ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੌਮੀ ਇਨਸਾਫ ਮੋਰਚਾ ਜੋ ਵੀ ਸੰਘਰਸ਼ ਦੀ ਰੂਪ ਰੇਖਾ ਉਲੀਕੇਗਾ ਦਿੱਲੀ ਗੁਰਦੁਆਰਾ ਕਮੇਟੀ ਉਸ ਵਿਚ ਵੱਧ ਚੜ੍ਹ ਕੇ ਸਹਿਯੋਗ ਦੇਵੇਗੀ: ਕਾਲਕਾ, ਕਾਹਲੋਂ
ਚੰਡੀਗੜ੍ਹ, 9 ਸਤੰਬਰ : ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਚਲ ਰਹੇ ਕੌਮੀ ਇਨਸਾਫ ਮੋਰਚੇ ਵੱਲੋਂ ਸੰਘਰਸ਼ ਦੀ ਜੋ ਵੀ ਰੂਪ ਰੇਖਾ ਉਲੀਕੀ ਜਾਵੇਗੀ, ਉਸ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ ਹੈ।
ਅੱਜ ਇਥੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਵੱਲੋਂ ਚੰਡੀਗੜ੍ਹ ਕਿਸਾਨ ਭਵਨ ਵਿਖੇ ਕੀਤੀ ਗਈ ਇੱਕ ਅਹਿਮ ਮੀਟਿੰਗ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਨਾਲ ਸ਼ਮੂਲੀਅਤ ਕਰਦਿਆਂ ਸਰਦਾਰ ਕਾਲਕਾ ਨੇ ਕਿਹਾ ਕਿ ਉਹ ਇਸ ਕੌਮੀ ਇਨਸਾਫ ਮੋਰਚੇ ਦੀ ਮੀਟਿੰਗ ਵਿਚ ਪਹਿਲੀ ਵਾਰ ਸ਼ਾਮਲ ਹੋਏ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਚੰਗੀ ਗੱਲ ਹੈ ਕਿ ਕੌਮੀ ਇਨਸਾਫ ਮੋਰਚੇ ਨੇ ਇਸ ਮਾਮਲੇ ’ਤੇ ਮਾਰਚ ਕੱਢਣ ਦੀ ਵਿਉਂਤਬੰਦੀ ਕੀਤੀ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਸ ਮਾਰਚ ਬਾਰੇ ਸਿਰਫ ਪੰਜਾਬ ਦੇ ਕਿਸਾਨਾਂ ਤੇ ਇਸਦੇ ਕਾਰਕੁੰਨਾਂ ਵਿਚ ਪ੍ਰਚਾਰ ਹੋ ਰਿਹਾ ਹੈ ਜਦੋਂ ਕਿ ਦਿੱਲੀ ਵਿਚ ਇਸ ਮਾਮਲੇ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਹੈ।
ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਇਸ ਵੇਲੇ ਸਿੱਖ ਕੌਮ ਵਾਸਤੇ ਸਭ ਤੋਂ ਵੱਡਾ ਮਸਲਾ ਹੈ ਤੇ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਾਡੀ ਸਰਕਾਰ ਨਾਲ ਗੱਲਬਾਤ ਕਰਨ ਜਾਂ ਹੋਰ ਵੀ ਜੌ ਜਿੰਮੇਵਾਰੀ ਲਗਾਈ ਜਾਵੇਗੀ, ਅਸੀਂ ਅੱਗੇ ਹੋ ਕੇ ਸੇਵਾ ਨਿਭਾਵਾਂਗੇ।
ਉਹਨਾਂ ਕਿਹਾ ਕਿ ਕੌਮੀ ਇਨਸਾਫ ਮੋਰਚੇ ਨੂੰ ਆਪਣੇ ਕਿਸੇ ਵੀ ਪ੍ਰੋਗਰਾਮ ਨੂੰ ਅੰਤਿਮ ਰੂਪ ਰੇਖਾ ਦੇਣ ਲੱਗਿਆਂ ਇਸ ਗੱਲ ਦਾ ਖਿਆਲ ਰੱਖਣਾ ਪਵੇਗਾ ਕਿ ਮੋਰਚੇ ਵਿਚ ਉਹ ਲੋਕ ਦਾਖਲ ਨਾ ਹੋ ਜਾਣ ਜੋ ਆਪਣਾ ਸਿਆਸੀ ਮਕਸਦ ਪੂਰਾ ਕਰਨਾ ਚਾਹੁੰਦੇ ਹਨ ਜਾਂ ਫਿਰ ਏਜੰਸੀਆਂ ਅਜਿਹੇ ਬੰਦਿਆਂ ਦੀ ਘੁਸਪੈਠ ਨਾ ਕਰਵਾ ਦੇਣ ਜਿਸ ਨਾਲ ਮੋਰਚੇ ਦੇ ਸੰਘਰਸ਼ ਦਾ ਕਿਸੇ ਵੀ ਤਰੀਕੇ ਨੁਕਸਾਨ ਹੋਵੇ।
