ਧੀਆਂ-ਭੈਣਾਂ ਦਾ ਹੁਨਰ- ‘ਫੁਲਕਾਰੀ’ ਦੇ ਰੰਗਾਂ ਸੰਗ-ਗਿੱਧੇ-ਭੰਗੜੇ ਦੀ ਗੂੰਜੀ ਤਰੰਗ।
‘ਮਾਲਵਾ ਕਲੱਬ’ ਵੱਲੋਂ ਹੋਈ ‘ਫੁਲਕਾਰੀ ਲੇਡੀਜ਼ ਨਾਈਟ-26’ ਵਿਚ ਪੰਜਾਬੀ ਸੱਭਿਆਚਾਰ ਦੇ ਗੀਤ-ਸੰਗੀਤ ਦਾ ਛੱਟਾ
-ਪ੍ਰਸਿੱਧ ਸੋਲੀਸਿਟਰ ਹਰਸ਼ੀ ਬੈਂਸ ਦਾ ਹੋਇਆ ਵਿਸ਼ੇਸ਼ ਸਨਮਾਨ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 28 ਜੂਨ 2026:-‘ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ: ਖੇਡਾਂ ਅਤੇ ਸੱਭਿਆਚਾਰ ਨੂੰ ਸਮਰਪਿਤ ਇੱਕ ਮੋਹਰੀ ਸੰਸਥਾ’ ਵਜੋਂ ਪ੍ਰੋਗਰਾਮ ਉਲੀਕਦੀ ਰਹਿੰਦੀ ਹੈ। ਵਿਦੇਸ਼ੀ ਧਰਤੀ ’ਤੇ ਪੰਜਾਬੀ ਮਾਂ-ਬੋਲੀ, ਅਮੀਰ ਵਿਰਸੇ ਅਤੇ ਖੇਡਾਂ ਨੂੰ ਜਿਊਂਦਾ ਰੱਖਣ ਵਾਲੀ ਇੱਕ ਮਜ਼ਬੂਤ ਕੜੀ ਦਾ ਇਹ ਅੰਗ ਹਨ। ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਸਾਡੀ ਸੱਭਿਆਚਾਰਕ ਪਛਾਣ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਕਲੱਬ ਹਮੇਸ਼ਾ ਮੋਹਰੀ ਰਿਹਾ ਹੈ। ਬੀਤੀ ਰਾਤ ਕਰਵਾਈ ਗਈ ‘ਫੁਲਕਾਰੀ ਲੇਡੀਜ਼ ਨਾਈਟ-2026’ ਦੀ ਸ਼ਾਨਦਾਰ ਸਫ਼ਲਤਾ ਕਲੱਬ ਦੀ ਇਸੇ ਅਣਥੱਕ ਮਿਹਨਤ ਅਤੇ ਸਮਾਜ ਪ੍ਰਤੀ ਵਚਨਬੱਧਤਾ ਦਾ ਇੱਕ ਹੋਰ ਪ੍ਰਤੱਖ ਪ੍ਰਮਾਣ ਹੈ।
ਬੀਤੀ ਰਾਤ ਮੈਨੂਕਾਊ ਸਥਿਤ ਪ੍ਰਸਿੱਧ ਡਿਊ ਡ੍ਰਾਪ ਈਵੈਂਟ ਸੈਂਟਰ ਵਿਖੇ ਇਹ ਸ਼ਾਨਦਾਰ ਮੇਲਾ ਸਜਾਇਆ ਗਿਆ। ਸਾਲ 2022 ਤੋਂ ‘ਫੁਲਕਾਰੀ’ ਦੇ ਨਾਮ ਹੇਠ ਮਨਾਈ ਜਾ ਰਹੀ ਇਸ ਲੇਡੀਜ਼ ਨਾਈਟ ਦਾ ਇਹ 10ਵਾਂ ਸਫ਼ਲ ਸਾਲ ਸੀ। ਇਸ ਵਾਰ ਪ੍ਰੋਗਰਾਮ ਵਿੱਚ ਵੱਖ-ਵੱਖ ਥਾਵਾਂ ਤੋਂ 10 ਟੀਮਾਂ ਨੇ ਹਿੱਸਾ ਲਿਆ, ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਟੌਰੰਗਾ ਤੋਂ ਪਹੁੰਚੀ ‘ਫੋਕਸਟਾਰ ਭੰਗੜਾ’ ਦੀ ਟੀਮ ਨੇ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਦੇ ਦਿਲ ਜਿੱਤ ਲਏ।
ਮਾਲਵਾ ਕਲੱਬ ਦੀਆਂ ਬੀਬੀਆਂ ਦੀ ਪੇਸ਼ਕਾਰੀ ਰਹੀ ਖਿੱਚ ਦਾ ਕੇਂਦਰ ਰਹੀ”:
