ਬਰਨਾਲਾ-ਹੰਡਿਆਇਆ ਰੋਡ 'ਤੇ ਭਿਆਨਕ ਸੜਕ ਹਾਦਸਾ: ਅਵਾਰਾ ਪਸ਼ੂ ਕਾਰਨ ਕਾਰ ਤੇ ਬੁਲੈਰੋ ਪਿਕਅੱਪ ਦੀ ਟੱਕਰ, ਕਾਰ ਚਾਲਕ ਦੀ ਹਾਲਤ ਨਾਜ਼ੁਕ
Kamaljeet Singh
ਬਰਨਾਲਾ, 14 ਅਗਸਤ:
ਬਰਨਾਲਾ ਦੇ ਹੰਡਿਆਇਆ ਰੋਡ 'ਤੇ ਲੰਘੀ ਰਾਤ ਅਵਾਰਾ ਪਸ਼ੂ ਕਾਰਨ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਅਵਾਰਾ ਪਸ਼ੂ ਨੂੰ ਬਚਾਉਣ ਦੇ ਚੱਕਰ 'ਚ ਗੱਡੀ ਦਾ ਸੰਤੁਲਨ ਵਿਗੜਨ ਨਾਲ ਕਾਰ ਅਤੇ ਬੁਲੈਰੋ ਪਿਕਅੱਪ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਬੁਲੈਰੋ ਪਿਕਅੱਪ ਸੜਕ 'ਤੇ ਹੀ ਪਲਟ ਗਈ।
ਇਸ ਹਾਦਸੇ ਵਿੱਚ ਕਾਰ ਚਾਲਕ, ਜੋ ਕਿ ਹੰਡਿਆਇਆ ਬਾਜ਼ਾਰ ਦੇ ਵਾਰਡ ਨੰਬਰ 9 ਦਾ ਰਹਿਣ ਵਾਲਾ ਅਜੇ ਕੁਮਾਰ ਦੱਸਿਆ ਜਾ ਰਿਹਾ ਹੈ, ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ (SSF) ਦੇ ਕਾਂਸਟੇਬਲ ਮਨਪ੍ਰੀਤ ਸਿੰਘ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ। ਐਂਬੂਲੈਂਸ ਡਰਾਈਵਰ ਸੋਮਾ ਸਿੰਘ ਦੀ ਮਦਦ ਨਾਲ ਜ਼ਖਮੀ ਅਜੇ ਕੁਮਾਰ ਨੂੰ ਤੁਰੰਤ ਬਰਨਾਲਾ ਦੇ ਇੱਕ ਨਿੱਜੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਸ ਮੌਕੇ ਸਥਾਨਕ ਦੁਕਾਨਦਾਰ ਰਾਜੂ ਸਹੋਤਾ ਅਤੇ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਰੋਸ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਬਰਨਾਲਾ-ਹੰਡਿਆਇਆ ਰੋਡ 'ਤੇ ਅਵਾਰਾ ਪਸ਼ੂਆਂ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ ਅਤੇ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਅਵਾਰਾ ਪਸ਼ੂਆਂ ਦਾ ਪੱਕਾ ਹੱਲ ਕੀਤਾ ਜਾਵੇ, ਸੜਕ ਨੂੰ ਚੌੜਾ ਕਰਕੇ ਵਿਚਕਾਰ ਡਿਵਾਈਡਰ ਬਣਾਇਆ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
- Download Babushahi App
-
-