ਉਹਨਾਂ ਕਿਹਾ ਕਿ ਜਿਹੜਾ ਵੀ ਤੁਸੀਂ ਸੰਘਰਸ਼ ਕਰ ਰਹੇ ਹੋ, ਉਸ ਦੀ ਦਿੱਖ ਨਜ਼ਰ ਆ ਰਹੀ ਹੈ ਕਿ ਉਸ ਵਿਚ ਕਿਸਾਨ ਜਥੇਬੰਦੀਆਂ, ਵੱਖ-ਵੱਖ ਪਾਰਟੀ ਦੇ ਆਗੂ, ਸ਼੍ਰੋਮਣੀ ਕਮੇਟੀ ਤੇ ਹਰਿਆਣਾ ਕਮੇਟੀ ਦੇ ਨੁਮਾਇੰਦੇ ਤੇ ਵੱਖ-ਵੱਖ ਸੰਪਰਦਾਵਾਂ ਦੇ ਆਗੂ ਤੁਹਾਡੇ ਨਾਲ ਪਹੁੰਚੇ ਹਨ ਜਿਸਦੇ ਆਉਣ ਵਾਲੇ ਸਮੇਂ ਵਿਚ ਚੰਗੇ ਸਿੱਟੇ ਨਿਕਲਣਗੇ।
ਉਹਨਾਂ ਕਿਹਾ ਕਿ ਇਹ ਸੰਘਰਸ਼ ਜੋ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਤੁਸੀਂ ਚਲਾ ਰਹੇ ਹੋ, ਇਸਦਾ ਅੰਜ਼ਾਮ ਨੇੜੇ ਹੈ, ਇਸ ਲਈ ਸੁਚੇਤ ਰਹਿਣ ਦੀ ਲੋੜ ਹੈ।
ਉਹਨਾਂ ਕਿਹਾ ਕਿ ਸਾਡੇ ਜਿਹੜੇ ਵੀਰਾਂ ਨੇ 30-30 ਜੇਲ੍ਹਾਂ ਕੱਟੀਆਂ, ਇਸਦੇ ਬਾਵਜੂਦ ਜੇਕਰ ਅਸੀਂ ਨਿੱਜੀ ਮੁਫਾਦਾਂ ਦੀ ਗੱਲ ਕਰਦੇ ਹਾਂ ਤਾਂ ਇਹ ਬਹੁਤ ਸ਼ਰਮ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਬਹੁਤ ਵਧੀਆ ਰੂਪ ਰੇਖਾ ਮਾਰਚ ਕੱਢਣ ਦੀ ਬਣਾ ਰਹੇ ਹੋ। ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਦੀ ਰੂਪ ਰੇਖਾ ਨੂੰ ਅਸੀਂ ਦੁਨੀਆਂ ਤੱਕ ਪਹੁੰਚਾਉਣਾ ਹੈ।
ਉਹਨਾਂ ਕਿਹਾ ਕਿ ਯੂ ਪੀ, ਉੱਤਰਾਖੰਡ, ਮੱਧ ਪ੍ਰਦੇਸ਼ ਸਮੇਤ ਜਿਥੋਂ ਕਿਤੋਂ ਵੀ ਸਿੱਖ ਆ ਸਕਦੇ ਹਨ, ਇਸ ਪ੍ਰੋਗਰਾਮ ਵਿਚ ਆਉਣ ਤਾਂ ਜੋ ਅਸੀਂ ਇਹ ਸੁਨੇਹਾ ਦੇ ਸਕੀਏ ਕਿ ਸਾਡਾ ਇਕ ਨੁਕਾਤੀ ਏਜੰਡਾ ਅੱਜ ਬੰਦੀ ਸਿੰਘਾਂ ਦੀ ਰਿਹਾਈ ਹੈ।
ਉਹਨਾਂ ਕਿਹਾ ਕਿ ਗੱਲਬਾਤ ਲਈ ਜੋ ਟੀਮ ਤੁਸੀਂ ਤਿਆਰ ਕਰੋਗੇ ਸਾਡੀ ਦਿੱਲੀ ਕਮੇਟੀ ਦੀ ਜ਼ਿੰਮੇਵਾਰੀ ਜੋ ਵੀ ਲਗਾਓਗੇ ਅਸੀਂ ਪੂਰੀ ਤਰ੍ਹਾਂ ਨਿਭਾਵਾਂਗੇ ਤੇ ਸਭ ਤੋਂ ਮੂਹਰਲੀ ਕਤਾਰ ਵਿਚ ਖੜ੍ਹੇ ਹੋ ਕੇ ਕੰਮ ਕਰਾਂਗੇ।
ਉਹਨਾਂ ਸੁਝਾਅ ਦਿੱਤਾ ਕਿ ਸੋਸ਼ਲ ਮੀਡੀਆ ਦਾ ਇਕ ਵਿੰਗ ਬਣਾਇਆ ਜਾਵੇ ਤੇ ਇੰਨਾ ਮਜ਼ਬੂਤ ਕੀਤਾ ਜਾਵੇ ਕਿ ਸਾਰੇ ਦੇਸ਼ ਵਿਚ ਸਾਡੀ ਆਵਾਜ਼ ਗੂੰਜ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਪੂ ਗੁਰਚਰਨ ਸਿੰਘ, ਸਰਦਾਰ ਗੁਰਦੀਪ ਸਿੰਘ ਬਠਿੰਡਾ, ਸਿੰਘ ਸਾਹਿਬ ਭਾਈ ਜਸਬੀਰ ਸਿੰਘ, ਦਿੱਲੀ ਕਮੇਟੀ ਤੋਂ ਸਹਿਯੋਗੀ ਸਾਥੀ ਮਨਜੀਤ ਸਿੰਘ ਭੋਮਾ, ਵੱਖ-ਵੱਖ ਜਥੇਬੰਦੀਆਂ ਦੇ ਆਏ ਕਿਸਾਨ ਭਰਾ ਤੇ ਕੌਮੀ ਇਨਸਾਫ ਮੋਰਚੇ ਦੇ ਆਗੂ ਹਾਜ਼ਰ ਸਨ।
- Download Babushahi App
-
-