ਸਵੇਰੇ ਦੀ ਭਾਰੀ ਬਰਸਾਤ ਨੇ ਖੋਲ੍ਹੀ ਨਗਰ ਨਿਗਮ ਦੀਆਂ ਤਿਆਰੀਆਂ ਦੀ ਪੋਲ, ਪਾਣੀ ਵਿੱਚ ਡੁੱਬਿਆ ਲੁਧਿਆਣਾ
ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਸੰਭਾਲਿਆ ਮੋਰਚਾ
ਸੁਖਮਿੰਦਰ ਭੰਗੂ
ਲੁਧਿਆਣਾ, 30 ਜੁਲਾਈ 2026
ਸਵੇਰੇ ਕਰੀਬ 7 ਵਜੇ ਤੋਂ ਸ਼ੁਰੂ ਹੋਈ ਭਾਰੀ ਬਰਸਾਤ ਨੇ ਲੁਧਿਆਣਾ ਸ਼ਹਿਰ ਦੀ ਪਾਣੀ ਨਿਕਾਸੀ ਪ੍ਰਣਾਲੀ ਦੀ ਅਸਲ ਹਕੀਕਤ ਸਾਹਮਣੇ ਲਿਆ ਦਿੱਤੀ। ਥੋੜ੍ਹੇ ਹੀ ਸਮੇਂ ਵਿੱਚ ਸ਼ਹਿਰ ਦੀਆਂ ਮੁੱਖ ਸੜਕਾਂ, ਚੌਰਾਹੇ ਅਤੇ ਰਿਹਾਇਸ਼ੀ ਇਲਾਕੇ ਪਾਣੀ ਨਾਲ ਲਬਾਲਬ ਹੋ ਗਏ। ਨਿਕਾਸੀ ਦੀ ਢੁੱਕਵੀਂ ਵਿਵਸਥਾ ਨਾ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਵਾਹਨ ਪਾਣੀ ਵਿੱਚ ਫਸ ਗਏ।
ਭਾਰੀ ਜਲਭਰਾਅ ਕਾਰਨ ਸਕੂਟਰਾਂ, ਕਾਰਾਂ ਅਤੇ ਹੋਰ ਵਾਹਨਾਂ ਨੂੰ ਵੀ ਨੁਕਸਾਨ ਪੁੱਜਿਆ। ਕੁਝ ਥਾਵਾਂ 'ਤੇ ਸੜਕਾਂ ਦੇ ਹੇਠਾਂ ਦੀ ਮਿੱਟੀ ਖਿਸਕਣ ਕਾਰਨ ਖੱਡੇ ਬਣ ਗਏ, ਜਿਸ ਕਾਰਨ ਇੱਕ ਕਾਰ ਜ਼ਮੀਨ ਧੱਸਣ ਨਾਲ ਖੱਡੇ ਵਿੱਚ ਜਾ ਡਿੱਗੀ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਘਟਨਾ ਨੇ ਸ਼ਹਿਰ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਸ ਦੌਰਾਨ ਸੀਨੀਅਰ ਸਿਟੀਜ਼ਨ ਅਤੇ ਪ੍ਰਸਿੱਧ ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਖੁਦ ਮੌਕੇ 'ਤੇ ਪਹੁੰਚ ਕੇ ਮੋਰਚਾ ਸੰਭਾਲਿਆ। ਉਨ੍ਹਾਂ ਨੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਖਤਰਨਾਕ ਟੋਇਆਂ ਅਤੇ ਧੱਸੀ ਹੋਈਆਂ ਸੜਕਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਈ ਖਤਰਨਾਕ ਥਾਵਾਂ 'ਤੇ ਨਿਸ਼ਾਨ ਲਗਾ ਕੇ ਟ੍ਰੈਫਿਕ ਨੂੰ ਦੂਜੇ ਪਾਸੇ ਮੋੜਨ ਵਿੱਚ ਵੀ ਸਹਿਯੋਗ ਦਿੱਤਾ, ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰੇ।
ਅਰਵਿੰਦ ਸ਼ਰਮਾ ਨੇ ਕਿਹਾ ਕਿ ਹਰ ਸਾਲ ਬਰਸਾਤ ਦੌਰਾਨ ਸ਼ਹਿਰ ਦੇ ਇਹੋ ਜਿਹੇ ਹਾਲਾਤ ਬਣ ਜਾਂਦੇ ਹਨ, ਪਰ ਇਸ ਦੇ ਬਾਵਜੂਦ ਪਾਣੀ ਨਿਕਾਸੀ ਪ੍ਰਣਾਲੀ ਵਿੱਚ ਕੋਈ ਠੋਸ ਸੁਧਾਰ ਨਹੀਂ ਕੀਤਾ ਗਿਆ। ਉਨ੍ਹਾਂ ਨੇ ਨਗਰ ਨਿਗਮ ਲੁਧਿਆਣਾ ਨੂੰ ਤੁਰੰਤ ਪ੍ਰਭਾਵ ਨਾਲ ਜਲਭਰਾਅ ਵਾਲੇ ਇਲਾਕਿਆਂ ਦੀ ਸਮੱਸਿਆ ਦਾ ਸਥਾਈ ਹੱਲ ਕਰਨ, ਧੱਸੀਆਂ ਸੜਕਾਂ ਦੀ ਮੁਰੰਮਤ ਕਰਨ ਅਤੇ ਖੁੱਲ੍ਹੇ ਖੱਡਿਆਂ ਨੂੰ ਸੁਰੱਖਿਅਤ ਢੰਗ ਨਾਲ ਢੱਕਣ ਦੀ ਮੰਗ ਕੀਤੀ।
ਸਥਾਨਕ ਲੋਕਾਂ ਨੇ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਰਸਾਤੀ ਮੌਸਮ ਦੌਰਾਨ ਐਮਰਜੈਂਸੀ ਟੀਮਾਂ ਤਾਇਨਾਤ ਕੀਤੀਆਂ ਜਾਣ ਅਤੇ ਪਾਣੀ ਨਿਕਾਸੀ ਦੀ ਵਿਵਸਥਾ ਨੂੰ ਮਜ਼ਬੂਤ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।
- Download Babushahi App
-
-