ਬਠਿੰਡਾ ਜ਼ਿਲ੍ਹੇ ਵਿੱਚ 14.57 ਕਰੋੜ ਦੀ ਲਾਗਤ ਨਾਲ 35 ਮੋਘਿਆਂ ਦਾ ਨਵੀਨੀਕਰਨ : ਬਰਿੰਦਰ ਕੁਮਾਰ ਗੋਇਲ
ਅਸ਼ੋਕ ਵਰਮਾ
ਜੀਦਾ (ਬਠਿੰਡਾ)19 ਅਗਸਤ 2026:ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਦਿਆਂ ਸੂਬੇ ਨੂੰ ਤਰੱਕੀ ਵੱਲ ਲਿਜਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਲ ਸਰੋਤ ਮੰਤਰੀ ਪੰਜਾਬ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਜੀਦਾ ਵਿਖੇ ਨਵੇਂ ਨਹਿਰੀ ਪਾਣੀ ਦੇ ਖਾਲਾਂ ਦਾ ਉਦਘਾਟਨ ਕਰਦਿਆਂ ਕੀਤਾ।
ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਅੱਜ ਦੇ ਇਸ ਉਦਘਾਟਨ ਵਾਲੇ ਖਾਲਾਂ ਦੇ ਨਵੀਨੀਕਰਨ ‘ਤੇ 14.57 ਕਰੋੜ ਰੁਪਏ ਖਰਚਾ ਆਇਆ ਹੈ, ਇਸ ਨਾਲ 16 ਪਿੰਡਾਂ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ। ਇਨ੍ਹਾਂ ਖਾਲਾਂ ਦੇ ਨਵੀਨੀਕਰਨ ਨਾਲ ਨਹਿਰੀ ਸਿੰਚਾਈ ਲਈ 5453 ਏਕੜ ਵਧ ਕੇ 7163 ਏਕੜ ਹੋ ਜਾਵੇਗਾ। ਜਦਕਿ ਪਹਿਲਾਂ ਇਨ੍ਹਾਂ ਖਾਲਾਂ ਦੇ ਪਾਣੀ ਨਾਲ 1710 ਏਕੜ ਰਕਬੇ ਵਿੱਚ ਸਿੰਚਾਈ ਹੁੰਦੀ ਸੀ। ਨਿਉਰ ਮਾਈਨਰ ਤਹਿਤ ਪਿੰਡ ਜੀਦਾ ਦੇ 1.29 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਖਾਲਾਂ ਦੀ ਲੰਬਾਈ 5.30 ਕਿਲੋਮੀਟਰ ਹੈ ਅਤੇ ਇਨ੍ਹਾਂ ਖਾਲਾਂ ਨਾਲ ਜੀਦਾ ਦੇ ਕਿਸਾਨਾਂ ਦੇ 500 ਏਕੜ ਰਕਬੇ ਨੂੰ ਹੁਣ ਨਹਿਰੀ ਪਾਣੀ ਪੁੱਜੇਗਾ।
ਮੰਤਰੀ ਸ੍ਰੀ ਗੋਇਲ ਨੇ ਕਿਹਾ ਕਿ ਨਹਿਰਾਂ ਅਤੇ ਖਾਲਾਂ ਦੇ ਨਵੀਨੀਕਰਨ, ਵਿਸਥਾਰ ਅਤੇ ਨਵੀਆਂ ਨਹਿਰਾਂ-ਖਾਲਾਂ ਦੀ ਉਸਾਰੀ ਨਾਲ ਸਿੰਚਾਈ ਲਈ ਪਾਣੀ ਦੀ ਵਧੇਰੇ ਕੁਸ਼ਲ ਵਰਤੋਂ ਯਕੀਨੀ ਬਣੇਗੀ। ਇਸ ਨਾਲ ਪਾਣੀ ਦੀ ਬੱਚਤ ਹੋਣ ਦੇ ਨਾਲ-ਨਾਲ ਕਿਸਾਨਾਂ ਦੀ ਟਿਊਬਵੈੱਲਾਂ ’ਤੇ ਨਿਰਭਰਤਾ ਘਟੇਗੀ, ਬਿਜਲੀ ਦੀ ਖਪਤ ਵਿੱਚ ਕਮੀ ਆਵੇਗੀ ਅਤੇ ਸਿੰਚਾਈ ’ਤੇ ਹੋਣ ਵਾਲਾ ਖਰਚਾ ਵੀ ਘਟੇਗਾ। ਇਸ ਦੇ ਨਤੀਜੇ ਵਜੋਂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਟਿਕਾਊ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਦੇ ਸਰਕਾਰ ਦੇ ਯਤਨਾਂ ਨੂੰ ਹੋਰ ਮਜ਼ਬੂਤੀ ਮਿਲੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਹਿੱਸੇ ਵਿੱਚ ਸਿੰਚਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ, ਸੁਚਾਰੂ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਸਿੰਚਾਈ ਨਾਲ ਸਬੰਧਤ ਅਜਿਹੇ ਵਿਕਾਸ ਪ੍ਰੋਜੈਕਟਾਂ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕੀਤਾ ਜਾਵੇਗਾ, ਤਾਂ ਜੋ ਕਿਸਾਨਾਂ ਨੂੰ ਖੇਤੀਬਾੜੀ ਲਈ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਸਮੇਂ ਸਿਰ ਮੁਹੱਈਆ ਕਰਵਾਈਆਂ ਜਾ ਸਕਣ। ਇਸ ਨਾਲ ਨਾ ਸਿਰਫ਼ ਖੇਤੀਬਾੜੀ ਦੀ ਉਤਪਾਦਕਤਾ ਵਿੱਚ ਸੁਧਾਰ ਹੋਵੇਗਾ, ਸਗੋਂ ਪਾਣੀ ਅਤੇ ਊਰਜਾ ਵਰਗੇ ਕੀਮਤੀ ਕੁਦਰਤੀ ਸਰੋਤਾਂ ਦੀ ਸੰਭਾਲ ਨੂੰ ਵੀ ਹੁਲਾਰਾ ਮਿਲੇਗਾ।
ਇਸ ਮੌਕੇ ਵਿਧਾਨ ਸਭਾ ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ, ਚੇਅਰਮੈਨ ਸੂਗਰਫੈਡ ਅਤੇ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਸ਼੍ਰੀ ਨਵਦੀਪ ਜੀਦਾ, ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਅਮਨਦੀਪ ਸਿੰਘ ਮਾਵੀ, ਹਰਸਿਮਰਨ ਸਿੰਘ ਤੋਂ ਇਲਾਵਾ ਪਿੰਡ ਵਾਸੀ, ਵੱਖ-ਵੱਖ ਅਹੁਦੇਦਾਰ ਤੇ ਵਰਕਰ ਆਦਿ ਹਾਜ਼ਰ ਸਨ।
- Download Babushahi App
-
-