ਪੰਜਾਬ 'ਚ ਸਵਾਈਨ ਫਲੂ ਦਾ : 1900 ਤੋਂ ਵੱਧ ਸ਼ੱਕੀ ਮਾਮਲੇ ਆਏ ਸਾਹਮਣੇ, ਦੋ ਮਰੀਜ਼ਾਂ ਦੀ ਮੌਤ*
*ਚੰਡੀਗੜ੍ਹ, 21 ਸਤੰਬਰ:* ਪੰਜਾਬ ਵਿੱਚ ਸਵਾਈਨ ਫਲੂ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਨਾਲ ਸੂਬੇ ਭਰ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਹੁਣ ਤੱਕ ਸਵਾਈਨ ਫਲੂ ਦੇ 1,926 ਸ਼ੱਕੀ ਮਾਮਲੇ ਸਾਹਮਣੇ ਆ ਚੁੱਕੇ ਹਨ। ਇਹਨਾਂ ਸ਼ੱਕੀ ਮਰੀਜ਼ਾਂ ਵਿੱਚੋਂ 347 ਲੋਕਾਂ ਵਿੱਚ ਸਵਾਈਨ ਫਲੂ ਦੀ ਪੁਸ਼ਟੀ ਹੋ ਚੁੱਕੀ ਹੈ।
ਇਸ ਗੰਭੀਰ ਲਾਗ ਕਾਰਨ ਸੂਬੇ ਵਿੱਚ ਦੋ ਮਰੀਜ਼ਾਂ ਦੀ ਮੌਤ ਹੋਣ ਦੀ ਵੀ ਖ਼ਬਰ ਹੈ, ਜਿਨ੍ਹਾਂ ਵਿੱਚੋਂ ਇੱਕ ਮੌਤ ਲੁਧਿਆਣਾ ਅਤੇ ਦੂਜੀ ਜਲੰਧਰ ਵਿੱਚ ਦਰਜ ਕੀਤੀ ਗਈ ਹੈ।
ਸੂਬੇ ਵਿੱਚ ਸਭ ਤੋਂ ਮਾੜੇ ਹਾਲਾਤ ਲੁਧਿਆਣਾ ਜ਼ਿਲ੍ਹੇ ਦੇ ਹਨ, ਜਿੱਥੇ ਸਭ ਤੋਂ ਵੱਧ 90 ਤੋਂ ਜ਼ਿਆਦਾ ਮਰੀਜ਼ ਪਾਜ਼ੀਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਪਟਿਆਲਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ 49-49 ਮਾਮਲੇ, ਜਲੰਧਰ ਵਿੱਚ 21, ਅੰਮ੍ਰਿਤਸਰ ਵਿੱਚ 15, ਮੋਗਾ ਵਿੱਚ 14, ਹੁਸ਼ਿਆਰਪੁਰ ਵਿੱਚ 13 ਅਤੇ ਰੂਪਨਗਰ ਵਿੱਚ 12 ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਦੂਜੇ ਪਾਸੇ ਬਠਿੰਡਾ ਵਿੱਚ 11, ਮਲੇਰਕੋਟਲਾ ਤੇ ਸੰਗਰੂਰ ਵਿੱਚ 9-9, ਗੁਰਦਾਸਪੁਰ ਵਿੱਚ 8, ਫਿਰੋਜ਼ਪੁਰ ਵਿੱਚ 6, ਫਰੀਦਕੋਟ ਤੇ ਫਤਿਹਗੜ੍ਹ ਸਾਹਿਬ ਵਿੱਚ 5-5 ਮਰੀਜ਼ ਸਾਹਮਣੇ ਆਏ ਹਨ। ਕਪੂਰਥਲਾ, ਪਠਾਨਕੋਟ ਅਤੇ ਤਰਨਤਾਰਨ ਵਿੱਚ 4-4 ਮਾਮਲੇ, ਬਰਨਾਲਾ, ਫਾਜ਼ਿਲਕਾ ਤੇ ਸ਼੍ਰੀ ਮੁਕਤਸਰ ਸਾਹਿਬ ਵਿੱਚ 2-2 ਮਾਮਲੇ ਜਦਕਿ ਮਾਨਸਾ ਵਿੱਚ 1 ਮਾਮਲਾ ਰਿਪੋਰਟ ਹੋਇਆ ਹੈ। ਸਿਹਤ ਵਿਭਾਗ ਨੇ ਸਥਿਤੀ ਨੂੰ ਦੇਖਦਿਆਂ ਸਾਰੇ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।
- Download Babushahi App
-
-