ਪੈਟਰੋਲ ਬੰਬ ਕਾਂਡ: ਡਾ. ਤਰਸੇਮ ਗਰਗ ਨੂੰ ਨਿਆਂ ਦਿਵਾਉਣ ਲਈ ਇੱਕ ਮੋਰੀ ਨਿਕਲੀਆਂ ਸਿਆਸੀ ਧਿਰਾਂ
ਅਸ਼ੋਕ ਵਰਮਾ
ਬਠਿੰਡਾ, 24 ਜੂਨ 2026 : ਬਠਿੰਡਾ ਵਿੱਚ ਭਾਜਪਾ ਆਗੂ ਡਾ. ਤਰਸੇਮ ਗਰਗ ਦੇ ਕਲੀਨਿਕ ਵਿੱਚ ਵਾਪਰੇ ਪੈਟਰੋਲ ਬੰਬ ਕਾਂਡ ਤੋਂ ਬਾਅਦ ਸ਼ਹਿਰ ਦੀਆਂ ਸਿਆਸੀ ਧਿਰਾਂ ਨੇ ਇੱਕ ਮੋਰੀ ਨਿਕਲ ਕੇ ਇਨਸਾਫ ਦੀ ਮੰਗ ਕੀਤੀ ਹੈ।ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ,ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਕਾਂਗਰਸੀ ਆਗੂ ਅਸ਼ੋਕ ਪ੍ਰਧਾਨ ਅਤੇ ਪੀੜਤ ਡਾ. ਤਰਸੇਮ ਗਰਗ ਨੇ ਕਿਹਾ ਕਿ ਸੂਬੇ ਵਿੱਚ ਲਗਾਤਾਰ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਕਾਰਨ ਆਮ ਲੋਕਾਂ ਵਿੱਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਉਨ੍ਹਾਂ ਜ਼ਿਲ੍ਹਾ ਪੁਲੀਸ ਅਤੇ ਪੰਜਾਬ ਪੁਲੀਸ ਦੇ ਡੀ.ਜੀ.ਪੀ. (DGP) ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕਰਕੇ ਨਾ ਸਿਰਫ਼ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਤੁਰੰਤ ਕਾਬੂ ਕੀਤਾ ਜਾਵੇ, ਸਗੋਂ ਇਸ ਘਟਨਾ ਪਿੱਛੇ ਲੁਕੇ ਹੋਏ ਅਸਲ ਸਾਜ਼ਿਸ਼ਕਾਰਾਂ ਨੂੰ ਵੀ ਬੇਨਕਾਬ ਕੀਤਾ ਜਾਵੇ।
ਸਿਆਸੀ ਆਗੂਆਂ ਨੇ ਇੱਕਸੁਰ ਵਿੱਚ ਮੰਗ ਕੀਤੀ ਕਿ ਡਾ. ਤਰਸੇਮ ਗਰਗ ਨੂੰ ਜਲਦ ਤੋਂ ਜਲਦ ਇਨਸਾਫ਼ ਦਿਵਾਇਆ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਖ਼ੌਫ਼ਨਾਕ ਘਟਨਾਵਾਂ ਦੀ ਦੁਹਰਾਈ ਨੂੰ ਰੋਕਿਆ ਜਾ ਸਕੇ ਅਤੇ ਜਨਤਾ ਦਾ ਕਾਨੂੰਨ ਪ੍ਰਬੰਧ ’ਤੇ ਵਿਸ਼ਵਾਸ ਹੋਰ ਮਜ਼ਬੂਤ ਹੋਵੇ। ਪੰਜਾਬ ਦੀ ਵਿਗੜ ਰਹੀ ਕਾਨੂੰਨ-ਵਿਵਸਥਾ ’ਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਭਾਜਪਾ ਆਗੂ ਸਰੂਪ ਚੰਦ ਸਿੰਗਲਾ ਨੇ ਆਖਿਆ ਕਿ ਸੂਬਾ ਪਹਿਲਾਂ ਹੀ ਬਹੁਤ ਕਾਲਾ ਦੌਰ ਦੇਖ ਚੁੱਕਿਆ ਹੈ ਇਸ ਲਈ ਅਜਿਹੇ ਅਨਸਰਾਂ ਨੂੰ ਫੌਰੀ ਤੌਰ ਤੇ ਨੱਥ ਪਾਈ ਜਾਣੀ ਚਾਹੀਦੀ ਹੈ। ਗੌਰ ਤਲਬ ਹੈ ਕਿ ਇਸ ਦਲੇਰਾਨਾ ਵਾਰਦਾਤ ਨੂੰ ਵਾਪਰਿਆ 40 ਘੰਟੇ ਉਹ ਵੱਧ ਦਾ ਸਮਾਂ ਬੀਤ ਗਿਆ ਹੈ ਪਰ ਪੁਲਿਸ ਦੇ ਹੱਥ ਅਜੇ ਤੱਕ ਖਾਲੀ ਹਨ। ਅਜਿਹੇ ਹਾਲਾਤਾਂ ਨੂੰ ਦੇਖਦਿਆਂ ਸ਼ਹਿਰ ਵਾਸੀ ਖੌਫ ਜਿਆਦਾ ਹਨ ਅਤੇ ਵਪਾਰੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
- Download Babushahi App
-
-