ਜਲੰਧਰ ਰੈਲੀ ਦੀ ਤਿਆਰੀ ਲਈ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਮਾਲਵੇ ਦੀ ਸਾਂਝੀ ਕਨਵੈਨਸ਼ਨ
ਅਸ਼ੋਕ ਵਰਮਾ
ਮਾਨਸਾ, 18 ਅਗਸਤ 2026 :ਆਲ ਇੰਡੀਆ ਕਿਸਾਨ ਮਹਾਸਭਾ ਦੀ ਪੰਜਵੀਂ ਕੌਮੀ ਡੈਲੀਗੇਟ ਕਾਨਫਰੰਸ ਮੌਕੇ 20 ਸਤੰਬਰ ਨੂੰ ਜਲੰਧਰ ਵਿਖੇ ਕੀਤੀ ਜਾਣ ਵਾਲੀ ਇਤਿਹਾਸਕ ਕਿਸਾਨ ਮਜ਼ਦੂਰ ਰੈਲੀ ਦੀਆਂ ਤਿਆਰੀਆਂ ਲਈ ਅੱਜ ਇਥੇ ਬਾਬਾ ਬੂਝਾ ਸਿੰਘ ਭਵਨ ਵਿਖੇ ਮਾਲਵਾ ਖਿੱਤੇ ਦੇ ਜ਼ਿਲਿਆਂ ਦੇ ਕਿਸਾਨ ਮਜ਼ਦੂਰ ਕਾਰਕੁਨਾਂ ਦੀ ਇਕ ਭਰਵੀਂ ਸਾਂਝੀ ਕਨਵੈਨਸ਼ਨ ਹੋਈ।ਇਸ ਰੈਲੀ ਵਿੱਚ ਔਰਤਾਂ ਅਤੇ ਨੌਜਵਾਨਾਂ ਦੀ ਵਿਆਪਕ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।ਪੰਜਾਬ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ ਪੰਜਾਬ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਬੁਲਾਈ ਗਈ ਇਸ ਕਨਵੈਨਸ਼ਨ ਦੀ ਪ੍ਰਧਾਨਗੀ ਰਾਮਫਲ ਸਿੰਘ ਚੱਕ ਅਲੀਸ਼ੇਰ, ਊਧਮ ਸਿੰਘ ਸੰਤੋਖਪੁਰਾ, ਗੋਬਿੰਦ ਸਿੰਘ ਛਾਜਲੀ,ਬੂਟਾ ਸਿੰਘ ਚੱਕਰ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਆਤਮਾ ਰਾਮ ਸਰਦੂਲਗੜ੍ਹ, ਮੰਗਤ ਰਾਮ ਕਰੰਡੀ ਅਤੇ ਜੱਗਾ ਸਿੰਘ ਖੂਹੀਆਂ ਸਰਵਰ ਨੇ ਕੀਤੀ ਅਤੇ ਮੰਚ ਸੰਚਾਲਨ ਪੰਜਾਬ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਭੀਖੀ ਵਲੋਂ ਕੀਤਾ ਗਿਆ।
ਕਨਵੈਨਸ਼ਨ ਦੀ ਸ਼ੁਰੂਆਤ ਪਿਛਲੇ ਦਿਨੀਂ ਸਦਾ ਲਈ ਵਿਛੜ ਗਏ ਕਿਸਾਨ ਮਹਾਸਭਾ ਦੇ ਕੌਮੀ ਉਪ ਪ੍ਰਧਾਨ ਪ੍ਰੇਮ ਸਿੰਘ ਗਹਿਲਾਵਤ, ਰਾਜਸਥਾਨ ਦੇ ਸੀਨੀਅਰ ਕਿਸਾਨ ਆਗੂ ਕਾਮਰੇਡ ਮਹੇਂਦਰ ਚੌਧਰੀ, ਕਿਰਤੀ ਕਿਸਾਨ ਯੂਨੀਅਨ ਦੇ ਇਕ ਗਰੁੱਪ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ, ਫਫੜੇ ਭਾਈ ਕੇ ਦੇ ਇਤਿਹਾਸਕ ਗੁਰਦੁਆਰੇ ਸਾਹਿਬ ਦੇ ਸੰਘਰਸ਼ ਪੱਖੀ ਪ੍ਰਧਾਨ ਹਰਦੇਵ ਸਿੰਘ ਬਾਦਲ ਨੂੰ ਸ਼ਰਧਾਂਜਲੀ ਵਜੋਂ ਇਕ ਮਿੰਟ ਦਾ ਮੋਨ ਧਾਰਨ ਨਾਲ ਹੋਈ।