ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਾ: ਯੂਪੀ ਸਰਕਾਰ ਨੇ ਐਸਆਈਟੀ ਦੀ ਅੰਤਿਮ ਰਿਪੋਰਟ ਸ਼੍ਰੀ ਰਾਮ ਜਨਮ ਭੂਮੀ ਟਰੱਸਟ ਨੂੰ ਸੌਂਪੀ
ਬਾਬੂਸ਼ਾਹੀ ਬਿਊਰੋ
18 ਅਗਸਤ, 2026, ਅਯੁੱਧਿਆ
ਉੱਤਰ ਪ੍ਰਦੇਸ਼ ਸਰਕਾਰ ਨੇ ਅਯੁੱਧਿਆ ਦੇ ਸ਼੍ਰੀ ਰਾਮ ਜਨਮ ਭੂਮੀ ਮੰਦਰ ਵਿੱਚ ਚੜ੍ਹਾਵੇ ਦੀ ਚੋਰੀ ਨਾਲ ਸਬੰਧਤ ਪਹਿਲੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਅੰਤਿਮ ਰਿਪੋਰਟ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੂੰ ਸੌਂਪ ਦਿੱਤੀ ਹੈ। ਸੋਮਵਾਰ ਨੂੰ ਜਾਰੀ ਕੀਤੀ ਗਈ ਇਹ ਰਿਪੋਰਟ ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਨਵੀਂ ਐਸਆਈਟੀ ਦੇ ਗਠਨ ਤੋਂ ਪਹਿਲਾਂ ਹੀ ਤਿਆਰ ਕਰ ਲਈ ਗਈ ਸੀ।
ਇਹ ਜਾਂਚ ਟੀਮ 13 ਜੂਨ ਨੂੰ ਟਰੱਸਟ ਦੀ ਮੰਗ 'ਤੇ ਲਖਨਊ ਦੇ ਡਿਵੀਜ਼ਨਲ ਕਮਿਸ਼ਨਰ ਵਿਜੇ ਵਿਸ਼ਵਾਸ ਪੰਤ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਸੀ, ਜਿਸ ਵਿੱਚ ਆਈਜੀ ਕਿਰਨ ਐਸ. ਅਤੇ ਵਿਸ਼ੇਸ਼ ਸਕੱਤਰ ਨੀਲ ਰਤਨ ਕੁਮਾਰ ਸ਼ਾਮਲ ਸਨ। ਟੀਮ ਦੀ ਸ਼ੁਰੂਆਤੀ ਰਿਪੋਰਟ ਦੇ ਆਧਾਰ 'ਤੇ 25 ਜੂਨ ਨੂੰ ਟਰੱਸਟ ਮੈਂਬਰ ਕ੍ਰਿਸ਼ਨਮੋਹਨ ਦੀ ਲਿਖਤੀ ਸ਼ਿਕਾਇਤ ਉੱਤੇ ਅਵਿਨਾਸ਼ ਸ਼ੁਕਲਾ, ਅਨੁਕਲਪ ਮਿਸ਼ਰਾ, ਲਵਕੁਸ਼ ਮਿਸ਼ਰਾ, ਮਨੀਸ਼ ਕੁਮਾਰ ਯਾਦਵ, ਕਰੁਣੇਸ਼ ਪਾਂਡੇ, ਰਾਮਸ਼ੰਕਰ ਮਿਸ਼ਰਾ, ਸੁਭਾਸ਼ ਸ਼੍ਰੀਵਾਸਤਵ ਅਤੇ ਰਾਮ ਸ਼ੰਕਰ ਯਾਦਵ ਉਰਫ਼ ਟੀਨੂੰ ਸਮੇਤ ਕੁਝ ਅਣਪਛਾਤਿਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ।
ਮੁਲਜ਼ਮਾਂ ਵਿਰੁੱਧ ਭਾਰਤੀ ਦੰਡ ਸੰਹਿਤਾ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਰਾਜ ਸਰਕਾਰ ਨੇ ਇੱਕ ਨਵੀਂ ਐਸਆਈਟੀ ਦਾ ਗਠਨ ਕੀਤਾ ਹੈ, ਜਿਸ ਵਿੱਚ ਆਈਜੀ ਕਿਰਨ ਐਸ, ਡੀਆਈਜੀ ਸੋਮਨ ਵਰਮਾ, ਅਯੁੱਧਿਆ ਐਸਐਸਪੀ ਗੌਰਵ ਗਰੋਵਰ, ਇੱਕ ਫੋਰੈਂਸਿਕ ਆਡੀਟਰ ਅਤੇ ਇੱਕ ਏਐਸਪੀ ਸ਼ਾਮਲ ਹਨ, ਜੋ ਇਸ ਸਮੇਂ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਹਨ।
- Download Babushahi App
-
-