ਪਹਿਲੇ ਖੇਤੀ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ ਦੀ ਬਰਸੀ 11 ਅਕਤੂਬਰ ਨੂੰ ਮਨਾਉਣ ਦਾ ਫੈਸਲਾ
ਅਸ਼ੋਕ ਵਰਮਾ
ਬਠਿੰਡਾ, 21 ਸਤੰਬਰ 2026 : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਮਨਜੀਤ ਧਨੇਰ ਧੜੇ ਨੇ ਜਮੀਨ ਬਚਾਓ ਮੋਰਚੇ ਦੇ ਪਹਿਲੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ ਦੀ ਬਰਸੀ 11 ਅਕਤੂਬਰ ਨੂੰ ਪਿੰਡ ਚੱਕ ਵਾਲੀ ਸ਼ੇਰ ਵਿੱਚ ਵੱਡੇ ਪੱਧਰ ਤੇ ਮਨਾਉਣ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਆਬਾਦਕਾਰ ਕਿਸਾਨਾਂ ਤੋਂ ਉਨ੍ਹਾਂ ਦੀਆਂ ਜ਼ਮੀਨਾਂ ਦੇ ਮਾਲਕੀ ਹੱਕ ਅੱਜ ਵੀ ਪਹਿਲਾਂ ਵਾਂਗ ਖੋਹੇ ਜਾ ਰਹੇ ਹਨ। ਪਿੰਡ ਕੁੱਲਰੀਆਂ ਵਿਖੇ ਕਾਨੂੰਨੀ ਤੌਰ ਤੇ ਜ਼ਮੀਨ ਦੇ ਮਾਲਕ ਕਿਸਾਨ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਸਿਆਸੀ ਸ਼ਹਿ 'ਤੇ ਜ਼ਮੀਨ 'ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ ਦੀ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਜਮੀਨਾਂ ਦਾ ਮਾਲਕੀ ਹੱਕ ਕਦੇ ਵੀ ਨਹੀਂ ਛੱਡਿਆ ਜਾਵੇਗਾ।
ਸੂਬਾ ਜਥੇਬੰਦਕ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ, ਖਜ਼ਾਨਚੀ ਗੁਰਦੇਵ ਸਿੰਘ ਮਾਂਗੇਵਾਲ ਅਤੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਆਦਿ ਆਗੂਆਂ ਨੇ ਕਿਹਾ ਕਿ ਦਰਿਆਈ ਪਾਣੀਆਂ ਦਾ ਮਸਲਾ ਰਿਪੇਰੀਅਨ/ ਬੇਸਨ ਸਿਧਾਂਤ ਤੇ ਬਿਨਾਂ ਕਿਸੇ ਸਿਆਸੀ ਪੱਖਪਾਤ ਤੋਂ ਹੱਲ ਕੀਤਾ ਜਾਣਾ ਚਾਹੀਦਾ ਹੈ। ਕਿਸਾਨ ਆਗੂ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਲੱਗੇ ਹੋਏ ਮੋਰਚੇ ਦੌਰਾਨ ਪੰਜਾਬ ਸਰਕਾਰ ਨੇ ਜੋ ਸਹਿਮਤੀਆ ਕੀਤੀਆਂ ਸਨ, ਉਨ੍ਹਾਂ ਨੂੰ ਲਾਗੂ ਕਰਨ ਵੱਲ ਇੱਕ ਵੀ ਕਦਮ ਨਹੀਂ ਵਧਾਇਆ। ਆਗੂਆਂ ਨੇ ਕਿਹਾ ਕਿ ਨਾ ਤਾਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਬਾਰੇ ਕੋਈ ਸਰਗਰਮੀ ਨਜ਼ਰ ਆਈ ਹੈ ਅਤੇ ਨਾ ਹੀ ਸ਼ਹੀਦ ਕਿਸਾਨ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ ਦੇਣ ਬਾਰੇ ਜਾਂ ਕਿਸਾਨਾਂ ਤੇ ਸੰਘਰਸ਼ਾਂ ਦੌਰਾਨ ਬਣੇ ਹੋਏ ਕੇਸ ਰੱਦ ਕਰਨ ਬਾਰੇ ਕਮੇਟੀਆਂ ਬਣਾਉਣ ਬਾਰੇ ਕੋਈ ਕਦਮ ਪੁੱਟਿਆ ਹੈ। ਸੂਬਾ ਕਮੇਟੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੰਯੁਕਤ ਕਿਸਾਨ ਮੋਰਚੇ ਨਾਲ ਹੋਈਆਂ ਸਹਿਮਤੀਆਂ ਤੁਰੰਤ ਲਾਗੂ ਕੀਤੀਆਂ ਜਾਣ।
- Download Babushahi App
-
-