ਪੰਜਾਬ 'ਚ ਭਾਜਪਾ ਦੀ ਸਰਕਾਰ ਬਣਨ ਦੇ 6 ਮਹੀਨਿਆਂ ਅੰਦਰ ਨਸ਼ਾ ਸਮੱਗਲਰਾਂ ਦੀਆਂ ਜਾਇਦਾਦਾਂ ਕੀਤੀਆਂ ਜਾਣਗੀਆਂ ਜ਼ਬਤ: ਸ਼ਿਵਰਾਜ ਚੌਹਾਨ ਦਾ ਵੱਡਾ ਬਿਆਨ
ਤਲਵੰਡੀ ਸਾਬੋ/ਬਠਿੰਡਾ 21 September 2026:
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਇਤਿਹਾਸਕ ਨਗਰ ਤਲਵੰਡੀ ਸਾਬੋ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਚੌਥੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਨੂੰ ਹਰੀ ਝੰਡੀ ਦਿਖਾ ਕੇ ਰਸਮੀ ਤੌਰ 'ਤੇ ਰਵਾਨਾ ਕੀਤਾ। ਇਸ ਵਿਸ਼ੇਸ਼ ਯਾਤਰਾ ਦਾ ਮੁੱਖ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣਾ ਅਤੇ ਸੂਬੇ ਵਿੱਚ ਫੈਲੇ ਨਸ਼ਾ ਤਸਕਰਾਂ ਦੇ ਜਾਲ ਨੂੰ ਖ਼ਤਮ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ।
ਯਾਤਰਾ ਦਾ ਆਗਾਜ਼ ਕਰਨ ਤੋਂ ਪਹਿਲਾਂ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਿੱਖਾਂ ਦੇ ਪਵਿੱਤਰ ਧਾਰਮਿਕ ਅਸਥਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਰਧਾ ਨਾਲ ਮੱਥਾ ਟੇਕਿਆ। ਉਨ੍ਹਾਂ ਗੁਰੂ ਘਰ ਵਿਖੇ ਸਰਬੱਤ ਦੇ ਭਲੇ ਅਤੇ ਪੰਜਾਬ ਦੀ ਖੁਸ਼ਹਾਲੀ, ਸ਼ਾਂਤੀ ਤੇ ਨਸ਼ਾ ਮੁਕਤੀ ਲਈ ਅਰਦਾਸ ਕੀਤੀ। ਇਸ ਤੋਂ ਬਾਅਦ ਤਲਵੰਡੀ ਸਾਬੋ ਦੀ ਦਾਣਾ ਮੰਡੀ ਵਿੱਚ ਇੱਕ ਭਾਰੀ ਜਨਸਭਾ ਅਤੇ ਰੈਲੀ ਦਾ ਆਯੋਜਨ ਕੀਤਾ ਗਿਆ, ਜਿੱਥੇ ਪਾਰਟੀ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ਼ਿਵਰਾਜ ਸਿੰਘ ਚੌਹਾਨ ਨੇ ਸੂਬੇ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖੇ ਹਮਲੇ ਕੀਤੇ।
ਜਨਸਭਾ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਐਲਾਨ ਕੀਤਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇੱਕ ਵਿਸ਼ੇਸ਼ ਅਤੇ ਸਿੱਧਾ ਸੁਨੇਹਾ ਲੈ ਕੇ ਪੰਜਾਬ ਦੀ ਧਰਤੀ 'ਤੇ ਆਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਵੱਡਾ ਐਲਾਨ ਕਰਦਿਆਂ ਕਿਹਾ ਕਿ ਜਿਵੇਂ ਹੀ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣੇਗੀ, ਉਸ ਤੋਂ ਬਾਅਦ ਮਾਤਰ ਛੇ ਮਹੀਨਿਆਂ ਦੇ ਅੰਦਰ-ਅੰਦਰ ਸੂਬੇ ਵਿੱਚੋਂ ਨਸ਼ਿਆਂ ਦੀ ਪੂਰੀ ਸਪਲਾਈ ਚੇਨ, ਇਸ ਦੇ ਗਠਜੋੜ ਤੇ ਨੈੱਟਵਰਕ ਨੂੰ ਤਬਾਹ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਨਸ਼ਾ ਤਸਕਰਾਂ ਵੱਲੋਂ ਨਸ਼ੇ ਦੀ ਕਮਾਈ ਨਾਲ ਬਣਾਈਆਂ ਗਈਆਂ ਗੈਰ-ਕਾਨੂੰਨੀ ਜਾਇਦਾਦਾਂ ਨੂੰ ਜ਼ਬਤ ਕਰਕੇ ਬੁਲਡੋਜ਼ਰ ਚਲਾਇਆ ਜਾਵੇਗਾ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਰੈਲੀ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਨੇ ਇਸ ਪ੍ਰੋਗਰਾਮ ਅਤੇ ਰੈਲੀ ਨੂੰ ਰੋਕਣ ਦੀ ਅਸਫਲ ਕੋਸ਼ਿਸ਼ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਚੌਹਾਨ ਨੇ ਕਿਹਾ, “ਮੈਂ ਪੰਜਾਬ ਦੀ ਧਰਤੀ ’ਤੇ ਵਾਰ-ਵਾਰ ਆਵਾਂਗਾ, ਜੇਕਰ ਮਾਨ ਸਰਕਾਰ 'ਚ ਹਿੰਮਤ ਹੈ ਤਾਂ ਮੈਨੂੰ ਰੋਕ ਕੇ ਦਿਖਾਏ।”
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਵਿਰਾਸਤ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਵੀਰਾਂ ਅਤੇ ਸ਼ਹੀਦਾਂ ਦੀ ਧਰਤੀ ਹੈ, ਪਰ ਅੱਜ ਇੱਥੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਛਿੱਕੇ ਟੰਗੀ ਜਾ ਚੁੱਕੀ ਹੈ। ਉਨ੍ਹਾਂ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ 18 ਤੋਂ 27 ਸਾਲ ਦੇ ਨੌਜਵਾਨ, ਜੋ ਦੇਸ਼ ਦਾ ਭਵਿੱਖ ਹਨ, ਨਸ਼ਿਆਂ ਦੀ ਬਲੀ ਚੜ੍ਹ ਰਹੇ ਹਨ ਅਤੇ ਅੱਜ ਸੂਬੇ ਵਿੱਚ ਪੁਲੀਸ ਅਧਿਕਾਰੀ ਵੀ ਸੁਰੱਖਿਅਤ ਨਹੀਂ ਹਨ। ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਕੇਵਲ ਵਾਅਦੇ ਨਹੀਂ ਕਰਦੀ, ਸਗੋਂ ਜੋ ਕਹਿੰਦੀ ਹੈ ਉਸ 'ਤੇ ਸਖ਼ਤ ਕਾਰਵਾਈ ਕਰਕੇ ਦਿਖਾਉਂਦੀ ਹੈ।
- Download Babushahi App
-
-