ਬਠਿੰਡਾ ਜ਼ਿਲ੍ਹੇ ਦੇ ਨਾਮੀ ਪਿੰਡ ਬੱਲ੍ਹੋ ਦੀ ਤੰਦਰੁਸਤੀ ਯਕੀਨੀ ਬਣਾਉਣ ਲਈ ਪੰਚਾਇਤ ਨੇ ਵੰਡੇ ' ਸਿਹਤ ਕਾਰਡ'
ਅਸ਼ੋਕ ਵਰਮਾ
ਰਾਮਪੁਰਾ ਫੂਲ 21 ਸਤੰਬਰ 2026 : ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਪਿੰਡ ਬੱਲ੍ਹੋ ਦੇ ਸਰਕਾਰੀ ਹਸਪਤਾਲ ਵਿਖੇ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਇੱਕ ਵਿਸ਼ੇਸ਼ ਕੈਂਪ ਲਾਇਆ ਗਿਆ। ਇਸ ਕੈਂਪ ਦਾ ਮੁੱਖ ਮਨੋਰਥ ਪਿੰਡ ਅਤੇ ਆਸ-ਪਾਸ ਦੇ ਲੋਕਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੀਆਂ ਬਿਹਤਰ ਸਿਹਤ ਸਹੂਲਤਾਂ ਨਾਲ ਜੋੜਨਾ ਅਤੇ ਲਾਭਪਾਤਰੀਆਂ ਤੱਕ ਮੁੱਖ ਮੰਤਰੀ ਸਿਹਤ ਕਾਰਡ ਪਹੁੰਚਾਉਣਾ ਸੀ। ਕਾਰਡ ਵੰਡਣ ਦੀ ਰਸਮ ਕਮਲਜੀਤ ਸਿੰਘ ਦੀ ਹਾਜ਼ਰੀ ਵਿੱਚ ਸਰਪੰਚ ਅਮਰਜੀਤ ਕੌਰ ਨੇ ਨਿਭਾਈ ਜਿਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਸਿਹਤ ਸੰਭਾਲ ਲਈ ਸ਼ੁਰੂ ਕੀਤੀ ਗਈ ਇਹ ਯੋਜਨਾ ਇੱਕ ਬਹੁਤ ਹੀ ਸ਼ਲਾਘਾਯੋਗ ਅਤੇ ਕ੍ਰਾਂਤੀਕਾਰੀ ਕਦਮ ਹੈ। ਇਸ ਨਾਲ ਗਰੀਬ ਅਤੇ ਲੋੜਵੰਦ ਪਰਿਵਾਰਾਂ ਉੱਤੇ ਬੀਮਾਰੀ ਦੇ ਸਮੇਂ ਪੈਣ ਵਾਲਾ ਆਰਥਿਕ ਬੋਝ ਕਾਫੀ ਹੱਦ ਤੱਕ ਘਟੇਗਾ।
ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਰਕਾਰੀ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਜਿਨ੍ਹਾਂ ਲੋਕਾਂ ਦੇ ਕਾਰਡ ਅਜੇ ਤੱਕ ਨਹੀਂ ਬਣੇ, ਉਹ ਵੀ ਜਲਦ ਤੋਂ ਜਲਦ ਆਪਣੇ ਫਾਰਮ ਭਰ ਕੇ ਇਹ ਕਾਰਡ ਬਣਵਾਉਣ। ਉਨ੍ਹਾਂ ਆਖਿਆ ਕਿ ਪਿੰਡ ਦੀ ਪੰਚਾਇਤ ਹਰ ਨਾਗਰਿਕ ਤੱਕ ਇਹ ਸਹੂਲਤਾਂ ਪਹੁੰਚਾਉਣ ਲਈ ਵਚਨਬੱਧ ਹੈ।
ਇਸ ਮੌਕੇ ਹਸਪਤਾਲ ਦੇ ਸਿਹਤ ਅਧਿਕਾਰੀਆਂ ਅਤੇ ਮੈਡੀਕਲ ਸਟਾਫ਼ ਨੇ ਕੈਂਪ ਵਿੱਚ ਪਹੁੰਚੇ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਮਿਲਣ ਵਾਲੇ ਮੁਫ਼ਤ ਇਲਾਜ, ਦਵਾਈਆਂ ਅਤੇ ਹੋਰ ਡਾਕਟਰੀ ਸਹੂਲਤਾਂ ਬਾਰੇ ਬਾਰੀਕੀ ਨਾਲ ਜਾਣਕਾਰੀ ਦਿੱਤੀ। ਇਸ ਮੋਕੇ ਡਾਕਟਰ ਰਾਘਵ ਸਰਮਾ ਏ ਐਨ ਐਮ ਅਮਰਿੰਦਰ ਕੌਰ ਹੈਲਥ ਸੁਪਰਵਾਈਜ਼ਰ ਪਰਮਿੰਦਰ ਕੌਰ ਪੰਚ ਰਾਜਵੀਰ ਕੌਰ ਪਰਮਜੀਤ ਕੌਰ ਹਰਵਿੰਦਰ ਕੌਰ ਹਰਬੰਸ ਸਿੰਘ ਆਸ਼ਾ ਵਰਕਰ ਹਰਬੰਸ ਕੌਰ ਸੁਖਪਾਲ ਕੌਰ ਅਤੇ ਅਮਨਦੀਪ ਕੌਰ ਹਾਜ਼ਰ ਸਨ ।
- Download Babushahi App
-
-