ਗ੍ਰਾਮ ਪੰਚਾਇਤ ਬੱਲ੍ਹੋ ਵੱਲੋਂ ਰਮਦਾਸੀਆ ਪੱਤੀ ਵਿੱਚ ਗਲੀਆਂ ਪੱਕੀਆਂ ਕਰਨ ਦਾ ਕੰਮ ਸ਼ੁਰੂ
ਅਸ਼ੋਕ ਵਰਮਾ
ਰਾਮਪੁਰਾ ਫੂਲ 7 ਜੁਲਾਈ 2026 : ਗ੍ਰਾਮ ਪੰਚਾਇਤ ਬੱਲ੍ਹੋ ਨੇ ਪਿੰਡ ਦੇ ਸਰਬਪੱਖੀ ਵਿਕਾਸ ਲਈ ਵਿੱਢੀ ਗਈ ਮੁਹਿੰਮ ਤਹਿਤ ਅੱਜ ਸਰਪੰਚ ਅਮਰਜੀਤ ਕੌਰ ਦੀ ਅਗਵਾਈ ਹੇਠ ਪਿੰਡ ਦੀ ਰਾਮਦਾਸੀਆ ਪੱਤੀ ਵਿਖੇ ਗਲੀਆਂ ਨੂੰ ਪੱਕਾ ਕਰਨ ਦੇ ਕੰਮ ਦੀ ਰਸਮੀ ਸ਼ੁਰੂਆਤ ਹਰਬੰਸ ਸਿੰਘ ਪੰਚ ਅਤੇ ਪਰਮਜੀਤ ਕੌਰ ਪੰਚ ਵੱਲੋਂ ਸਾਂਝੇ ਰੂਪ ਵਿੱਚ ਕੀਤੀ ਗਈ ।
ਪੰਚ ਹਰਬੰਸ ਸਿੰਘ ਨੇ ਦੱਸਿਆ ਕਿ ਪੰਚਾਇਤ ਪਿੰਡ ਦੇ ਹਰ ਵਰਗ ਤੱਕ ਵਿਕਾਸ ਦੀਆਂ ਸਹੂਲਤਾਂ ਪਹੁੰਚਾਉਣ ਲਈ ਵਚਨਬੱਧ ਹੈ। ਖਾਸ ਕਰਕੇ ਅਨੁਸੂਚਿਤ ਜਾਤੀ ਵਰਗ ਦੇ ਵਿਹੜਿਆਂ ਵਿੱਚ ਲੰਮੇ ਸਮੇਂ ਤੋਂ ਲਟਕ ਰਹੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾ ਰਿਹਾ ਹੈ। ਇਸ ਗਲੀ ਨੂੰ ਪੱਕਾ ਕਰਨ ਲਈ ਕੇਂਦਰ ਦੀ 15 ਵਾ ਵਿੱਤ ਕਮਿਸ਼ਨ ਦੀ ਗਰਾਂਟ ਖਰਚ ਕੀਤੀ ਜਾ ਰਹੀ ਹੈ ।
ਪਰਮਜੀਤ ਕੌਰ ਪੰਚ ਨੇ ਕਿਹਾ ਕਿ ਰਾਮਦਾਸੀਆ ਪੱਤੀ ਵਿੱਚਇੰਟਰਲੋਕਿੰਗ ਟਾਇਲਾਂ ਲਗਾਈਆਂ ਜਾ ਰਹੀਆਂ ਹਨ ਅਤੇ ਪੀਣ ਵਾਲੇ ਸਾਫ਼ ਪਾਣੀ ਦੀ ਨਵੀਂ ਪਾਈਪ ਲਾਈਨ ਵਿਛਾਈ ਜਾ ਰਹੀ ਹੈ ਤੇ ਗੰਦੇ ਪਾਣੀ ਦੀ ਨਿਕਾਸੀ ਦੀ ਪੁਰਾਣੀ ਸਮੱਸਿਆ ਨੂੰ ਹੱਲ ਕਰਨ ਲਈ ਨਵੇਂ ਅਤੇ ਸੁਚੱਜੇ ਪ੍ਰਬੰਧ ਕੀਤੇ ਜਾ ਰਹੇ ਹਨ।ਰਾਮਦਾਸੀਆ ਪੱਤੀ ਦੇ ਨਿਵਾਸੀ ਗੁਰਬਚਨ ਸਿੰਘ ਨੇ ਸਰਪੰਚ ਅਮਰਜੀਤ ਕੌਰ ਅਤੇ ਸਮੁੱਚੀ ਪੰਚਾਇਤ ਦਾ ਧੰਨਵਾਦ ਕਰਦਿਆ ਕਿਹਾ ਕਿ ਪੰਚਾਇਤ ਵੱਲੋਂ ਬਿਨਾਂ ਕਿਸੇ ਪੱਖਪਾਤ ਦੇ ਕੀਤੇ ਜਾ ਰਹੇ ਇਹ ਵਿਕਾਸ ਕਾਰਜ ਸ਼ਲਾਘਾਯੋਗ ਹਨ ਅਤੇ ਇਸ ਨਾਲ ਪਿੰਡ ਦੀ ਨੁਹਾਰ ਪੂਰੀ ਤਰ੍ਹਾਂ ਬਦਲ ਜਾਵੇਗੀ। ਇਸ ਮੌਕੇ ਪੰਚ ਹਾਕਮ ਸਿੰਘ ਜਗਸੀਰ ਸਿੰਘ ਕਰਮਜੀਤ ਸਿੰਘ ਰਾਜਵੀਰ ਕੌਰ ਅਤੇ ਹਰਵਿੰਦਰ ਕੌਰ ਹਾਜ਼ਰ ਸਨ ।
- Download Babushahi App
-
-