ਕਨਵੈਨਸ਼ਨ ਨੂੰ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸੁਖਦਰਸ਼ਨ ਸਿੰਘ ਨੱਤ, ਦਰਸ਼ਨ ਸਿੰਘ ਬੇਲੂ ਮਾਜਰਾ, ਅਮਰੀਕ ਸਿੰਘ ਫਫੜੇ, ਰਾਮਫਲ ਸਿੰਘ ਚੱਕ ਅਲੀਸ਼ੇਰ, ਲਾਲ ਚੰਦ ਸਰਦੂਲਗੜ੍ਹ, ਊਧਮ ਸਿੰਘ ਸੰਤੋਖਪੁਰਾ, ਇਕਬਾਲ ਕੌਰ ਉਦਾਸੀ ,ਇਨਕਲਾਬੀ ਨੌਜਵਾਨ ਸਭਾ ਆਗੂ ਹਰਵਿੰਦਰ ਸਿੰਘ ਜੋੜਕੀਆਂ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਬਲਵਿੰਦਰ ਘਰਾਂਗਣਾ, ਪ੍ਰਗਟ ਸਿੰਘ ਜਾਮਾਰਾਏ ਅਤੇ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਸੰਬੋਧਨ ਕੀਤਾ। ਇਸ ਮੌਕੇ '20 ਸਤੰਬਰ ਚਲੋ ਜਲੰਧਰ' ਦਾ ਨਾਹਰਾ ਦਿੱਤਾ ਗਿਆ।
ਬੁਲਾਰਿਆਂ ਨੇ ਕਿਹਾ ਕਿ ਦੇਸ਼ ਵਿੱਚ ਕਾਰਪੋਰੇਟ ਪ੍ਰਸਤ ਫਿਰਕੂ ਫਾਸ਼ੀਵਾਦੀ ਮੋਦੀ ਸਰਕਾਰ ਮਿਹਨਤ ਕਰਕੇ ਅਪਣਾ ਗੁਜ਼ਾਰਾ ਕਰਨ ਵਾਲੇ ਸਮੁੱਚੇ ਦੇਸ਼ ਵਾਸੀਆਂ ਨੂੰ, ਜੋ ਅਪਣੇ ਨਾਲ ਹੋ ਰਹੇ ਅਨਿਆਂ ਅਤੇ ਜਲ ਜੰਗਲ ਜ਼ਮੀਨ ਵਰਗੇ ਸਾਰੇ ਸੋਮਿਆਂ ਨੂੰ ਅਡਾਨੀ ਅੰਬਾਨੀ ਵਰਗੇ ਮੋਦੀ ਸਰਕਾਰ ਦੇ ਚਹੇਤਿਆਂ ਦੇ ਹਵਾਲੇ ਕਰਨ, ਸਿਖਿਆ ਤੇ ਸਿਹਤ ਵਰਗੇ ਬੁਨਿਆਦੀ ਖੇਤਰਾਂ ਨੂੰ ਮੁਨਾਫ਼ੇਖੋਰ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕੀਤੇ ਜਾਣ ਦਾ ਵਿਰੋਧ ਕਰਦਾ ਹੈ, ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਸਭਨਾਂ ਨੂੰ ਲਾਲ ਕਿਲ੍ਹੇ ਦੀ ਫਸੀਲ ਤੋਂ 'ਦਿਮਾਗੀ ਨਕਸਲ' ਕਰਾਰ ਦੇ ਕੇ ਕੁਚਲਣ ਦੀਆਂ ਸਕੀਮਾਂ ਘੜ ਰਹੇ ਹਨ।
ਉਹਨਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਅਮਰੀਕਾ ਨਾਲ ਕੀਤਾ ਜਾ ਰਿਹਾ ਮੁਕਤ ਵਪਾਰ ਸਮਝੌਤਾ ਲਾਗੂ ਹੋਣ ਨਾਲ ਦੇਸ਼ ਦੇ ਕਰੋੜਾਂ ਕਿਸਾਨਾਂ ਮਜ਼ਦੂਰਾਂ ਅਤੇ ਪ੍ਰਚੂਨ ਵਪਾਰੀਆਂ ਦੇ ਕਿੱਤੇ ਅਤੇ ਰੁਜ਼ਗਾਰ ਨੂੰ ਬੁਰੀ ਤਰ੍ਹਾਂ ਤਬਾਹ ਕਰ ਦੇਵੇਗਾ। ਮਨਰੇਗਾ ਅਤੇ ਕਿਰਤ ਕਾਨੂੰਨਾਂ ਨੂੰ ਬੇਜਾਨ ਕਰਕੇ ਬੀਜੇਪੀ ਸਰਕਾਰ ਨੇ ਦੇਸ਼ ਦੇ ਸਮੁੱਚੇ ਖੇਤ ਮਜ਼ਦੂਰਾਂ ਤੇ ਪੇਂਡੂ ਗਰੀਬਾਂ ਨੂੰ ਭੁੱਖਮਰੀ ਤੇ ਤਬਾਹੀ ਵੱਲ ਧੱਕ ਦਿੱਤਾ ਹੈ। ਇਸੇ ਲਈ ਇੰਨਾਂ ਭਿਆਨਕ ਹਮਲਿਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਇਕਜੁੱਟ ਹੋ ਕੇ 20 ਸਤੰਬਰ ਨੂੰ ਜਲੰਧਰ ਵਿਖੇ ਇਕ ਵਿਸ਼ਾਲ ਕਿਸਾਨ ਮਜ਼ਦੂਰ ਰੈਲੀ ਕਰ ਰਹੀਆਂ ਹਨ।
ਬੁਲਾਰਿਆਂ ਇਹ ਵੀ ਦਸਿਆ ਕਿ ਜਲੰਧਰ ਰੈਲੀ ਦੇ ਮੰਚ ਤੋਂ ਜੰਤਰ ਮੰਤਰ ਤੇ ਚਲੇ ਸ਼ਕਤੀਸ਼ਾਲੀ ਵਿਦਿਆਰਥੀ ਅੰਦੋਲਨ ਦੌਰਾਨ 23 ਦਿਨ ਤੱਕ ਮਰਨ ਵਰਤ ਰੱਖਣ ਵਾਲੇ ਵਾਲੇ ਵਿਦਿਆਰਥੀ ਆਗੂਆਂ ਨੇਹਾ ਬੋਰਾ ਅਤੇ ਆਮੀਨ ਅਮਿਤੋਜ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਰੈਲੀ ਤੋਂ ਬਾਅਦ ਆਰੰਭ ਹੋਣ ਵਾਲੀ ਆਲ ਇੰਡੀਆ ਕਿਸਾਨ ਮਹਾਸਭਾ ਦੀ ਦੋ ਰੋਜ਼ਾ ਡੈਲੀਗੇਟ ਕਾਨਫਰੰਸ ਵਿੱਚ ਵੀਹ ਤੋਂ ਵਧੇਰੇ ਸੂਬਿਆਂ ਦੇ ਲੱਗਭਗ ਇਕ ਹਜ਼ਾਰ ਡੈਲੀਗੇਟ ਹਾਜ਼ਰ ਹੋਣਗੇ। ਸਮੂਹ ਕਾਰਕੁਨਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਘਰ ਘਰ ਪਹੁੰਚ ਕਰਕੇ ਸਹਾਇਤਾ ਵੀ ਇਕੱਤਰ ਕਰਨ ਅਤੇ ਵੱਧ ਤੋਂ ਵੱਧ ਜਨਤਾ ਨੂੰ ਜਲੰਧਰ ਲਿਜਾਣ ਲਈ ਵਕੀਲਾਂ ਦਾ ਵੀ ਅਗਾਊਂ ਇੰਤਜ਼ਾਮ ਕਰਨ। ਲੋਕ ਗਾਇਕ ਅਜਮੇਰ ਅਕਲੀਆ ਨੇ ਅਪਣੇ ਇਨਕਲਾਬੀ ਗੀਤਾਂ ਨਾਲ ਚੰਗਾ ਰੰਗ ਬੰਨਿਆ।
ਇਸ ਮੌਕੇ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕਰਨ ਵਾਲਿਆਂ ਵਿੱਚ ਪ੍ਰਗਤੀਸ਼ੀਲ ਇਸਤਰੀ ਸਭਾ ਦੀ ਆਗੂ ਜਸਬੀਰ ਕੌਰ ਨੱਤ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਘਰਾਂਗਣਾ, ਕਾਮਰੇਡ ਅਮੀ ਲਾਲ ਬਠਿੰਡਾ,ਨਰਿੰਦਰ ਕੌਰ ਬੁਰਜ ਹਮੀਰਾ, ਘੁਮੰਡ ਸਿੰਘ ਖਾਲਸਾ ਉਗਰਾਹਾਂ,ਧੰਨਾ ਸਿੰਘ ਟਾਹਲੀਆਂ,ਗੁਰਸੇਵਕ ਮਾਨ, ਦਰਸ਼ਨ ਸਿੰਘ ਫੁੱਲੋ ਮਿੱਠੀ ਰਮੇਸ਼ ਚੰਦਰ ਫਾਜ਼ਿਲਕਾ ਅਤੇ ਸੁਖਵਿੰਦਰ ਸਿੰਘ ਧਾਲੀਵਾਲ ਵੀ ਸ਼ਾਮਲ ਸਨ।
- Download Babushahi App
-
-