80 ਆਊਟਸੋਰਸ ਸਫਾਈ ਕਾਮਿਆਂ ਨੂੰ ਕੰਟਰੈਕਟ ’ਤੇ ਕਰਨ ਦਾ ਫੈਸਲਾ, ਆਲਮਗੀਰ ਤੇ ਮਗਰਾ ’ਚ ਨਵੇਂ ਟਿਊਬਵੈਲ ਲਾਉਣ ਨੂੰ ਮਨਜ਼ੂਰੀ
ਸ੍ਰੀ ਗੁਰੂ ਰਵਿਦਾਸ ਭਵਨ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ, ਕਰੀਬ 24 ਲੱਖ ਰੁਪਏ ਦੀ ਲਾਗਤ ਨਾਲ ਬਣੇਗਾ ਭਵਨ
ਲਾਲੜੂ, 22 ਅਗਸਤ:
ਨਗਰ ਕੌਂਸਲ ਲਾਲੜੂ ਦੀ ਅਹਿਮ ਮੀਟਿੰਗ ਅੱਜ ਨਗਰ ਕੌਂਸਲ ਦੇ ਪ੍ਰਧਾਨ ਸ. ਜ਼ੋਰਾਵਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਡੇਰਾਬੱਸੀ ਹਲਕੇ ਦੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀਆਂ ਸਹੂਲਤਾਂ ਨਾਲ ਸਬੰਧਤ ਵੱਖ-ਵੱਖ ਮਤਿਆਂ ’ਤੇ ਵਿਚਾਰ-ਵਟਾਂਦਰਾ ਕਰਕੇ ਕਈ ਅਹਿਮ ਫੈਸਲੇ ਲਏ ਗਏ।
ਮੀਟਿੰਗ ਦੌਰਾਨ ਨਗਰ ਕੌਂਸਲ ਅਧੀਨ ਆਊਟਸੋਰਸ ਰਾਹੀਂ ਕੰਮ ਕਰ ਰਹੇ 80 ਸਫਾਈ ਕਾਮਿਆਂ ਨੂੰ ਕੰਟਰੈਕਟ ’ਤੇ ਕਰਨ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਆਲਮਗੀਰ ਅਤੇ ਮਗਰਾ ਵਿਖੇ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਨਵੇਂ ਟਿਊਬਵੈਲ ਲਗਾਉਣ ਨੂੰ ਵੀ ਮਨਜ਼ੂਰੀ ਦਿੱਤੀ ਗਈ।
ਇਸੇ ਤਰ੍ਹਾਂ ਧਰਮਗੜ੍ਹ ਸੰਪਰਕ ਸੜਕ ਦੇ ਕਿਨਾਰੇ ਬਣੇ ਨਾਲੇ ਨੂੰ ਬੰਦ ਕਰਕੇ ਉੱਥੇ ਵੱਡੀ ਸੀਵਰੇਜ ਪਾਈਪਲਾਈਨ ਪਾਉਣ ਅਤੇ ਨਗਰ ਕੌਂਸਲ ਦੀ ਹੱਦ ਅੰਦਰ ਆਉਂਦੀ ਧਰਮਗੜ੍ਹ ਸੰਪਰਕ ਸੜਕ ਨੂੰ 20 ਫੁੱਟ ਚੌੜਾ ਕਰਨ ਦਾ ਫੈਸਲਾ ਲਿਆ ਗਿਆ। ਨਵੇਂ ਬਣੇ ਬੱਸ ਅੱਡੇ ’ਤੇ ਟਰਾਂਸਫਾਰਮਰ ਲਗਾਉਣ ਸਬੰਧੀ ਮਤਾ ਵੀ ਪਾਸ ਕੀਤਾ ਗਿਆ।
ਨਗਰ ਕੌਂਸਲ ਅਧੀਨ ਆਉਂਦੇ ਕਮਿਊਨਿਟੀ ਸੈਂਟਰਾਂ ਦੀ ਬੁਕਿੰਗ ਫੀਸ 1100 ਰੁਪਏ ਤੋਂ ਵਧਾ ਕੇ 2100 ਰੁਪਏ ਕਰਨ ਦਾ ਮਤਾ ਵੀ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਕੌਂਸਲ ਅਧੀਨ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਲਾਲੜੂ ਸ਼ਹਿਰ ਦੇ ਵਿਕਾਸ ਨਾਲ ਸਬੰਧਤ ਰਹਿੰਦੇ ਕਾਰਜਾਂ ਨੂੰ ਤਰਜੀਹ ਦੇ ਆਧਾਰ ’ਤੇ ਜਲਦ ਮੁਕੰਮਲ ਕਰਵਾਇਆ ਜਾਵੇਗਾ ਅਤੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਮੀਟਿੰਗ ਉਪਰੰਤ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਵੱਲੋਂ ਲਾਲੜੂ ਵਿਖੇ ਸ੍ਰੀ ਗੁਰੂ ਰਵਿਦਾਸ ਭਵਨ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ ਗਿਆ। ਕਰੀਬ 24 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਇਹ ਭਵਨ ਸੰਗਤ ਲਈ ਧਾਰਮਿਕ, ਸਮਾਜਿਕ ਅਤੇ ਭਾਈਚਾਰਕ ਗਤੀਵਿਧੀਆਂ ਦਾ ਮਹੱਤਵਪੂਰਨ ਕੇਂਦਰ ਬਣੇਗਾ।
ਇਸ ਮੌਕੇ ਨਗਰ ਕੌਂਸਲ ਦੇ ਸੀਨੀਅਰ ਵਾਈਸ ਪ੍ਰਧਾਨ ਸ੍ਰੀ ਹਰੀਸ਼ ਮਦਾਨ, ਵਾਈਸ ਪ੍ਰਧਾਨ ਸ੍ਰੀ ਅਮਨ ਰਾਣਾ, ਕੌਂਸਲਰ, ਵਾਰਡ ਇੰਚਾਰਜ ਅਤੇ ਰਵਿਦਾਸ ਭਾਈਚਾਰੇ ਦੇ ਮੈਂਬਰ ਹਾਜ਼ਰ ਸਨ।
- Download Babushahi App
-
-