ਮੱਧੇਪੁਰ 'ਚ ਮਾਈਨਿੰਗ ਮਾਫੀਆ ਦਾ ਨੰਗਾ ਨਾਚ
ਡਿਸਿਲਟਿੰਗ ਦੀ ਆੜ 'ਚ ਖਾਕੀ, ਖੱਦਰ ਤੇ ਕੰਪਨੀ ਦਾ ਮਹਾਂ-ਗਠਜੋੜ ਬੇਨਕਾਬ
ਕੀ ਸਿਆਸੀ ਆਕਾਵਾਂ ਦੀ ਸ਼ਹਿ 'ਤੇ ਨਿਯਮਾਂ ਦੀਆਂ ਉੱਡ ਰਹੀਆਂ ਨੇ ਧੱਜੀਆਂ?
ਸ਼ਿਕਾਇਤਕਰਤਾ ਨੇ ਲਾਈਵ ਵੀਡੀਓਜ਼ ਨਾਲ ਖੋਲ੍ਹੀ ਪੋਲ!
ਜਗਰਾਉਂ: ਦੀਪਕ ਜੈਨ
ਪੰਜਾਬ ਵਿੱਚ ਮਾਈਨਿੰਗ ਮਾਫੀਆ ਨੂੰ ਨੱਥ ਪਾਉਣ ਦੇ ਸਰਕਾਰੀ ਦਾਅਵਿਆਂ ਦੀ ਉਸ ਵੇਲੇ ਫੂਕ ਨਿਕਲ ਗਈ, ਜਦੋਂ ਪਿੰਡ ਮੱਧੇਪੁਰ ਵਿਖੇ 'ਡਿਸਿਲਟਿੰਗ' ਦੇ ਪਵਿੱਤਰ ਨਾਂ ਹੇਠ ਚੱਲ ਰਹੀ ਰੇਤੇ ਦੀ ਸ਼ਰੇਆਮ ਲੁੱਟ ਦਾ ਵੱਡਾ ਪਰਦਾਫਾਸ਼ ਹੋਇਆ। ਐੱਮ.ਕੇ.ਸੀ. (M.K.C.) ਕੰਪਨੀ ਅਤੇ ਇੱਕ ਰਸੂਖਦਾਰ ਸੱਤਾਧਾਰੀ ਆਗੂ ਦੀ ਮਿਲੀਭੁਗਤ ਨੇ ਪੂਰੇ ਇਲਾਕੇ ਵਿੱਚ ਤਰਥੱਲੀ ਮਚਾ ਦਿੱਤੀ ਹੈ।
ਸ਼ਿਕਾਇਤਕਰਤਾ ਗੁਰਜੀਤ ਸਿੰਘ (ਪੁੱਤਰ ਅਜੀਤ ਸਿੰਘ) ਨੇ ਵਿਜੀਲੈਂਸ, ਮਾਈਨਿੰਗ ਵਿਭਾਗ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਦੇ ਮੇਜ਼ਾਂ 'ਤੇ ਲਿਖਤੀ ਬੰਬ ਫੋੜਦਿਆਂ ਇਸ ਪੂਰੇ 'ਕਾਲੇ ਕਾਰੋਬਾਰ' ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
35 ਰੁਪਏ ਫੁੱਟ ਵਿਕ ਰਿਹਾ 'ਕਾਲਾ ਸੋਨਾ': ਗੁਰਜੀਤ ਸਿੰਘ ਦੇ ਸਨਸਨੀਖੇਜ਼ ਖੁਲਾਸਿਆਂ ਮੁਤਾਬਕ, ਡਿਸਿਲਟਿੰਗ (ਗਾਦ ਕੱਢਣ) ਦਾ ਬਹਾਨਾ ਲਾ ਕੇ ਕੰਪਨੀ ਸ਼ਰੇਆਮ ਕਮਰਸ਼ੀਅਲ ਰੇਤਾ ਕੱਢ ਰਹੀ ਹੈ ਅਤੇ ਇਸਨੂੰ ਮਾਰਕੀਟ ਵਿੱਚ 35 ਰੁਪਏ ਪ੍ਰਤੀ ਸਕੇਅਰ ਫੁੱਟ ਦੇ ਹਿਸਾਬ ਨਾਲ ਵੇਚ ਕੇ ਮੋਟੀਆਂ ਕਮਾਈਆਂ ਕੀਤੀਆਂ ਜਾ ਰਹੀਆਂ ਹਨ।
ਸੱਤਾਧਾਰੀ ਆਗੂ ਦੀ ਪੋਕਲੇਨ ਮਸ਼ੀਨ ਗਰਜੀ: ਸਭ ਤੋਂ ਵੱਡਾ ਝਟਕਾ ਇਹ ਹੈ ਕਿ ਇਸ ਨਜਾਇਜ਼ ਖੁਦਾਈ ਲਈ ਕਿਸੇ ਹੋਰ ਦੀ ਨਹੀਂ, ਸਗੋਂ ਖੁਦ ਇੱਕ ਸੱਤਾਧਾਰੀ ਧਿਰ ਦੇ ਲੀਡਰ ਦੀ ਪੋਕਲੇਨ ਮਸ਼ੀਨ ਵਰਤੀ ਜਾ ਰਹੀ ਹੈ। ਪੁਲਸ ਅਤੇ ਮਾਈਨਿੰਗ ਵਿਭਾਗ ਨੇ ਸਿਆਸੀ ਦਬਾਅ ਹੇਠ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਹੈ।
ਕੁਦਰਤ ਨਾਲ ਖਿਲਵਾੜ - ਹੜ੍ਹਾਂ ਦਾ ਖੌਫ: ਫਲੱਡ ਸੀਜ਼ਨ (ਹੜ੍ਹਾਂ ਦੇ ਮੌਸਮ) ਕਾਰਨ ਦਰਿਆ ਵਿੱਚੋਂ ਰੇਤਾ ਕੱਢਣ 'ਤੇ 3 ਮਹੀਨੇ ਦੀ ਸਖ਼ਤ ਕਾਨੂੰਨੀ ਪਾਬੰਦੀ ਹੈ। ਪਰ ਮਾਫੀਆ ਨੂੰ ਕਾਨੂੰਨ ਦਾ ਕੋਈ ਡਰ ਨਹੀਂ! ਇਸ ਅੰਨ੍ਹੀ ਲੁੱਟ ਕਾਰਨ ਆਸ-ਪਾਸ ਦੇ ਪਿੰਡਾਂ 'ਤੇ ਹੜ੍ਹਾਂ ਦਾ ਭਿਆਨਕ ਖਤਰਾ ਮੰਡਰਾਉਣ ਲੱਗ ਪਿਆ ਹੈ।
ਵੀਡੀਓ ਸਬੂਤ ਅਤੇ ਪੁਲਸ ਦੀ ਬੇਬੱਸੀ!
