ਸੁਲਤਾਨਪੁਰ ਲੋਧੀ ’ਚ ਅਕਾਲੀ ਦਲ ਦੀ ਧੜੇਬੰਦੀ ’ਤੇ ਲੱਗੇ ਬ੍ਰੇਕ! ਬੂਲੇ ਤੇ ਢਿੱਲੋਂ ਨੇ ਵਰਕਰਾਂ ਨੂੰ ਦਿੱਤਾ ਇਕਜੁੱਟਤਾ ਦਾ ਸੱਦਾ
‘ਕਿਸੇ ਧੜੇ ਦਾ ਨਹੀਂ, ਪਾਰਟੀ ਦਾ ਬਣੋ ਹਿੱਸਾ’—ਬੂਲੇ, ਢਿੱਲੋਂ
ਹਾਈਕਮਾਂਡ ਜਿਸ ਨੂੰ ਵੀ ਹਲਕਾ ਇੰਚਾਰਜ ਲਾਏਗੀ, ਫ਼ੈਸਲਾ ਸਿਰ ਮੱਥੇ ਪ੍ਰਵਾਨ
ਸੁਲਤਾਨਪੁਰ ਲੋਧੀ, 2 ਸਤੰਬਰ 2026 (ਬਲਵਿੰਦਰ ਸਿੰਘ ਧਾਲੀਵਾਲ) — ਸ਼੍ਰੋਮਣੀ ਅਕਾਲੀ ਦਲ ਦੇ ਦੁਆਬਾ ਪ੍ਰਧਾਨ ਕੁਲਦੀਪ ਸਿੰਘ ਬੂਲੇ ਅਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਸੁਰਜੀਤ ਸਿੰਘ ਢਿੱਲੋਂ ਨੇ ਹਲਕੇ ਅੰਦਰ ਪਾਰਟੀ ਦੀ ਧੜੇਬੰਦੀ ਨੂੰ ਖ਼ਤਮ ਕਰਕੇ ਸਮੁੱਚੇ ਵਰਕਰਾਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਦੋਵਾਂ ਆਗੂਆਂ ਨੇ ਸਪੱਸ਼ਟ ਕੀਤਾ ਕਿ ਪਾਰਟੀ ਦੀ ਮਜ਼ਬੂਤੀ ਕਿਸੇ ਇੱਕ ਵਿਅਕਤੀ ਜਾਂ ਧੜੇ ਨਾਲ ਨਹੀਂ, ਸਗੋਂ ਸਾਰੇ ਵਰਕਰਾਂ ਦੀ ਇਕਜੁੱਟਤਾ ਨਾਲ ਹੀ ਸੰਭਵ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਬੂਲੇ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਲਈ ਕਈ ਸਤਿਕਾਰਯੋਗ ਆਗੂ ਚਾਹਵਾਨ ਹਨ ਅਤੇ ਉਹ ਸਾਰੇ ਉਨ੍ਹਾਂ ਦੇ ਸਤਿਕਾਰਯੋਗ ਭਰਾ ਹਨ। ਉਨ੍ਹਾਂ ਕਿਹਾ ਕਿ ਟਿਕਟ ਦੀ ਦੌੜ ਨੂੰ ਲੈ ਕੇ ਜੇਕਰ ਇੱਕ ਵਰਕਰ ਦੂਜੇ ਦੇ ਨਾਲ ਖੜ੍ਹਦਾ ਹੈ ਤਾਂ ਨਾਰਾਜ਼ਗੀ ਪੈਦਾ ਹੁੰਦੀ ਹੈ ਅਤੇ ਇਸ ਨਾਲ ਪਾਰਟੀ ਨੂੰ ਨੁਕਸਾਨ ਹੁੰਦਾ ਹੈ।
ਉਨ੍ਹਾਂ ਗਰਾਊਂਡ ਪੱਧਰ ਦੇ ਸਮੁੱਚੇ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵਿਸ਼ੇਸ਼ ਵਿਅਕਤੀ ਜਾਂ ਧੜੇ ਦਾ ਹਿੱਸਾ ਬਣਨ ਦੀ ਬਜਾਏ ਪਾਰਟੀ ਦੇ ਸਾਂਝੇ ਝੰਡੇ ਹੇਠ ਇਕੱਠੇ ਹੋਣ। ਬੂਲੇ ਨੇ ਕਿਹਾ ਕਿ ਉਹ ਖੁਦ ਕਿਸੇ ਵਿਸ਼ੇਸ਼ ਵਿਅਕਤੀ ਦੇ ਪੱਖ ਵਿੱਚ ਨਹੀਂ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਂਡ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੁਲਤਾਨਪੁਰ ਲੋਧੀ ਲਈ ਜੋ ਵੀ ਫ਼ੈਸਲਾ ਲਿਆ ਜਾਵੇਗਾ, ਉਹ ਉਸ ਨੂੰ ਪੂਰੀ ਤਰ੍ਹਾਂ ਪ੍ਰਵਾਨ ਕਰਨਗੇ।
