ ਪਾਰਕ ਅਤੇ ਪੁਲਿਸ ਟੀਮ ਨੇ ਕਵਾਲਟੀ ਚੌਂਕ ਵਿਖੇ ਕਾਰਵਾਈ ਕਰਦਿਆਂ ਯੋਗੇਸ਼ ਰਾਵਤ ਉਰਫ਼ ਰੋਹਨ ਪੁੱਤਰ ਪਸੂਰਾਮ ਨੂੰ ਕਾਬੂ ਕੀਤਾ।
ਪੁਲਿਸ ਮੁਤਾਬਕ ਉਸ ਕੋਲੋਂ ਇੱਕ ਦੇਸੀ ਪਿਸਟਲ .32 ਬੋਰ ਅਤੇ 3 ਜਿੰਦਾ ਰੌਂਦ ਬਰਾਮਦ ਹੋਏ। ਮੁਲਜ਼ਮ ਡਾਬਾ ਇਲਾਕੇ ਦਾ ਰਹਿਣ ਵਾਲਾ ਦੱਸਿਆ ਗਿਆ ਹੈ।
ਪੁਲਿਸ ਅਨੁਸਾਰ ਇਸੇ ਕਾਰਵਾਈ ਦੌਰਾਨ ਦਰਜ ਇੱਕ ਹੋਰ ਮਾਮਲੇ ਵਿੱਚ ਇੱਕ ਦੇਸੀ ਪਿਸਟਲ .32 ਬੋਰ ਅਤੇ 2 ਜਿੰਦਾ ਰੌਂਦ ਵੀ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਥਾਣਾ ਸ਼ਿਮਲਾਪੁਰੀ ਵਿੱਚ ਬੀ.ਐਨ.ਐਸ. ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਮੁਲਜ਼ਮ ਖ਼ਿਲਾਫ਼ ਮੁਕੱਦਮਾ ਨੰਬਰ 190, ਮਿਤੀ 28 ਸਤੰਬਰ 2026 ਤਹਿਤ ਆਰਮਜ਼ ਐਕਟ ਦੀਆਂ ਧਾਰਾਵਾਂ ਵਿੱਚ ਕੇਸ ਦਰਜ ਕੀਤਾ ਗਿਆ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ। ਪੁਲਿਸ ਵੱਲੋਂ ਉਸ ਤੋਂ ਹਥਿਆਰਾਂ ਦੀ ਮੌਜੂਦਗੀ ਅਤੇ ਸੰਭਾਵਿਤ ਅਪਰਾਧਿਕ ਸਬੰਧਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਦੇ ਅਨੁਸਾਰ ਯੋਗੇਸ਼ ਰਾਵਤ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ 2 ਮਾਮਲੇ ਦਰਜ ਹਨ। ਪੁਲਿਸ ਹੁਣ ਉਸ ਦੇ ਪੁਰਾਣੇ ਅਪਰਾਧਿਕ ਰਿਕਾਰਡ ਅਤੇ ਬਰਾਮਦ ਹਥਿਆਰਾਂ ਦੇ ਸਰੋਤ ਦੀ ਜਾਂਚ ਕਰ ਰਹੀ ਹੈ।
- Download Babushahi App
-
-