Political Special-ਕੰਡਿਆਂ ਦੀ ਸੇਜ਼ ਤੇ ਮਖਮਲੀ ਗੱਦਿਆਂ ਵਾਂਗ ਰਿਹਾ ਮਨਪ੍ਰੀਤ ਬਾਦਲ ਦਾ ਸਿਆਸੀ ਸਫਰ
ਅਸ਼ੋਕ ਵਰਮਾ
ਬਠਿੰਡਾ, 19 ਅਗਸਤ 2026 : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਭਾਰਤੀ ਜੰਤਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦਾ ਰਾਜਸੀ ਜੀਵਨ ਕਾਫੀ ਉਤਰਾ ਚੜ੍ਹਾ ਵਾਲਾ ਰਿਹਾ ਹੈ। ਹਾਲਾਂਕਿ ਉਸ ਦੇ ਪਿਤਾ ਸਾਬਕਾ ਐਮਪੀ ਗੁਰਦਾਸ ਸਿੰਘ ਬਾਦਲ ਸਿਆਸਤ ਦੇ ਮਾਹਿਰ ਮੰਨੇ ਜਾਂਦੇ ਹਨ ਅਤੇ ਉਸ ਨੂੰ ਸਿਆਸੀ ਗੁੜ੍ਹਤੀ ਰਾਜਨੀਤੀ ਦੇ ਬਾਬਾ ਬੋਹੜ ਆਖੇ ਜਾਂਦੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਸੀ , ਫਿਰ ਵੀ ਮਨਪ੍ਰੀਤ ਵਾਸਤੇ ਰਾਜਨੀਤੀ ਕਾਫੀ ਵਰ੍ਹੇ ਸੁਨਹਿਰੀ ਸਮਾਂ ਤੇ ਕਈ ਸਾਲ ਕੰਡਿਆਂ ਦੀ ਸੇਜ ਬਣੀ ਰਹੀ ਹੈ। ਭਾਜਪਾ ਵੱਲੋਂ ਕੌਮੀ ਮੀਤ ਪ੍ਰਧਾਨ ਬਣਾਏ ਜਾਣ ਮਗਰੋਂ ਮਨਪ੍ਰੀਤ ਦੀ ਸਿਆਸੀ ਚੜ੍ਹਤ ਇੱਕ ਵਾਰ ਫਿਰ ਤੋਂ ਸ਼ਿਖਰ ਤੇ ਪੁੱਜ ਗਈ ਹੈ । ਇਹ ਵੱਖਰੀ ਗੱਲ ਹੈ ਕਿ ਇਹ ਚੜ੍ਹਾਈ ਚੁਣੌਤੀਆਂ ਦੀ ਪੰਡ ਵੀ ਲਿਆਈ ਹੈ। ਮਨਪ੍ਰੀਤ ਬਾਦਲ ਦਾ ਨਾਮ ਪੰਜਾਬ ਦੇ ਸਿਆਸੀ ਨਕਸ਼ੇ ’ਤੇ ਪਹਿਲੀ ਵਾਰ 1995 ਦੌਰਾਨ ਚਰਚਾ ਵਿੱਚ ਆਇਆ ਸੀ ।
ਇਸ ਮੌਕੇ ਗਿੱਦੜਬਾਹਾ ਹਲਕੇ ਦੀ ਜਿਮਨੀ ਚੋਣ ਦਾ ਐਲਾਨ ਹੋਇਆ ਸੀ ਅਤੇ ਆਪਣੇ ਤਾਇਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਤੱਤਕਾਲੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਦੇ ਆਦੇਸ਼ਾਂ ’ਤੇ ਮਨਪ੍ਰੀਤ ਨੇ ਗਿੱਦੜਬਾਹਾ ਹਲਕੇ ਤੋਂ ਕਾਂਗਰਸ ਦੇ ਮੁਕਾਬਲੇ ਅਕਾਲੀ ਉਮੀਦਵਾਰ ਵਜੋਂ ਚੋਣ ਲੜੀ ਅਤੇ ਜਿੱਤਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ‘ਚ ਸਫਲਤਾ ਹਾਸਲ ਕੀਤੀ ਸੀ । ਇਨ੍ਹੀਂ ਦਿਨੀਂ ਪੰਜਾਬ ਵਿੱਚ ਬੇਅੰਤ ਸਿੰਘ ਸਰਕਾਰ ਦੀ ਤੂਤੀ ਬੋਲਦੀ ਸੀ ਅਤੇ ਸੂਬੇ ’ਚ ਕਾਲਾ ਦੌਰ ਆਖਰੀ ਸਾਹਾਂ ’ਤੇ ਸੀ। ਖੁਦ ਬੇਅੰਤ ਸਿੰਘ ਅਤੇ ਸਮੁੱਚੇ ਮੰਤਰੀ ਮੰਡਲ ਵੱਲੋਂ ਗਿੱਦੜਬਾਹਾ ’ਚ ਡੇਰਾ ਲਾਉਣ ਦੇ ਬਾਵਜੂਦ ਮਨਪ੍ਰੀਤ ਜਬਰਦਸਤ ਲੜਾਈ ਲੜਿਆ ਤੇ ਜਿੱਤਿਆ ਸੀ। ਉਸ ਮਗਰੋਂ ਮਨਪ੍ਰੀਤ ਨੇ ਅਕਾਲੀ ਦਲ ਤਰਫੋਂ ਸਾਲ 1997, 2002 ਅਤੇ 2007 ਵਿੱਚ ਗਿਦੜਬਾਹਾ ਹਲਕੇ ਤੋਂ ਚੋਣਾਂ ਲੜੀਆਂ ਅਤੇ ਲਗਾਤਾਰ ਜਿੱਤਾਂ ਪ੍ਰਾਪਤ ਕੀਤੀਆਂ । ਸਾਲ 2007 ‘ਚ ਅਕਾਲੀ ਸਰਕਾਰ ਬਣਨ ’ਤੇ ਉਸ ਨੂੰ ਬਾਦਲ ਸਰਕਾਰ ਦਾ ਵਿੱਤ ਮੰਤਰੀ ਬਣਾਇਆ ਗਿਆ ਸੀ।
ਇਸ ਮੌਕੇ ਪੰਜਾਬ ਸਿਰ ਚੜ੍ਹੇ ਕਰਜੇ ਦੀ ਮੁਆਫੀ ਨੂੰ ਲੈਕੇ ਮਨਪ੍ਰੀਤ ਬਾਦਲ ਦੇ ਆਪਣੇ ਚਚੇਰੇ ਭਰਾ ਸੁਖਬੀਰ ਸਿੰਘ ਬਾਦਲ ਨਾਲ ਗੰਭੀਰ ਮੱਤਭੇਦ ਪੈਦਾ ਹੋ ਗਏ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਯਤਨਾਂ ਦੇ ਬਾਵਜੂਦ ਮਾਮਲਾ ਨਾ ਸੁਲਝਿਆ ਅਤੇ ਅਕਤੂਬਰ 2010 ’ਚ ਮਨਪ੍ਰੀਤ ਨੂੰ ਅਕਾਲੀ ਦਲ (ਬਾਦਲ) ਵਿੱਚੋਂ ਕੱਢ ਦਿੱਤਾ ਗਿਆ। ਮਨਪ੍ਰੀਤ ਬਾਦਲ ਨੇ ਆਪਣਾ ਮਾਮਲਾ ਲੋਕ ਕਚਿਹਰੀ ‘ਚ ਰੱਖਿਆ ਅਤੇ ਆਪਣੀ ਵੱਖਰੀ ਪਾਰਟੀ ‘ਪੀਪਲਜ਼ ਪਾਰਟੀ ਆਫ ਪੰਜਾਬ ’ ਬਣਾ ਲਈ ਜਿਸ ’ਚ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਹੋਰ ਵੀ ਕਈ ਅਹਿਮ ਸ਼ਖਸ਼ੀਅਤਾਂ ਸ਼ਾਮਲ ਸਨ। ਸਾਲ 2012 ’ਚ ਮਨਪ੍ਰੀਤ ਨੇ ਭਾਰਤੀ ਕਮਿਊਨਿਸਟ ਪਾਰਟੀ , ਸੀ.ਪੀ.