ਕੁਲਦੀਪ ਸਿੰਘ ਬੂਲੇ ਨੇ ਕਿਹਾ ਕਿ ਪਾਰਟੀ ਦੇ ਸਾਂਝੇ ਕੰਮ ਲਈ ਜੇਕਰ ਕਿਸੇ ਆਗੂ ਵੱਲੋਂ ਅੱਧੀ ਰਾਤ ਨੂੰ ਵੀ ਟੈਲੀਫੋਨ ਕਰਕੇ ਮੀਟਿੰਗ, ਧਰਨਾ ਜਾਂ ਰੈਲੀ ਸਬੰਧੀ ਸੱਦਾ ਦਿੱਤਾ ਜਾਂਦਾ ਹੈ ਤਾਂ ਉਹ ਅਤੇ ਉਨ੍ਹਾਂ ਦੇ ਸਾਥੀ ਹਰ ਸਮੇਂ ਹਾਜ਼ਰ ਰਹਿਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਅਕਾਲੀ ਵਰਕਰ ਜਾਂ ਆਗੂ ’ਤੇ ਮੁਸ਼ਕਲ ਸਮਾਂ ਆਉਂਦਾ ਹੈ ਤਾਂ ਉਸ ਦੀ ਮਦਦ ਲਈ ਵੀ ਉਹ ਹਮੇਸ਼ਾ ਤਤਪਰ ਰਹਿਣਗੇ।
ਇਸ ਮੌਕੇ ਸੁਰਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਹਲਕੇ ਅੰਦਰ ਪਾਰਟੀ ਦੀ ਵੰਡ ਕਾਰਨ ਜੋ ਹਾਲਾਤ ਬਣੇ ਹੋਏ ਹਨ, ਉਹ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਤੋਂ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਲਈ ਹਲਕਾ ਇੰਚਾਰਜ ਦਾ ਐਲਾਨ ਨਾ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਕਈ ਧੜਿਆਂ ਵਿੱਚ ਵੰਡਿਆ ਹੋਇਆ ਨਜ਼ਰ ਆ ਰਿਹਾ ਹੈ ਅਤੇ ਟਕਸਾਲੀ ਵਰਕਰਾਂ ਨੂੰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਢਿੱਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਵਰਕਰ ਅੱਜ ਵੀ ਪਾਰਟੀ ਅਤੇ ਹਾਈਕਮਾਂਡ ਨਾਲ ਡਟ ਕੇ ਖੜ੍ਹੇ ਹਨ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਵਰਕਰਾਂ ਦੇ ਸਨਮਾਨ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਪਾਰਟੀ ਵੱਲੋਂ ਬਣਦਾ ਸਥਾਨ ਮਿਲਣਾ ਚਾਹੀਦਾ ਹੈ।
ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਂਡ ਤੋਂ ਪੁਰਜ਼ੋਰ ਮੰਗ ਕੀਤੀ ਕਿ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਲਈ ਜਲਦ ਤੋਂ ਜਲਦ ਹਲਕਾ ਇੰਚਾਰਜ ਦਾ ਐਲਾਨ ਕੀਤਾ ਜਾਵੇ, ਤਾਂ ਜੋ ਪਾਰਟੀ ਦੇ ਸਮੁੱਚੇ ਵਰਕਰ ਇੱਕ ਝੰਡੇ ਹੇਠ ਇਕੱਠੇ ਹੋ ਕੇ ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਣ।
ਦੋਵਾਂ ਆਗੂਆਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਜੇਕਰ ਪਾਰਟੀ ਦੇ ਵਰਕਰ ਨਿੱਜੀ ਧੜਿਆਂ ਤੋਂ ਉੱਪਰ ਉੱਠ ਕੇ ਇਕਜੁੱਟ ਹੋ ਕੇ ਕੰਮ ਕਰਨ ਤਾਂ ਸੁਲਤਾਨਪੁਰ ਲੋਧੀ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਗੜ੍ਹ ਬਣਾਇਆ ਜਾ ਸਕਦਾ ਹੈ।
- Download Babushahi App
-
-