ਬਿਜਲੀ ਨਿਗਮ ਮੈਨੇਜਮੈਂਟ ਅਤੇ ਪੁਲਿਸ ਪ੍ਰਸ਼ਾਸਨ ਦੇ ਭਰੋਸੇ ਨਾਲ ਤਰਸ ਆਧਾਰ ਨੌਕਰੀ ਵਾਲੇ ਬੇਰੁਜ਼ਗਾਰ ਮੋਬਾਈਲ ਟਾਵਰ ਤੋਂ ਥੱਲੇ ਉਤਰੇ
ਪਟਿਆਲਾ 14 ਅਗਸਤ (ਗੁਰਪ੍ਰੀਤ ਸਿੰਘ ਜਖਵਾਲੀ) ਬੇਰੁਜ਼ਗਾਰ ਮ੍ਰਿਤਕ ਆਸਰਿਤ ਸੰਘਰਸ਼ ਕਮੇਟੀ ਪੀ.ਐਸ.ਪੀ.ਸੀ.ਐਲ ਪਟਿਆਲਾ (ਪੰਜਾਬ) ਵਲੋਂ ਸਬੰਧਿਤ ਵਿਭਾਗ ਵਿਚ ਤਰਸ ਆਧਾਰ ਨੌਕਰੀਆਂ ਲਈ ਵਿੱਢੇ ਗਏ ਸੰਘਰਸ਼ ਤਹਿਤ 3 ਜੂਨ ਤੋਂ ਲਗਾਤਾਰ ਬਿਜਲੀ ਨਿਗਮ ਦੇ ਮੁੱਖ ਦਫਤਰ ਪਟਿਆਲਾ ਅੱਗੇ ਧਰਨਾ ਲਗਾਇਆ ਗਿਆ ਸੀ ਅਤੇ ਧਰਨੇ ਦੇ ਨਾਲ-ਨਾਲ 21 ਜੁਲਾਈ ਤੋਂ ਦੋ ਬੇਰੁਜ਼ਗਾਰਾਂ ਨੇ ਕਾਲੀ ਮਾਤਾ ਮੰਦਿਰ ਦੇ ਸਾਹਮਣੇ ਬੀ.ਐਸ.ਐਨ.ਐਲ ਟਾਵਰ ਉੱਪਰ ਚੜ ਕੇ ਸੰਘਰਸ਼ ਨੂੰ ਹੋਰ ਤਿੱਖਾ ਕਰ ਦਿੱਤਾ ਸੀ। ਪ੍ਰੰਤੂ ਬਿਜਲੀ ਨਿਗਮ ਮੈਨੇਜਮੈਂਟ ਦੇ ਅਧਿਕਾਰੀਆਂ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਜਥੇਬੰਦੀ ਨੂੰ ਮੰਗਾਂ ਮੰਨਣ ਦੇ ਭਰੋਸੇ ਨਾਲ ਸਹਿਮਤ ਕੀਤਾ ਤਾਂ ਜੋ ਟਾਵਰ ਉੱਪਰ ਚੜੇ ਬੇਰੁਜਗਾਰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਖੁਦ ਪਹੁੰਚ ਕੇ ਦੋ ਬੇਰੁਜ਼ਗਾਰਾਂ ਬਲਕਰਨ ਸਿੰਘ ਤੇ ਦੂਮ ਬਹਾਦਰ ਨੂੰ ਥੱਲੇ ਉਤਾਰਿਆ ਗਿਆ। ਆਈ.ਆਰ ਮੈਨੇਜਰ ਰਣਬੀਰ ਸਿੰਘ, ਡਿਪਟੀ ਮੈਨੇਜਰ ਸਿਮਰਦੀਪ ਸਿੰਘ, ਮੈਨੇਜਰ ਸੰਚਿਤ ਤਵੇਤੀਆ ਈ.ਐਨ.ਜੀ-2, ਐਸ.ਪੀ ਸਿਟੀ-1 ਪਲਵਿੰਦਰ ਸਿੰਘ ਚੀਮਾ, ਡੀ.ਐਸ.ਪੀ ਸੰਜੀਵ ਸਿੰਗਲਾ ਤੇ ਪ੍ਰਧਾਨ ਅਵਤਾਰ ਸਿੰਘ ਕੈਂਥ ਨੇ ਪ੍ਰਦਰਸ਼ਨਕਾਰੀਆਂ ਦੇ ਧਰਨੇ ਵਿਚ ਪਹੁੰਚ ਕੇ ਅਹਿਮ ਭੂਮਿਕਾ ਨਿਭਾਈ। ਜਥੇਬੰਦੀ ਦੇ ਸੂਬਾਈ ਆਗੂ ਚਰਨਜੀਤ ਸਿੰਘ ਦਿਉਣ ਨੇ ਦੱਸਿਆ ਕਿ 25 ਅਗਸਤ ਨੂੰ ਬਿਜਲੀ ਨਿਗਮ ਨਾਲ ਸਬੰਧਿਤ ਵੱਖ-ਵੱਖ ਡਾਇਰੈਕਟਰਾਂ ਦੇ ਨਾਲ ਜਥੇਬੰਦੀ ਦੀ ਮੀਟਿੰਗ ਹੋਵੇਗੀ, ਜਿਸ ਵਿਚ ਮੰਗਾਂ ਦੇ ਏਜੰਡੇ ਨੂੰ ਤਿਆਰ ਕਰਕੇ ਬੋਰਡ ਆਫ ਡਾਇਰੈਕਟਰਜ ਦੀ ਮੀਟਿੰਗ ਵਿਚ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਬੇਰੁਜਗਾਰ ਆਗੂ ਦਿਉਣ ਨੇ ਅੱਗੇ ਕਿਹਾ ਕਿ ਜੇਕਰ ਫਿਰ ਸਾਡੀਆਂ ਮੰਗਾਂ ਨੂੰ ਅਣਗੌਲਿਆ ਕਰਕੇ ਟਾਲ ਮਟੋਲ ਕੀਤੀ ਤਾਂ ਭਵਿੱਖ ਦੇ ਤਿੱਖੇ ਸੰਘਰਸ ਦੀ ਜਿੰਮੇਵਾਰੀ ਬਿਜਲੀ ਨਿਗਮ ਮੈਨੇਜਮੈਂਟ ਅਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਗੁਰਤੇਜ ਸਿੰਘ ਫ਼ਤਹਿਗੜ੍ਹ ਸਾਹਿਬ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਰਾਜਵੀਰ ਸਿੰਘ, ਦਲਵਿੰਦਰ ਸਿੰਘ, ਸੋਨੀ ਗਰਗ, ਵਿਨੋਦ ਕੁਮਾਰ ਆਦਿ ਬੇਰੁਜਗਾਰ ਹਾਜ਼ਰ ਸਨ।
ਕੈਪਸਨ: ਪਟਿਆਲਾ ਵਿਖੇ ਟਾਵਰ ਤੋਂ ਥੱਲੇ ਉਤਾਰਨ ਉਪਰੰਤ ਬੇਰੁਜਗਾਰਾਂ ਨੂੰ ਅਗਲੇਰੀ ਮੀਟਿੰਗ ਦਾ ਪੱਤਰ ਦਿੰਦੇ ਹੋਏ ਐਸ.ਪੀ ਪਲਵਿੰਦਰ ਸਿੰਘ ਚੀਮਾ, ਡੀ ਐਸ ਪੀ ਸੰਜੀਵ ਸਿੰਗਲਾ ਤੇ ਹੋਰ।
- Download Babushahi App
-
-