ਐਮ ਅਤੇ ਅਕਾਲੀ ਦਲ ਲੌਂਗੋਵਾਲ ਨਾਲ ਸਾਂਝਾ ਮੋਰਚਾ ਬਣਾਕੇ ਵਿਧਾਨ ਸਭਾ ਚੋਣਾਂ ਲੜੀਆਂ ਪਰ ਸਫਲਤਾ ਨਸੀਬ ਨਾ ਹੋਈ। ਇਸ ਮੌਕੇ ਖੁਦ ਮਨਪ੍ਰੀਤ ਬਾਦਲ ਮੌੜ ਅਤੇ ਗਿੱਦੜਬਾਹਾ ਹਲਕੇ ਤੋਂ ਚੋਣ ਮੈਦਾਨ ’ਚ ਨਿਤਰਿਆ ਪਰ ਦੋਵਾਂ ਸੀਟਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਇਸੇ ਦੌਰਾਨ ਸਾਲ 2014 ਦੀਆਂ ਲੋਕ ਸਭਾ ਚੋਣਾਂ ਆ ਗਈਆਂ ਤਾਂ ਆਪਣੇ ਸਿਆਸੀ ਸਫਰ ਨੂੰ ਇੱਕ ਅਹਿਮ ਮੋੜ ਦਿੰਦਿਆਂ ਮਨਪੀਤ ਨੇ ਪੀਪਲਜ਼ ਪਾਰਟੀ ਆਫ ਪੰਜਾਬ ਦਾ ਸੰਸਥਾਪਕ ਅਤੇ ਸੂਬਾ ਪ੍ਰਧਾਨ ਹੋਣ ਦੇ ਬਾਵਜੂਦ ਇੱਕ ਮੂਕ ਸਹਿਮਤੀ ਦੇ ਅਧਾਰ ’ਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਚੋਣ ਨਿਸ਼ਾਨ ਤੇ ਚੋਣ ਲੜੀ । ਬੇਸ਼ੱਕ ਇਸ ਚੋਣ ਦੌਰਾਨ ਮਨਪ੍ਰੀਤ ਬਾਦਲ ਜਿੱਤਣ ’ਚ ਤਾਂ ਅਸਫਲ ਰਿਹਾ ਪਰ ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ) ਤੋਂ ਆਪਣੀ ਭਰਜਾਈ ਤੇ ਬਾਦਲ ਪ੍ਰੀਵਾਰ ਦੀ ਨੂੰਹ ਤੱਤਕਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ 29 ਹਜ਼ਾਰ ਤੋਂ ਵੱਧ ਵੋਟਾਂ ਨਾਲ ਮਾਤ ਦੇਕੇ ਸਿਆਸੀ ਮਾਹਿਰਾਂ ਨੂੰ ਉਂਗਲਾਂ ਟੁੱਕਣ ਲਾ ਦਿੱਤਾ ਸੀ। ਆਪਣੇ ਸਿਆਸੀ ਭਵਿੱਖ ਸਬੰਧੀ ਲਾਈਆਂ ਜਾ ਰਹੀਆਂ ਅਟਕਲਾਂ ਦਰਮਿਆਨ ਮਨਪ੍ਰੀਤ ਬਾਦਲ ਨੇ 15 ਜਨਵਰੀ 2015 ਨੂੰ ਕਾਂਗਰਸ ਦੇ ਤੱਤਕਾਲੀ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਹਾਜਰੀ ’ਚ ਪੀਪਲਜ਼ ਪਾਰਟੀ ਦਾ ਕਾਂਗਰਸ ‘ਚ ਰਲੇਵਾਂ ਕਰ ਦਿੱਤਾ।
