ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਸਮੇਤ ਪੰਜ ਪੰਥਕ ਦਲਾਂ ਵਲੋਂ ਸਾਂਝੇ ਤੌਰ ਤੇ ਗ੍ਰਹਿ ਮੰਤਰੀ ਦੇ ਨਾਮ ਦਿਤਾ ਜਾਵੇਗਾ ਮੰਗ ਪੱਤਰ - ਵਡਾਲਾ
ਪੱਤਰ ਵਿੱਚ ਟਰੁੱਥ ਕਮਿਸ਼ਨ ਬਣਾਉਣ ,ਸਤਲੁਜ ਫਿਲਮ ਰਿਲੀਜ ਕਰਨ, ਅਤੇ ਸ ਖਾਲੜਾ ਕਤਲ ਦੇ ਮੁਜਰਿਮ ਡੀਐਸਪੀ ਨੂੰ ਲੱਭਣ ਦੀ ਮੰਗ।
ਅੰਮ੍ਰਿਤਸਰ-: 11 ਜੁਲਾਈ 2026 ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜਨਰਲ ਸਕੱਤਰ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਦਿਨ ਮੰਗਲਵਾਰ ਮਿਤੀ 14 ਜੁਲਾਈ ਨੂੰ ਸੂਬੇ ਭਰ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਂ 'ਤੇ ਸਾਡੀਆਂ ਪੰਜ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਦਿੱਤੇ ਜਾਣਗੇ। ਇਹਨਾਂ ਮੰਗ ਪੱਤਰਾਂ ਚ ਹੇਠ ਲਿਖੇ ਤਿੰਨ ਮੁੱਦਿਆ ਤੇ ਕਾਰਵਾਈ ਕਰਨ ਲਈ ਲਿਖਿਆ ਜਾਵੇਗਾ। ਜਿੰਨਾਂ ਵਿੱਚ-;
1. ਸ਼ਹੀਦ ਸ ਜਸਵੰਤ ਸਿੰਘ ਖਾਲੜਾ ਦੇ ਜੀਵਨ ਸੰਘਰਸ਼ 'ਤੇ ਆਧਾਰਿਤ ਫਿਲਮ 'ਪੰਜਾਬ 95' ਨੂੰ ਉਸੇ ਨਾਮ ਹੇਠ ਬਿਨਾਂ ਕਿਸੇ ਸੈਂਸਰ ਕੱਟ ਤੋਂ ਸਿਨੇਮਾਂ ਘਰਾਂ ਵਿੱਚ ਰਿਲੀਜ ਕੀਤਾ ਜਾਵੇ।
2. ਸ ਜਸਵੰਤ ਸਿੰਘ ਖਾਲੜਾ ਦੇ ਕਤਲ ਕੇਸ ਵਿੱਚ ਸਜਾ-ਜਾਫਤਾ ਮੁਜਰਿਮ ਡੀ.ਐਸ.ਪੀ ਜਸਪਾਲ ਸਿੰਘ ਲੰਬੇ ਸਮੇਂ ਤੋਂ, ਜੇਲ੍ਹ 'ਚੋਂ ਛੁੱਟੀ ਆਉਣ 'ਤੇ, ਫਰਾਰ ਦੱਸਿਆ ਜਾ ਰਿਹਾ ਹੈ। ਇਹ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਦੀ ਸਰਕਾਰ ਨੇ ਉਸਦੀ ਸਜਾ ਮਾਫੀ ਦੀ ਸਿਫਾਰਸ਼ ਵੀ ਕੀਤੀ ਸੀ। ਇਸ ਸਾਰੇ ਮਾਮਲੇ ਦੀ ਪੜਤਾਲ ਕਰਵਾ ਕੇ, ਮੁਜਰਿਮ ਨੂੰ ਲੱਭ ਕੇ ਸਲਾਖਾਂ ਪਿੱਛੇ ਪਹੁੰਚਾਇਆ ਜਾਵੇ ਅਤੇ ਸਜਾ ਮਾਫੀ ਦੀਆਂ ਸਿਫਾਰਸ਼ਾਂ ਕਰਨ ਵਾਲਿਆਂ ਨੂੰ ਨਸ਼ਰ ਕੀਤਾ ਜਾਵੇ।
