ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ 22 ਜੁਲਾਈ ਨੂੰ ਟੋਲ ਪਲਾਜੇ ਭਰਤੀ ਮੁਕਤ ਕਰਨ ਦਾ ਐਲਾਨ
ਅਸ਼ੋਕ ਵਰਮਾ
ਭੁੱਚੋ ਮੰਡੀ,18 ਜੁਲਾਈ 2026: ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਵਿਰੁੱਧ 22 ਜੁਲਾਈ ਨੂੰ ਟੋਲ ਪਲਾਜੇ ਫਰੀ ਕਰਨ ਦੇ ਦਿੱਤੇ ਸੱਦੇ ਨੂੰ ਲਾਗੂ ਕਰਨ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਬਠਿੰਡਾ ਦੀ ਮੀਟਿੰਗ ਜ਼ਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਚੱਕ ਫਤਿਹ ਸਿੰਘ ਵਾਲਾ ਦਿਨ ਗੁਰਦੁਆਰਾ ਸਾਹਿਬ ਵਿਖੇ ਹੋਈ। ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਜੇਕਰ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਸਿਰੇ ਚੜਦਾ ਹੈ ਤਾਂ ਸਾਰੇ ਲੋਕਾਂ ਦੇ ਕਾਰੋਬਾਰ ਖਤਰੇ ਵਿੱਚ ਪੈ ਜਾਣਗੇ ਕਿਉਂਕਿ ਇਕੱਲਾ ਖੇਤੀ ਜਾਂ ਖੇਤੀ ਨਾਲ ਜੁੜੇ ਧੰਦੇ ਹੀ ਨਹੀਂ ਚੌਪਟ ਹੋਣਗੇ, ਇਸ ਨਾਲ ਸਮੁੱਚੇ ਕਾਰੋਬਾਰ ਤਬਾਹ ਹੋਣੇ ਹਨ ਤੇ ਖੇਤੀ ਦੇ ਸਹਾਇਕ ਧੰਦੇ ਜਿਵੇਂ ਡੇਅਰੀ ਦੇ ਧੰਦੇ ਅਤੇ ਹੋਰ ਸਹਾਇਕ ਧੰਦੇ ਹਨ ਉਹਨਾਂ ਸਾਰਿਆਂ ਤੇ ਖਤਰਾ ਹੋਵੇਗਾ
ਉਹਨਾਂ ਕਿਹਾ ਕਿ ਸਮਝੌਤੇ ਤਹਿਤ ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਅਮਰੀਕਾ ਦੇ ਕਿਸਾਨਾਂ ਵੱਲੋਂ ਤਿਆਰ ਅਨਾਜ ਮੱਕੀ, ਸੋਇਆਬੀਨ, ਦੁੱਧ ਅਤੇ ਪਸ਼ੂਆਂ ਦੀ ਫੀਡ ਵਿੱਚ ਵਰਤਣ ਲਈ ਖਲ ਭਾਰਤ ਵਿੱਚ ਇਥੋਂ ਦੀ ਫਸਲ ਦੇ ਮੁਕਾਬਲੇ ਘੱਟ ਰੇਟਾਂ ਵਿੱਚ ਮਾਰਕੀਟ ਵਿੱਚ ਲਿਆਂਦੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਨਾਲ ਭਾਰਤ ਦਾ ਕਿਸਾਨ ਅਮਰੀਕਾ ਦੇ ਕਿਸਾਨ ਦਾ ਮੁਕਾਬਲਾ ਨਹੀਂ ਕਰ ਸਕਦਾ ਕਿਉਂਕਿ ਅਮਰੀਕਾ ਆਪਣੇ ਦੇਸ਼ ਦੇ ਕਿਸਾਨਾਂ ਨੂੰ ਵੱਡੀ ਪੱਧਰ ਤੇ ਸਬਸਿਡੀਆਂ ਦਿੰਦਾ ਹੈ। ਇਸ ਸਬੰਧੀ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਿਕ ਜਿਲੇ ਅੰਦਰ ਬੱਲੂਆਣਾ, ਜੀਦਾ, ਲਹਿਰਾ ਬੇਗਾ, ਸੇਖਪੁਰਾ ਅਤੇ ਸੰਗਤ ਵਿਖੇ ਪੰਜ ਥਾਵਾਂ ਤੇ 22 ਜੁਲਾਈ ਨੂੰ 12 ਤੋਂ 3 ਵਜੇ ਤੱਕ ਧਰਨੇ ਲਾ ਕੇ ਟੋਲ ਪਲਾਜੇ ਫਰੀ ਕੀਤੇ ਜਾਣਗੇ ।
ਇਹਨਾਂ ਧਰਨਿਆਂ ਵਿੱਚ ਸ਼ਮੂਲੀਅਤ ਕਰਵਾਉਣ, ਟੈਂਟ, ਸਾਊਂਡ ਅਤੇ ਚਾਹ ਪਾਣੀ ਦੇ ਪ੍ਰਬੰਧਾਂ ਸਬੰਧੀ ਵਿਉਂਤਬੰਦੀ ਕੀਤੀ। ਇਸ ਤੋਂ ਇਲਾਵਾ ਮੀਟਿੰਗ ਵਿੱਚ ਸੂਬਾ ਕਮੇਟੀ ਦੀਆਂ ਹਦਾਇਤਾਂ ਤਹਿਤ ਜਿਲ੍ਹੇ ਵਿੱਚ ਪਿੰਡ ਕਮੇਟੀਆਂ ਦੀ ਪੂਰਨ ਤੌਰ ਤੇ ਚੋਣ ਕਰਵਾਉਣ ਲਈ 25 ਜੁਲਾਈ ਤੱਕ ਦੀ ਮਿਆਦ ਮਿਥੀ ਗਈ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਲੇ ਅੰਦਰ ਵੱਖ-ਵੱਖ ਅੰਦੋਲਨਾਂ ਦੌਰਾਨ ਕਿਸਾਨਾਂ ਤੇ ਕੀਤੇ ਝੂਠੇ ਪੁਲਿਸ ਪਰਚੇ, ਮਸਲਿਆਂ ਸਬੰਧੀ ਚੱਲ ਰਹੇ ਅੰਦੋਲਨਾਂ ਤਹਿਤ ਸਮਝੌਤਾ ਹੋਣ ਦੇ ਫੈਸਲੇ ਤੋਂ ਬਾਅਦ ਵੀ ਚੱਲ ਰਹੇ ਪੁਲਿਸ ਕੇਸਾਂ ਨੂੰ ਰੱਦ ਕਰਾਉਣ ਲਈ 27 ਜੁਲਾਈ ਨੂੰ ਇੱਕ ਵੱਡਾ ਡੈਪੂਟੇਸ਼ਨ ਵੱਲੋਂ ਬਠਿੰਡਾ ਜਿਲਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਮਿਲਕੇ ਮੰਗ ਕੀਤੀ ਜਾਵੇਗੀ ਕਿ ਸਮਝੌਤੇ ਮੁਤਾਬਿਕ ਸਾਰੇ ਪੁਲਿਸ ਕੇਸ ਰੱਦ ਕੀਤੇ ਜਾਣ। ਅੱਜ ਦੀ ਮੀਟਿੰਗ ਵਿੱਚ ਹਰਿੰਦਰ ਕੌਰ ਬਿੰਦੂ, ਮਾਲਣ ਕੌਰ ਕੋਠਾ ਗੁਰੂ,ਜਸਵੀਰ ਸਿੰਘ ਬੁਰਜ ਸੇਮਾ, ਨਛੱਤਰ ਸਿੰਘ ਢੱਡੇ, ਜਗਦੇਵ ਸਿੰਘ ਜੋਗੇਵਾਲਾ, ਬੂਟਾ ਸਿੰਘ ਬੱਲੋ, ਬਲਦੇਵ ਸਿੰਘ ਚੌਕੇ, ਗਰਮੇਲ ਸਿੰਘ ਢੱਡੇ ,ਰਾਮ ਸਿੰਘ ਕੋਟਗੁਰੂ,ਜਸਕਰਨ ਸਿੰਘ ਕੋਟਗੂਰੂ, ਅਮਰੀਕ ਸਿੰਘ ਸਿਵੀਆਂ, ਦੀਨਾ ਸਿੰਘ ਸਿਵੀਆਂ, ਜਸਪਾਲ ਸਿੰਘ ਕੋਠਾ ਗੁਰੂ, ਹਰਪ੍ਰੀਤ ਸਿੰਘ ਚੱਠੇ ਵਾਲਾ, ਸਿਮਰਜੀਤ ਸਿੰਘ ਚੱਕ ਫਤਿਹ ਸਿੰਘ ਵਾਲਾ ਆਗੂ ਸ਼ਾਮਲ ਸਨ।
- Download Babushahi App
-
-