24 ਘੰਟਿਆਂ ਵਿੱਚ ਕਤਲ ਕਾਂਡ ਸੁਲਝਾਇਆ, ਤਿੰਨ ਮੁਲਜ਼ਮ ਕਾਬੂ
---2 ਨਾਜਾਇਜ਼ ਪਿਸਤੌਲ, 6 ਜ਼ਿੰਦਾ ਕਾਰਤੂਸ, ਡਰੱਗ ਮਨੀ ਤੇ 1.5 ਕਿਲੋ ਹੈਰੋਇਨ ਬਰਾਮਦ
ਸੁਖਮਿੰਦਰ ਭੰਗੂ
ਲੁਧਿਆਣਾ, 19 ਅਗਸਤ 2026
ਲੁਧਿਆਣਾ ਪੁਲਿਸ ਨੇ ਅਪਰਾਧੀਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ ਡਿਵੀਜ਼ਨ ਨੰਬਰ-1 ਇਲਾਕੇ ਵਿੱਚ ਹੋਏ ਕਤਲ ਦੇ ਮਾਮਲੇ ਨੂੰ ਮਹਿਜ਼ 24 ਘੰਟਿਆਂ ਦੇ ਅੰਦਰ ਸੁਲਝਾ ਲਿਆ ਹੈ। ਪੁਲਿਸ ਨੇ ਮਾਮਲੇ ਵਿੱਚ ਸ਼ਾਮਲ ਤਿੰਨ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 2 ਨਾਜਾਇਜ਼ ਪਿਸਤੌਲ, 6 ਜ਼ਿੰਦਾ ਕਾਰਤੂਸ, ਡਰੱਗ ਮਨੀ ਅਤੇ 1.5 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ, ਆਈ.ਪੀ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਤਲ ਦੀ ਘਟਨਾ ਤੋਂ ਤੁਰੰਤ ਬਾਅਦ ਕਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ। ਐਡੀਸ਼ਨਲ ਸੀ.ਪੀ. ਰੁਪਿੰਦਰ ਸਿੰਘ, ਡੀ.ਸੀ.ਪੀ. ਇਨਵੈਸਟੀਗੇਸ਼ਨ ਹਰਪਾਲ ਸਿੰਘ, ਏ.ਡੀ.ਸੀ.ਪੀ.-1 ਸਮੀਰ ਵਰਮਾ ਅਤੇ ਏ.ਡੀ.ਸੀ.ਪੀ. ਇਨਵੈਸਟੀਗੇਸ਼ਨ ਰੁਪਿੰਦਰ ਕੌਰ ਦੀ ਅਗਵਾਈ ਵਿੱਚ ਜਾਂਚ ਨੂੰ ਤੇਜ਼ ਕੀਤਾ ਗਿਆ।
ਏ.ਸੀ.ਪੀ. ਡਿਟੈਕਟਿਵ-1 ਹਰਸ਼ਪ੍ਰੀਤ ਸਿੰਘ ਅਤੇ ਏ.ਸੀ.ਪੀ. ਸੈਂਟਰਲ ਅਨਿਲ ਕੁਮਾਰ ਭਨੇਟ ਦੀ ਨਿਗਰਾਨੀ ਹੇਠ ਇੰਸਪੈਕਟਰ ਅਵਤਾਰ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ਼ ਅਤੇ ਇੰਸਪੈਕਟਰ ਨਵਦੀਪ ਸਿੰਘ, ਇੰਚਾਰਜ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਨੇ ਤਕਨੀਕੀ ਅਤੇ ਮੈਦਾਨੀ ਜਾਂਚ ਨੂੰ ਅੱਗੇ ਵਧਾਉਂਦਿਆਂ ਮੁਲਜ਼ਮਾਂ ਤੱਕ ਪਹੁੰਚ ਬਣਾਈ।