3. ਅਸੀਂ ਸਮੂਹ ਸਿੱਖਾਂ ਦੀ ਨੁਮਾਇੰਦਾ ਜਮਾਤ ਹੋਣ ਦੇ ਨਾਤੇ ਭਾਰਤ ਸਰਕਾਰ ਤੋਂ ਪੁਰਜੋਰ ਮੰਗ ਕਰਦੇ ਹਾਂ ਕਿ 1982 ਦੇ ਧਰਮਯੁੱਧ ਮੋਰਚੇ ਦੀ ਸ਼ੁਰੂਆਤ ਤੋਂ ਲੈ ਕੇ 1995 ਵਿੱਚ ਸ ਜਸਵੰਤ ਸਿੰਘ ਖਾਲੜਾ ਦੇ ਲਾਪਤਾ ਹੋਣ ਤੱਕ ਦੇ ਸਮੇਂ ਵਿੱਚ ਵਾਪਰੇ ਘਟਨਾਕ੍ਰਮ ਦੀ ਜਾਂਚ ਲਈ ਇਕ 'ਪੰਜਾਬ ਸੱਚ, ਜਵਾਬਦੇਹੀ ਅਤੇ ਮੇਲ-ਮਿਲਾਪ ਕਮਿਸ਼ਨ' (Punjab Truth, Accountability & Reconciliation Commission) ਬਣਾਇਆ ਜਾਵੇ। ਜੋ ਤੱਥਾਂ 'ਤੇ ਅਧਾਰਿਤ ਰਿਪੋਰਟ ਲੋਕਾਂ ਸਾਹਮਣੇ ਰੱਖੇ।
ਸ ਵਡਾਲਾ ਨੇ ਕਿਹਾ ਕਿ ਇਸ ਵੇਲੇ ਬਣੇ ਹਾਲਾਤ ਵਿੱਚ ਇਹ ਤਿੰਨੇ ਮੁੱਦੇ ਬਹੁਤ ਹੀ ਮਹੱਤਵਪੂਰਨ ਬਣੇ ਹੋਏ ਹਨ। ਅਸੀਂ ਇਸ ਸਾਰੇ ਵਰਤਾਰੇ ਦੀ ਨਿਰਪੱਖ ਕਮਿਸ਼ਨ ਰਾਹੀਂ ਜਾਂਚ ਦੀ ਮੰਗ ਇਸ ਲਈ ਕਰ ਰਹੇ ਹਾਂ ਕਿਉਂਕਿ ਸੁਲਗਦੇ ਜਖਮਾਂ ਦੀ ਤਪਸ਼ ਨੂੰ ਸ਼ਾਂਤ ਕਰਨ ਲਈ ਉਸ ਸਾਰੇ ਘਟਨਾਕ੍ਰਮ ਦੇ ਕਾਰਨਾਂ ਅਤੇ ਦੋਸ਼ੀਆਂ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਣਾ ਬਹੁਤ ਜਰੂਰੀ ਹੈ। ਇਹ ਮੰਗ ਪੱਤਰ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਨਾਲ ਦੂਜੀਆਂ ਪੰਥਕ ਜਥੇਬੰਦੀਆਂ, ਜਿੰਨਾ ਵਿੱਚ ਯੁਨਾਈਟਡ ਅਕਾਲੀ ਦਲ, ਇੰਟਰਨੈਸ਼ਨਲ ਪੰਥਕ ਦਲ, ਬੇਗਮਪੁਰਾ ਖਾਲਸਾ ਰਾਜ ਪਾਰਟੀ ਅਤੇ ਪੰਥਕ ਆਜਾਦ ਗਰੁੱਪ ਸ਼ਾਮਲ ਹਨ। ਪ੍ਰੈੱਸ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਦਿੱਤੀ ਗਈ।
- Download Babushahi App
-
-