ਕਾਂਗਰਸ ਹਾਈਕਮਾਂਡ ਨੇ ਮਨਪ੍ਰੀਤ ਨੂੰ ਪੰਜਾਬ ਕਾਂਗਰਸ ਦਾ ਮੀਤ ਪ੍ਰਧਾਨ ਬਣਾਇਆ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦਾ ਮੈਨੀਫੈਸਟੋ ਤਿਆਰ ਕਰਨ ਵਰਗੀ ਅਹਿਮ ਜਿੰਮੇਵਾਰੀ ਦਿੱਤੀ। ਇੰਨ੍ਹਾਂ ਚੋਣਾਂ ਦੌਰਾਨ ਮਨਪ੍ਰੀਤ ਨੇ 18 ਹਜਾਰ ਤੋਂ ਵੱਧ ਵੋਟਾਂ ਨਾਲ ਬਠਿੰਡਾ ਜਿੱਤਿਆ। ਮਨਪ੍ਰੀਤ ਬਾਦਲ ਨੂੰ ਕਈ ਮਾਮਲਿਆਂ ’ਚ ਵਿਰੋਧੀਆਂ ਦੀ ਲਗਾਤਾਰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ। ਇਸ ਦੌਰਾਨ ਬਠਿੰਡਾ ਵੱਡੇ ਵੱਡੇ ਅੰਦੋਲਨਾਂ ਦਾ ਅਖਾੜਾ ਬਣਿਆ ਰਿਹਾ ਜਿੰਨਾਂ ਦਾ ਨਿਸ਼ਾਨਾ ਸਿੱਧਾ ਮਨਪ੍ਰੀਤ ਬਣਿਆ। ਸਾਲ 2022 ਚੋਣਾਂ ਮੌਕੇ ਮਨਪ੍ਰੀਤ ਬਾਦਲ ਆਪਣੇ ਹੀ ਸਾਬਕਾ ਸਾਥੀ ਜਗਰੂਪ ਗਿੱਲ ਕੋਲੋਂ 65 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰ ਗਿਆ। ਬਠਿੰਡਾ ’ਚ ਬੀਡੀਏ ਪਲਾਟ ਮਾਮਲੇ ’ਚ ਮਨਪ੍ਰੀਤ ਖਿਲਾਫ ਵਿਜੀਲੈਂਸ ਕੇਸ ਦਰਜ ਕੀਤਾ ਗਿਆ ਜਿਸ ਨੇ ਉਸ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਕੀਤੀਆਂ। ਜਨਵਰੀ 2023 ’ਚ ਮਨਪ੍ਰੀਤ ਨੇ ਭਾਜਪਾ ’ਚ ਸ਼ਮੂਲੀਅਤ ਕਰ ਲਈ। ਭਾਜਪਾ ਤਰਫੋਂ 2024 ’ਚ ਗਿੱਦੜਬਾਹਾ ਜਿਮਨੀ ਚੋਣ ਲੜੀ ਪਰ ਸਫਲਤਾ ਨਾਂ ਮਿਲੀ।
ਭਾਜਪਾ ਨੂੰ ਕ੍ਰਿਸ਼ਮੇ ਦੀ ਆਸ
ਮਨਪ੍ਰੀਤ ਬਾਦਲ ਨੂੰ ਕੌਮੀ ਪ੍ਰਧਾਨ ਬਨਾਉਣ ਪਿੱਛੇ ਭਾਜਪਾ ਨੂੰ ਸਿਆਸੀ ਕ੍ਰਿਸ਼ਮੇ ਦੀ ਆਸ ਨਜ਼ਰ ਆਉਂਦੀ ਹੈ। ਹਾਲਾਂਕਿ 2024 ’ਚ 18.56 ਫੀਸਦੀ ਵੋਟਾਂ ਦਾ ਅੰਕੜਾ ਭਾਜਪਾ ਲਈ ਉਤਸ਼ਾਹਜਨਕ ਹੈ ਪਰ ਵਿਧਾਨ ਸਭਾ ਦਾ ਗਣਿੱਤ ਵੱਖਰਾ ਹੋਣ ਕਰਕੇ ਇਸ ਕਰਕੇ ਪੰਜਾਬ ’ਚ ਵਿੱਤ ਮੰਤਰੀ ਵਰਗੇ ਅਹਿਮ ਅਹੁਦੇ ’ਤੇ ਕੰਮ ਕਰਨ ਕਰਕੇ ਮਨਪ੍ਰੀਤ ਤੇ ਹੁਣ ਅਹਿਮ ਜਿੰਮੇਵਾਰੀ ਆ ਗਈ ਹੈ।
- Download Babushahi App
-
-