ਪੁਲਿਸ ਪੈਨਸ਼ਨਰਾਂ ਵੱਲੋਂ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਕਾਰਵਾਈ ਹੋਣ ਖਿਲਾਫ ਧਰਨੇ ਦਾ ਫੈਸਲਾ
ਅਸ਼ੋਕ ਵਰਮਾ
ਬਠਿੰਡਾ, 7 ਜੁਲਾਈ 2026 : ਪੰਜਾਬ ਪੁਲਿਸ ਐਸੋਸੀਏਸ਼ਨ ਇਕਾਈ ਬਠਿੰਡਾ ਨੇ ਫਰਜ਼ੀ ਦਸਤਾਵੇਜਾਂ ਦੇ ਅਧਾਰ ’ਤੇ ਨੌਕਰੀ ਸਮੇਤ ਸਾਰੇ ਲਾਭ ਲੈਣ ਵਾਲੇ ਹੌਲਦਾਰ ਲਾਭ ਸਿੰਘ ਖਿਲਾਫ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਾਂ ਹੋਣ ਕਾਰਨ ਧਰਨਾ ਲਾਉਣ ਦਾ ਫੈਸਲਾ ਕੀਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਰਿਟਾਇਰਡ ਡੀਐਸਪੀ ਰਣਜੀਤ ਸਿੰਘ ਤੌਰ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਜੱਥੇਬੰਦੀ ਦੀ ਮੀਟਿੰਗ ਦੌਰਾਨ ਸੰਘਰਸ਼ ਕਰਨ ਦੀ ਲੋੜ ’ਤੇ ਜੋਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਐਯੋਸੀਏਸ਼ਨ ਦੇ ਤਕਰੀਬਨ 180 ਮੈਂਬਰਾਂ ਨੇ ਸ਼ਿਰਕਤ ਕਰਕੇ ਆਪਣੀ ਸਹਿਮਤੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਮਾਂਡੋ ਬਟਾਲੀਅਨ ਦੇ ਐਚ ਸੀ ਲਾਭ ਸਿੰਘ ਖਿਲਾਫ ਮੁਕੱਦਮਾ ਪੜਤਾਲ ਤੋਂ ਬਾਅਦ ਐਸਐਸਪੀ ਦੇ ਹੁਕਮਾਂ ’ਤੇ ਹੋਇਆ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਤਕਰੀਬਨ ਸਾਲ ਭਰ ਤੋਂ ਲਾਭ ਸਿੰਘ ਖਿਲਾਫ ਕਮੁਕੱਦਮਾ ਦਰਜ ਕਰਵਾਉਣ ਲਈ ਚਾਰਾਜੋਈ ਕਰ ਰਹੀ ਸੀ। ਉਨ੍ਹਾਂ ਦਾਅਵਾ ਕੀਤਾ ਕਿ 30 ਜੂਨ 2025 ਨੂੰ ਸੇਵਾਮੁਕਤ ਹੋਣ ਦੇ ਬਾਵਜੂਦ ਲਾਭ ਸਿੰਘ ਹਾਲੇ ਤੱਕ ਨੌਕਰੀ ਕਰ ਰਿਹਾ ਹੈ ਪਰ ਕਮਾਂਡੋ ਬਟਾਲੀਅਨ ਦੇ ਅਧਿਕਾਰੀ ਕੋਈ ਕਾਰਵਾਈ ਨਹੀਂ ਕਰ ਰਹੇ ਹਨ ਜਦੋਂਕਿ ਐਸੋਸੀਏਸ਼ਨ ਇਸ ਸਬੰਧ ’ਚ ਠੋਸ ਸਬੂਤ ਪੇਸ਼ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਦਾ ਹਵਾਲਾ ਦੇਕੇ ਆਰਟੀਆਈ ਰਾਹੀਂ ਵੀ ਸੂਚਨਾ ਨਹੀਂ ਦਿੱਤੀ ਜਾ ਰਹੀ ਜਿਸ ਤੋਂ ਜਾਪਦਾ ਹੈ ਕਿ ਕਿਧਰੇ ਨਾਂ ਕਿਧਰੇ ਗੜਬੜ ਜਰੂਰ ਹੈ। ਉਨ੍ਹਾਂ ਅਲਟੀਮੇਟਮ ਦਿੱਤਾ ਕਿ ਜੇਕਰ 15 ਦਿਨਾਂ ਦੇ ਅੰਦਰ ਅੰਦਰ ਲਾਭ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਨਾਂ ਕੀਤਾ ਗਿਆ ਤਾਂ ਕਮਾਂਡੈਂਟ ਫਸਟ ਕਮਾਂਡੋ ਬਟਾਲੀਅਨ ਦੇ ਦਫਤਰ ਅੱਗੇ ਧਰਨਾ ਲਾਇਆ ਜਾਏਗਾ ਜਦੋਂਕਿ ਉਹ ਇਸ ਰਾਹ ਪੈਣਾ ਨਹਂਂ ਚਾਹੁੰਦੇ ਸਨ ਪਰ ਅਧਿਕਾਰੀਆਂ ਵੱਲੋਂ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ।
- Download Babushahi App
-
-