ਪ੍ਰੋਗਰਾਮ ਦੌਰਾਨ ਜਿੱਥੇ ਲਾਈਵ ਡੀਜੇ, ਗਿੱਧਾ ਅਤੇ ਭੰਗੜੇ ਦੇ ਮੁਕਾਬਲਿਆਂ ਨੇ ਸਮਾਂ ਬੰਨ੍ਹÇਆ, ਉੱਥੇ ਹੀ ਪ੍ਰੋਗਰਾਮ ਦੀ ਆਖਰੀ ਪੇਸ਼ਕਾਰੀ ਸਭ ਤੋਂ ਵੱਡਾ ਮਨੋਰੰਜਨ ਕਰਨ ਵਾਲੀ ਸਾਬਿਤ ਹੋਈ। ਇਹ ਵਿਸ਼ੇਸ਼ ਪੇਸ਼ਕਾਰੀ ਖੁਦ ‘ਮਾਲਵਾ ਕਲੱਬ ਲੇਡੀਜ਼’ਵੱਲੋਂ ਤਿਆਰ ਕੀਤੀ ਗਈ ਸੀ, ਜਿਸ ਨੇ ਹਾਲ ਵਿੱਚ ਮੌਜੂਦ ਹਰ ਇੱਕ ਦਰਸ਼ਕ ਨੂੰ ਝੂਮਣ ਲਾ ਦਿੱਤਾ। ਬਾਕੀ ਪੇਸ਼ਕਾਰੀਆਂ ਦੇ ਵਿਚ ਅਕੈਡਮੀ ਆਫ ਪੰਜਾਬੀ ਡਾਂਸ, ਭੰਗੜਾ ਏਂਜਲਜ਼, ਪੰਜਾਬੀ ਹੈਰੀਟੇਜ ਡਾਂਸ ਅਕੈਡਮੀ, ਸਹਿਜ ਅਤੇ ਜੱਪਜੋਤ, ਰੂਹ ਪੰਜਾਬ ਦੀ, ਹਰਮਨ ਦੀ ਟੀਮ, ਪੰਜਾਬੀ ਹੈਰੀਟੇਜਰਜ਼, ਸਾਂਝ ਕਲੱਬ ਦੀਆਂ ਟੀਮਾਂ ਨੇ ਵੀ ਬਹੁਤ ਵਧੀਆ ਸਟੇਜ ’ਤੇ ਰੌਣਕ ਲਾਈ।
ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਬਲਜੀਤ ਔਲਖ, ਸਾਵੀ ਕੌਰ ਅਤੇ ਹਰਮਨ ਕੌਰ ਵੱਲੋਂ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ ਗਈ।
ਪ੍ਰਸਿੱਧ ਸੋਲੀਸਿਟਰ ਹਰਸ਼ੀ ਬੈਂਸ ਦਾ ਹੋਇਆ ਵਿਸ਼ੇਸ਼ ਸਨਮਾਨ
ਇਸ ਮੌਕੇ ਸਮਾਜਿਕ ਅਤੇ ਕਾਨੂੰਨੀ ਖੇਤਰ ਵਿੱਚ ਮੱਲਾਂ ਮਾਰਨ ਵਾਲੀ ਪ੍ਰਸਿੱਧ ਸੋਲੀਸਿਟਰ ਹਰਸ਼ੀ ਬੈਂਸ ਦੀਆਂ ਪ੍ਰਾਪਤੀਆਂ ਅਤੇ ਸਮਾਜ ਸੇਵਾ ਨੂੰ ਮੁੱਖ ਰੱਖਦਿਆਂ ਸਟੇਜ ਤੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਹਰਸ਼ੀ ਬੈਂਸ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤੀ।
ਲਜ਼ੀਜ਼ ਪਕਵਾਨ ਅਤੇ ਮੁਫ਼ਤ ਐਂਟਰੀ
ਧੀਆਂ ਭੈਣਾ ਦੇ ਹੁਨਰ, ਸਸ਼ਕਤੀਕਰਨ ਅਤੇ ਵਿਰਸੇ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਸਾਰੀਆਂ ਬੀਬੀਆਂ ਲਈ ਐਂਟਰੀ ਬਿਲਕੁਲ ਮੁਫ਼ਤ ਰੱਖੀ ਗਈ ਸੀ। ਪ੍ਰੋਗਰਾਮ ਦੌਰਾਨ ਖਾਣ-ਪੀਣ ਦੇ ਵਿਸ਼ੇਸ਼ ਸਟਾਲਾਂ ਦਾ ਪ੍ਰਬੰਧ ‘ਲਵ ਪੰਜਾਬ’ ਦੀ ਟੀਮ ਵੱਲੋਂ ਬਾਈ ਕੁਕੂ ਮਾਨ ਦੀ ਅਗਵਾਈ ਹੇਠ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ ਸੀ।
ਮਾਲਵਾ ਕਲੱਬ ਦੀ ਪ੍ਰਬੰਧਕੀ ਟੀਮ ਵੱਲੋਂ ਸਭ ਦਾ ਧੰਨਵਾਦ
ਮਾਲਵਾ ਕਲੱਬ ਦੇ ਪ੍ਰਧਾਨ ਸ. ਜਗਦੀਪ ਸਿੰਘ ਵੜੈਚ, ਉਪ-ਪ੍ਰਧਾਨ ਸ. ਕਮਲਜੀਤ ਸਿੰਘ, ਜਨਰਲ ਸਕੱਤਰ ਸ. ਗਗਨ ਧਾਲੀਵਾਲ, ਸੱਭਿਆਚਾਰਕ ਸਕੱਤਰ ਸ. ਪੈਰੀ ਭੁੱਲਰ ਅਤੇ ਸਮੁੱਚੀ ਪ੍ਰਬੰਧਕੀ ਟੀਮ ਨੇ ਪ੍ਰੋਗਰਾਮ ਵਿੱਚ ਪਹੁੰਚੀਆਂ ਸਾਰੀਆਂ ਮਹਿਲਾਵਾਂ, ਸਹਿਯੋਗੀਆਂ ਅਤੇ ਵਲੰਟੀਅਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਤੁਹਾਡੀ ਮਿਹਨਤ, ਅਨੁਸ਼ਾਸਨ ਅਤੇ ਸਹਿਯੋਗ ਸਦਕਾ ਹੀ ’ਫੁਲਕਾਰੀ 26’ ਇੰਨੀ ਵੱਡੀ ਸਫ਼ਲਤਾ ਹਾਸਿਲ ਕਰ ਸਕੀ ਹੈ।
- Download Babushahi App
-
-