ਜਨਮਦਿਨ ਪਾਰਟੀ ਦੌਰਾਨ ਹੋਇਆ ਸੀ ਝਗੜਾ
ਪੁਲਿਸ ਅਨੁਸਾਰ 17 ਅਗਸਤ 2026 ਨੂੰ ਰਮਿੰਦਰ ਸਿੰਘ ਉਰਫ਼ ਸੋਨੂ ਆਪਣੇ ਸਾਥੀਆਂ ਸਮੇਤ ਡਿਵੀਜ਼ਨ ਨੰਬਰ-1, ਲੁਧਿਆਣਾ ਦੇ ਇਲਾਕੇ ਵਿੱਚ ਇੱਕ ਜਨਮਦਿਨ ਪਾਰਟੀ ਵਿੱਚ ਸ਼ਾਮਲ ਹੋਣ ਗਿਆ ਸੀ। ਪਾਰਟੀ ਦੌਰਾਨ ਰਮਿੰਦਰ ਸਿੰਘ ਦੇ ਗਰੁੱਪ ਅਤੇ ਦੂਜੇ ਗਰੁੱਪ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ, ਜੋ ਬਾਅਦ ਵਿੱਚ ਝਗੜੇ ਵਿੱਚ ਬਦਲ ਗਈ।
ਇਸ ਦੌਰਾਨ ਚੇਤਨ ਨਾਮਕ ਵਿਅਕਤੀ ਵੱਲੋਂ ਨਾਜਾਇਜ਼ ਪਿਸਤੌਲ ਨਾਲ ਗੋਲੀ ਚਲਾਈ ਗਈ, ਜੋ ਰਮਿੰਦਰ ਸਿੰਘ ਉਰਫ਼ ਸੋਨੂ ਦੀ ਧੌਣ ਵਿੱਚ ਲੱਗੀ। ਗੰਭੀਰ ਸੱਟ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਮੁਲਜ਼ਮ ਤਿੰਨ ਗੱਡੀਆਂ ਵਿੱਚ ਫ਼ਰਾਰ ਹੋ ਗਏ।
ਪੁਲਿਸ ਨੇ ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ-1, ਲੁਧਿਆਣਾ ਵਿਖੇ ਐੱਫ.ਆਈ.ਆਰ. ਨੰਬਰ 137 ਮਿਤੀ 18-08-2026 ਦਰਜ ਕਰਕੇ ਭਾਰਤੀ ਨਿਆਂ ਸੰਹਿਤਾ (BNS) ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਜਾਂਚ ਸ਼ੁਰੂ ਕੀਤੀ।
ਤਿੰਨ ਮੁੱਖ ਮੁਲਜ਼ਮ ਗ੍ਰਿਫ਼ਤਾਰ
18 ਅਗਸਤ 2026 ਨੂੰ ਪੁਲਿਸ ਨੇ ਤਿੰਨ ਮੁੱਖ ਮੁਲਜ਼ਮਾਂ ਨੂੰ ਕਾਬੂ ਕੀਤਾ। ਇਨ੍ਹਾਂ ਦੀ ਪਛਾਣ ਹਰਮਨਜੀਤ ਸਿੰਘ ਉਰਫ਼ ਹਰਮਨ, ਮਨੋਜ ਕੁਮਾਰ ਅਤੇ ਰਿਸ਼ੀ ਕੁਮਾਰ ਉਰਫ਼ ਰਿਸੂ ਵਜੋਂ ਕੀਤੀ ਗਈ ਹੈ।
ਪੁੱਛਗਿੱਛ ਦੌਰਾਨ ਮਨੋਜ ਕੁਮਾਰ ਨੇ ਕਥਿਤ ਤੌਰ ’ਤੇ ਦੱਸਿਆ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਾਜਾਇਜ਼ ਹਥਿਆਰ ਅਤੇ ਹੋਰ ਸਮੱਗਰੀ ਛੁਪਾਉਣ ਲਈ ਤਾਜਪੁਰ ਰੋਡ, ਲੁਧਿਆਣਾ ਦੇ ਇਲਾਕੇ ਵਿੱਚ ਇੱਕ ਕਮਰਾ ਕਿਰਾਏ ’ਤੇ ਲਿਆ ਹੋਇਆ ਸੀ।
