ਫਗਵਾੜਾ ਦੇ ਪ੍ਰਸਿੱਧ ਅੱਖਾਂ ਦੇ ਮਾਹਰ ਡਾਕਟਰ ਐਸ. ਰਾਜਨ ਵੱਲੋਂ ਪਰਾਗ ਵਿਖੇ ਹੋਈ 'ਵਰਲਡ ਓਫਥਾਲਮੋਲੋਜੀ ਕਾਂਗਰਸ' ਵਿੱਚ ਪੜ੍ਹਿਆ ਖੋਜ ਪੱਤਰ
-ਦੁਨੀਆ ਭਰ ਦੇ ਮਾਹਰਾਂ ਵੱਲੋਂ ਬੇਹੱਦ ਸਲਾਹਿਆ ਗਿਆ, ਮਿਲਿਆ ਅੰਤਰਰਾਸ਼ਟਰੀ ਮਾਣ-ਸਤਿਕਾਰ
Gurmit Palahi
ਫਗਵਾੜਾ, 30 ਜੂਨ : ਫਗਵਾੜਾ ਦੇ ਨਾਮਵਰ ਅਤੇ ਅੱਖਾਂ ਦੇ ਮਾਹਰ ਸਰਜਨ ਡਾਕਟਰ ਐਸ. ਰਾਜਨ ਨੂੰ ਉਸ ਵੇਲੇ ਅੰਤਰਰਾਸ਼ਟਰੀ ਪੱਧਰ ’ਤੇ ਇੱਕ ਵੱਡਾ ਮਾਣ-ਸਤਿਕਾਰ ਹਾਸਲ ਹੋਇਆ, ਜਦੋਂ ਉਨ੍ਹਾਂ ਨੂੰ ਚੈੱਕ ਰਿਪਬਲਿਕ ਦੇ ਇਤਿਹਾਸਕ ਸ਼ਹਿਰ ਪਰਾਗ ਵਿਖੇ ਆਯੋਜਿਤ ‘ਵਰਲਡ ਓਫਥਾਲਮੋਲੋਜੀ ਕਾਂਗਰਸ’ ਵਿੱਚ ਆਪਣਾ ਖੋਜ ਪੱਤਰ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ। ਇਹ ਵੱਕਾਰੀ ਕਾਂਗਰਸ ‘ਇੰਟਰਨੈਸ਼ਨਲ ਕੌਂਸਲ ਆਫ ਓਫਥਾਲਮੋਲੋਜੀ’ ਵੱਲੋਂ ਕਰਵਾਈ ਗਈ ਸੀ, ਜਿਸ ਵਿੱਚ ਦੁਨੀਆ ਭਰ ਤੋਂ ਸੈਂਕੜੇ ਦੀ ਗਿਣਤੀ ਵਿੱਚ ਅੱਖਾਂ ਦੇ ਮਾਹਰ ਡਾਕਟਰਾਂ, ਉੱਘੇ ਅਕੈਡਮੀਸ਼ੀਅਨਾਂ ਅਤੇ ਰਿਸਰਚ ਸਕਾਲਰਾਂ ਨੇ ਹਿੱਸਾ ਲਿਆ।
ਸਮਾਗਮ ਦੌਰਾਨ ਡਾਕਟਰ ਐਸ. ਰਾਜਨ ਨੇ ‘ਮੈਨੇਜਿੰਗ ਕੋਮਨ ਐਂਡ ਰੇਅਰ ਇੰਟਰਾ ਓਪਰੇਟਿਵ ਕੰਪਲੀਕੇਸ਼ਨ ਇਨ ਸਮੂਥ ਇਨਸੀਜਨ ਲੈਂਟੀਕਿਊਲ ਐਕਸਟਰੈਕਸ਼ਨ’ (ਸਮਾਈਲ) ਵਿਸ਼ੇ ਉੱਤੇ ਆਪਣਾ ਮਹੱਤਵਪੂਰਨ ਪੇਪਰ ਪੇਸ਼ ਕੀਤਾ। ਇਹ ਖੋਜ ਪੱਤਰ ਅੱਖਾਂ ਦੀ ਐਨਕ ਲਾਹੁਣ ਵਾਲੀ ਦੁਨੀਆ ਦੀ ਸਭ ਤੋਂ ਆਧੁਨਿਕ ਰੋਬੋਟਿਕ ਲੇਜ਼ਰ ਤਕਨੀਕ ਨਾਲ ਸਬੰਧਿਤ ਸੀ। ਆਪ੍ਰੇਸ਼ਨ ਦੌਰਾਨ ਆਉਣ ਵਾਲੀਆਂ ਆਮ ਅਤੇ ਗੁੰਝਲਦਾਰ ਸਮੱਸਿਆਵਾਂ ਦਾ ਸਰਜਰੀ ਦੇ ਸਮੇਂ ਹੀ ਕਿਵੇਂ ਸੁਰੱਖਿਅਤ ਅਤੇ ਸਫ਼ਲ ਹੱਲ ਕੱਢਿਆ ਜਾਵੇ, ਡਾਕਟਰ ਰਾਜਨ ਨੇ ਆਪਣੇ ਵਿਸ਼ਾਲ ਤਜ਼ਰਬੇ ਦੇ ਆਧਾਰ ’ਤੇ ਇਸ ਦੇ ਬਹੁਤ ਹੀ ਸਰਲ ਅਤੇ ਨਵੇਂ ਤਕਨੀਕੀ ਨੁਕਤੇ ਦੁਨੀਆ ਭਰ ਦੇ ਡਾਕਟਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਵੱਲੋਂ ਸਾਂਝੀ ਕੀਤੀ ਗਈ ਖੋਜ ਨੂੰ ਉੱਥੇ ਹਾਜ਼ਰ ਵਿਸ਼ਵ ਭਰ ਦੇ ਮਾਹਰਾਂ ਅਤੇ ਵਿਗਿਆਨੀਆਂ ਵੱਲੋਂ ਬੇਹੱਦ ਸਲਾਹਿਆ ਗਿਆ ਕਿਉਂਕਿ ਇਹ ਨਵੇਂ ਸਰਜਨਾਂ ਲਈ ਮਰੀਜ਼ਾਂ ਦੇ ਆਪ੍ਰੇਸ਼ਨ ਨੂੰ ਹੋਰ ਸੁਰੱਖਿਅਤ ਬਣਾਉਣ ਵਿੱਚ ਬੇਹੱਦ ਮਦਦਗਾਰ ਸਾਬਤ ਹੋਵੇਗੀ।
ਜ਼ਿਕਰਯੋਗ ਹੈ ਕਿ ਡਾਕਟਰ ਐਸ. ਰਾਜਨ ਦਾ ਨਾਮ ਪੰਜਾਬ ਦੇ ਹੀ ਨਹੀਂ, ਬਲਕਿ ਉੱਤਰੀ ਭਾਰਤ ਦੇ ਬਿਹਤਰੀਨ ਅੱਖਾਂ ਦੇ ਮਾਹਰ ਸਰਜਨਾਂ ਵਿੱਚ ਸ਼ੁਮਾਰ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਫਗਵਾੜਾ ਵਿਖੇ ਅੱਖਾਂ ਦਾ ਇੱਕ ਬਹੁਤ ਹੀ ਆਧੁਨਿਕ ਹਸਪਤਾਲ ਸਫ਼ਲਤਾਪੂਰਵਕ ਚਲਾ ਰਹੇ ਹਨ, ਜਿੱਥੇ ਉਹ ਹਜ਼ਾਰਾਂ ਮਰੀਜ਼ਾਂ ਦੀਆਂ ਅੱਖਾਂ ਦੇ ਗੁੰਝਲਦਾਰ ਆਪ੍ਰੇਸ਼ਨ ਜਿਵੇਂ ਕਿ ਬਿਨਾਂ ਟਾਂਕੇ ਵਾਲਾ ਚਿੱਟਾ ਮੋਤੀਆ, ਕਾਲਾ ਮੋਤੀਆ ਅਤੇ ਲੇਜ਼ਰ ਰਾਹੀਂ ਐਨਕ ਲਾਹੁਣ ਦੇ ਸਫ਼ਲ ਆਪ੍ਰੇਸ਼ਨ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਉਹ ਕਈ ਰਾਸ਼ਟਰੀ ਕਾਨਫਰੰਸਾਂ ਵਿੱਚ ਆਪਣੇ ਮੈਡੀਕਲ ਲੈਕਚਰ ਦੇ ਚੁੱਕੇ ਹਨ ਅਤੇ ਦੇਸ਼-ਵਿਦੇਸ਼ ਦੀਆਂ ਨਾਮਵਰ ਓਫਥਾਲਮੋਲੋਜੀਕਲ ਸੋਸਾਇਟੀਆਂ ਦੇ ਸਰਗਰਮ ਮੈਂਬਰ ਹਨ। ਡਾਕਟਰੀ ਪੇਸ਼ੇ ਦੇ ਨਾਲ-ਨਾਲ ਉਹ ਇੱਕ ਉੱਘੇ ਸਮਾਜ ਸੇਵਕ ਵਜੋਂ ਵੀ ਜਾਣੇ ਜਾਂਦੇ ਹਨ, ਜੋ ਗਰੀਬ, ਬੇਸਹਾਰਾ ਅਤੇ ਲੋੜਵੰਦ ਮਰੀਜ਼ਾਂ ਲਈ ਲਗਾਤਾਰ ਮੁਫ਼ਤ ਮੈਡੀਕਲ ਕੈਂਪ ਲਗਾਉਂਦੇ ਹਨ ਅਤੇ ਬਿਨਾਂ ਕੋਈ ਪੈਸਾ ਲਏ ਮੁਫ਼ਤ ਇਲਾਜ ਤੇ ਆਪ੍ਰੇਸ਼ਨ ਕਰਕੇ ਮਾਨਵਤਾ ਦੀ ਨਿਸ਼ਕਾਮ ਸੇਵਾ ਕਰ ਰਹੇ ਹਨ।
ਡਾਕਟਰ ਰਾਜਨ ਦੀ ਇਸ ਵਿਲੱਖਣ ਅੰਤਰਰਾਸ਼ਟਰੀ ਪ੍ਰਾਪਤੀ ਅਤੇ ਫਗਵਾੜਾ ਦਾ ਨਾਮ ਵਿਸ਼ਵ ਪੱਧਰ ’ਤੇ ਰੌਸ਼ਨ ਕਰਨ ਲਈ ਇਲਾਕੇ ਦੀਆਂ ਮਾਣਯੋਗ ਸ਼ਖਸੀਅਤਾਂ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬੀ ਦੇ ਪ੍ਰਸਿੱਧ ਲੇਖਕ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਅਤੇ ਬਲੱਡ ਬੈਂਕ ਫਗਵਾੜਾ ਦੇ ਪ੍ਰਧਾਨ ਤੇ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਰਗਬੋਤਰਾ ਸਮੇਤ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣਾਂ, ਡਾਕਟਰਾਂ ਅਤੇ ਆਮ ਲੋਕਾਂ ਨੇ ਡਾਕਟਰ ਰਾਜਨ ਨੂੰ ਇਸ ਮਾਣਮੱਤੀ ਸਫ਼ਲਤਾ ਲਈ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਨਾ ਸਿਰਫ਼ ਫਗਵਾੜਾ, ਬਲਕਿ ਪੂਰੇ ਪੰਜਾਬ ਦਾ ਸਿਰ ਫ਼ਖਰ ਨਾਲ ਉੱਚਾ ਹੋਇਆ ਹੈ।
- Download Babushahi App
-
-