ਯੂਥ ਵੀਰਾਂਗਨਾਏਂ ਇਕਾਈ ਬਠਿੰਡਾ ਨੇ ਮੁਫਤ ਮੈਡੀਕਲ ਜਾਂਚ ਕੈਂਪ ਲਾਇਆ
ਅਸ਼ੋਕ ਵਰਮਾ
ਬਠਿੰਡਾ, 7 ਜੁਲਾਈ 2026: ਸਮਾਜ ਭਲਾਈ ਦੇ ਕਾਰਜਾਂ ਨੂੰ ਸਮਰਪਿਤ ਸੰਸਥਾ ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਨੇ ਆਪਣੇ ਭਲਾਈ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਪਰਸ ਰਾਮ ਨਗਰ ਮੇਨ ਰੋਡ ਤੇ ਸਥਿਤ ਪਟਿਆਲਾ ਹਸਪਤਾਲ ਵਿਖੇ ਦੂਜਾ ਮੁਫ਼ਤ ਮੈਡੀਕਲ ਜਾਂਚ ਕੈਂਪ ਲਾਇਆ ਜਿਸ ਦਾ ਉਦਘਾਟਨ ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕੀਤਾ। ਕੈਂਪ ਦੌਰਾਨ ਡਾ. ਪਰਮਪ੍ਰੀਤ ਸਿੰਘ, ਡਾ. ਸੁਮਿਤ ਬਾਂਸਲ ਅਤੇ ਡਾ. ਸੁਖਪ੍ਰੀਤ ਕਾਲੜਾ ਵੱਲੋਂ 53 ਮਰੀਜ਼ਾਂ ਦੀ ਜਾਂਚ ਕੀਤੀ ਗਈ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਮੁੱਖ ਮਹਿਮਾਨ ਸ੍ਰੀ ਮਹਿਤਾ ਨੇ ਕਿਹਾ ਕਿ ਗ੍ਰੇਟਰ ਬਠਿੰਡਾ ਦੇ ਇਲਾਕੇ ਪਰਸ ਰਾਮ ਨਗਰ ਵਿਚ ਪਟਿਆਲਾ ਹਸਪਤਾਲ ਵੱਲੋਂ ਬਹੁਤ ਵਧੀਆ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਯੂਥ ਵੀਰਾਂਗਨਾਂਏਂ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਵੱਲੋਂ ਮਾਨਵਤਾ ਦੇ ਭਲੇ ਹਿੱਤ ਕੀਤਾ ਜਾ ਰਹੇ ਕਾਰਜ ਇਲਾਕਾਂ ਵਾਸੀਆਂ ਲਈ ਵਰਦਾਨ ਸਾਬਿਤ ਹੋ ਰਹੇ ਹਨ ।
ਇਸ ਮੌਕੇ ਡਾ. ਸੁਮਿਤ ਬਾਂਸਲ ਵੱਲੋਂ ਹਾਜਰੀਨ ਨੂੰ ਬੱਚਿਆਂ ਦੀ ਸਿਹਤ ਸਬੰਧੀ ਜਾਗਰੂਕਤਾ ਲਈ ਸੈਸ਼ਨ ਵੀ ਲਗਾਇਆ ਗਿਆ। ਇਸ ਨੇਕ ਕਾਰਜ ਦੀ ਸ਼ਲਾਘਾ ਕਰਦਿਆਂ ਡਾ. ਸੁਖਪ੍ਰੀਤ ਕਾਲੜਾ ਨੇ ਕਿਹਾ ਕਿ ਯੂਥ ਵਲੰਟੀਅਰਾਂ ਵੱਲੋਂ ਲਗਾਏ ਗਏ ਇਸ ਦੂਜੇ ਮੁਫ਼ਤ ਮੈਡੀਕਲ ਜਾਂਚ ਕੈਂਪ ਦਾ ਸਥਾਨਕ ਲੋਕਾਂ ਨੇ ਭਰਪੂਰ ਫਾਇਦਾ ਉਠਾਇਆ ਹੈ। ਭਵਿੱਖ ਵਿੱਚ ਵੀ ਯੂਥ ਵਲੰਟੀਅਰਾਂ ਨਾਲ ਮਿਲ ਕੇ ਮੁਫ਼ਤ ਮੈਡੀਕਲ ਕੈਂਪ ਲਗਾਏ ਜਾਣਗੇ। ਇਸ ਮੌਕੇ ਯੂਥ ਵਲੰਟੀਅਰ ਅੰਕਿਤਾ ਨੇ ਕਿਹਾ ਕਿ ਯੂਥ ਵਲੰਟੀਅਰਾਂ ਵੱਲੋਂ ਸਮੇਂ-ਸਮੇਂ ਤੇ ਲੋਕ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਜਿਸ ਤਹਿਤ ਅੱਜ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ ਜਿਸ ਦਾ ਸਥਾਨਕ ਲੋਕਾਂ ਨੇ ਵੱਧ ਚੜ੍ਹ ਕੇ ਲਾਹਾ ਖੱਟਿਆ ਹੈ। ਇਸ ਮੌਕੇ ਯੂਥ ਵਲੰਟੀਅਰ ਸੁਖਵੀਰ, ਕਰਮਜੀਤ, ਵਿਨਾਕਸ਼ੀ, ਪਾਰੁਲ, ਸਪਨਾ, ਕੀਰਤੀ, ਹੈਪੀ, ਪਲਕ, ਸੁਨੀਤਾ ਅਤੇ ਗੁਰਪ੍ਰੀਤ ਹਾਜਰ ਸਨ।
- Download Babushahi App
-
-