ਕੰਪਨੀ ਲਗਾਤਾਰ ਝੂਠ ਬੋਲ ਰਹੀ ਸੀ ਕਿ ਸਿਰਫ ਡਿਸਿਲਟਿੰਗ ਹੋ ਰਹੀ ਹੈ, ਪਰ ਉਨ੍ਹਾਂ ਦਾ ਝੂਠ ਉਦੋਂ ਫੜਿਆ ਗਿਆ ਜਦੋਂ ਰੇਤੇ ਨਾਲ ਨੱਕੋ-ਨੱਕ ਭਰਿਆ ਇੱਕ ਟਿੱਪਰ ਜਗਰਾਓਂ ਵਿਖੇ ਇੱਕ ਉਸਾਰੀ ਅਧੀਨ ਇਮਾਰਤ ਵਿੱਚ ਜਾ ਉੱਤਰਿਆ।
ਗੁਰਜੀਤ ਸਿੰਘ ਨੇ ਦੱਸਿਆ ਕਿ ਉਸਨੇ ਤੁਰੰਤ 112 ਨੰਬਰ 'ਤੇ ਪੁਲਸ ਕਾਲ ਕੀਤੀ। ਪੁਲਸ ਮੌਕੇ 'ਤੇ ਪਹੁੰਚੀ ਤਾਂ ਜ਼ਰੂਰ, ਪਰ ਸੱਤਾਧਾਰੀ ਆਗੂ ਦੀ ਇੱਕ 'ਸਿਫਾਰਸ਼ੀ ਘੁਰਕੀ' ਨੇ ਪੁਲਸ ਦੇ ਹੱਥ ਬੰਨ੍ਹ ਦਿੱਤੇ ਅਤੇ ਖਾਕੀ ਵਰਦੀ ਬਿਨਾਂ ਕਾਰਵਾਈ ਕੀਤੇ ਬੇਬੱਸ ਪਰਤ ਗਈ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਇਸ ਪੂਰੀ ਧੋਖੇਬਾਜ਼ੀ ਦੀਆਂ ਲਾਈਵ ਵੀਡੀਓਜ਼ ਮੌਜੂਦ ਹਨ, ਜੋ ਉੱਚ ਅਧਿਕਾਰੀਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ।
ਪਿੰਡ ਵਾਸੀਆਂ ਦਾ ਅਲਟੀਮੇਟਮ
ਸਿਆਸੀ ਸ਼ਹਿ ਪ੍ਰਾਪਤ ਇਸ ਮਾਈਨਿੰਗ ਮਾਫੀਆ ਖਿਲਾਫ ਪਿੰਡ ਵਾਸੀਆਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਸਿੱਧੀ ਚਿਤਾਵਨੀ ਦਿੱਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾ ਕੇ ਐੱਮ.ਕੇ.ਸੀ. ਕੰਪਨੀ ਦੇ ਮਾਲਕਾਂ, ਭ੍ਰਿਸ਼ਟ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਦਰਿਆ ਕਿਨਾਰੇ ਵੱਸਦੇ ਲੋਕਾਂ ਦੀਆਂ ਜਾਨਾਂ ਨਾਲ ਖੇਡਿਆ ਜਾ ਰਿਹਾ ਖੂਨੀ ਖੇਡ ਬੰਦ ਹੋ ਸਕੇ।
ਹੁਣ ਦੇਖਣਾ ਇਹ ਹੋਵੇਗਾ ਕਿ ਕੀ ਵਿਜੀਲੈਂਸ ਅਤੇ ਪ੍ਰਸ਼ਾਸਨ ਇਨ੍ਹਾਂ 'ਮਾਫੀਆ ਮਗਰਮੱਛਾਂ' 'ਤੇ ਸ਼ਿਕੰਜਾ ਕੱਸੇਗਾ, ਜਾਂ ਫਿਰ ਇਹ ਮਾਮਲਾ ਵੀ ਸਿਆਸੀ ਫਾਈਲਾਂ ਹੇਠ ਦੱਬ ਕੇ ਰਹਿ ਜਾਵੇਗਾ?
- Download Babushahi App
-
-