ਪੁਲਿਸ ਨੇ ਇਸ ਖੁਲਾਸੇ ਦੇ ਆਧਾਰ ’ਤੇ ਛਾਪੇਮਾਰੀ ਕਰਕੇ ਉੱਥੋਂ 1 ਪਿਸਤੌਲ .32 ਬੋਰ,1 ਪਿਸਤੌਲ .30 ਬੋਰ,6 ਜ਼ਿੰਦਾ ਕਾਰਤੂਸ,ਡਰੱਗ ਮਨੀ ਤੇ 1.5 ਕਿਲੋ ਹੈਰੋਇਨ ਬਰਾਮਦ ਕੀਤੀ।
1.5 ਕਿਲੋ ਹੈਰੋਇਨ ਦੀ ਵਪਾਰਕ ਮਾਤਰਾ
ਪੁਲਿਸ ਮੁਤਾਬਕ ਬਰਾਮਦ ਕੀਤੀ ਗਈ 1.5 ਕਿਲੋ ਹੈਰੋਇਨ ਵਪਾਰਕ ਮਾਤਰਾ ਵਿੱਚ ਆਉਂਦੀ ਹੈ। ਇਸ ਮਾਮਲੇ ਵਿੱਚ ਸਾਗਰ ਅਤੇ ਚੇਤਨ ਦੇ ਨਾਮ ਵੀ ਸਾਹਮਣੇ ਆਏ ਹਨ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ-7, ਲੁਧਿਆਣਾ ਵਿਖੇ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 21/61/85 ਤਹਿਤ ਵੱਖਰਾ ਕੇਸ ਦਰਜ ਕਰਨ ਦੀ ਕਾਰਵਾਈ ਕੀਤੀ ਗਈ ਹੈ।
ਮੁਲਜ਼ਮਾਂ ਦਾ ਪਿਛੋਕੜ ਵੀ ਖੰਗਾਲਿਆ ਜਾ ਰਿਹਾ
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੇ ਪੁਰਾਣੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਮਨੋਜ ਕੁਮਾਰ ਖ਼ਿਲਾਫ਼ ਪਹਿਲਾਂ ਵੀ ਚੋਰੀ ਅਤੇ ਚੋਰੀ ਦਾ ਸਮਾਨ ਰੱਖਣ ਸਬੰਧੀ ਮਾਮਲਾ ਦਰਜ ਰਹਿ ਚੁੱਕਾ ਹੈ, ਜੋ ਇਸ ਸਮੇਂ ਅਦਾਲਤ ਵਿੱਚ ਵਿਚਾਰ ਅਧੀਨ ਹੈ। ਬਾਕੀ ਮੁਲਜ਼ਮਾਂ ਦੇ ਪਿਛੋਕੜ ਦੀ ਵੀ ਜਾਂਚ ਜਾਰੀ ਹੈ।
24 ਘੰਟਿਆਂ ਵਿੱਚ ਕਤਲ ਦੀ ਗੁੱਥੀ ਸੁਲਝਾਉਣ ਦੇ ਨਾਲ ਵੱਡੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਅਤੇ ਨਾਜਾਇਜ਼ ਹਥਿਆਰ ਬਰਾਮਦ ਹੋਣਾ ਲੁਧਿਆਣਾ ਪੁਲਿਸ ਦੀ ਜਾਂਚ ਅਤੇ ਤੁਰੰਤ ਕਾਰਵਾਈ ਦੀ ਅਹਿਮ ਕਾਮਯਾਬੀ ਮੰਨੀ ਜਾ ਰਹੀ ਹੈ।
- Download Babushahi App
-
-