Big Breaking : ਬਠਿੰਡਾ ’ਚ ਵੱਡੀ ਵਾਰਦਾਤ: RSS ਦਫ਼ਤਰ ਸਾਹਮਣੇ ਭਾਜਪਾ ਆਗੂ ਦੇ ਕਲੀਨਿਕ ’ਤੇ ਸੁੱਟਿਆ ਪੈਟਰੋਲ ਬੰਬ
ਅਸ਼ੋਕ ਵਰਮਾ
ਬਠਿੰਡਾ, 23 ਜੂਨ 2026 :ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬਠਿੰਡਾ ਜ਼ਿਲ੍ਹੇ ਫੇਰੀ ਅਤੇ ਉਨ੍ਹਾਂ ਦੀ ਸ਼ਹਿਰ ਵਿੱਚ ਮੌਜੂਦਗੀ ਦੌਰਾਨ ਸ਼ਹਿਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਦਾਅਵਿਆਂ ਦੇ ਬਾਵਜੂਦ ਬੀਤੀ ਦੇਰ ਸ਼ਾਮ ਸ਼ਹਿਰ ਦੀ ਮੇਲਾਂ ਰਾਮ ਰੋਡ ਤੇ ਸਥਿਤ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਅਤੇ ਮੌਜੂਦਾ ਭਾਜਪਾ ਡਾਕਟਰ ਤਰਸੇਮ ਗਰਗ ਦੇ ਕਲੀਨਿਕ ਵਿੱਚ ਪੈਟਰੋਲ ਬੰਬ ਨਾਲ ਧਮਾਕਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹੱਤਵਪੂਰਨ ਤੱਤ ਇਹ ਵੀ ਹੈ ਕਿ ਵਾਰਦਾਤ ਵਾਲੀ ਥਾਂ ਦੇ ਬਿਲਕੁਲ ਨਜ਼ਦੀਕ ਆਰਐਸਐਸ ਦਾ ਮੁਕਾਮੀ ਦਫਤਰ ਵੀ ਹੈ ਜਿਸ ਦਾ ਕੁਝ ਦਿਨ ਪਹਿਲਾਂ ਉਦਘਾਟਨ ਕੀਤਾ ਗਿਆ ਸੀ। ਇਸ ਪੈਟਰੋਲ ਬੰਬ ਧਮਾਕੇ ਤੋਂ ਬਾਅਦ ਸ਼ਹਿਰ ਵਿੱਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਹੈ। ਰਾਹਤ ਵਾਲੀ ਗੱਲ ਇਹੋ ਰਹੀ ਕਿ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਪੂਰੀ ਤਰ੍ਹਾਂ ਬਚਾ ਰਿਹਾ ਹੈ।ਪੈਟਰੋਲ ਬੰਬ ਕਲੀਨਿਕ ਦੀ ਇੱਕ ਖਿੜਕੀ ਨਾਲ ਜਾ ਟਕਰਾਇਆ, ਜਿਸ ਕਾਰਨ ਉੱਥੇ ਸੜਨ ਦੇ ਨਿਸ਼ਾਨ ਪੈ ਗਏ । ਇਸ ਧਮਾਕੇ ਕਾਰਨ ਵੇਹੜੇ ਵਿੱਚ ਖੜ੍ਹੀ ਇੱਕ ਸਕੂਟਰੀ ਤੇ ਕੁਝ ਪੌਦਿਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਆਈ.ਜੀ. ਹਰਜੀਤ ਸਿੰਘ, ਐੱਸ.ਐੱਸ.ਪੀ. ਜਯੋਤੀ ਯਾਦਵ ਸਮੇਤ ਕਈ ਸੀਨੀਅਰ ਪੁਲੀਸ ਅਧਿਕਾਰੀ ਮੌਕੇ 'ਤੇ ਪਹੁੰਚੇ ਜਿਨਾਂ ਨਾਲ ਫਰੈਂਸਿਕ ਮਾਹਿਰਾਂ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚੀਆਂ ਹਨ।
ਡਾ. ਤਰਸੇਮ ਗਰਗ ਦੇ ਪਰਿਵਾਰ ਨੇ ਹਾਲ ਹੀ ਵਿੱਚ ਹੋਈਆਂ ਨਗਰ ਨਿਗਮ ਚੋਣਾਂ ਦੌਰਾਨ ਆਮ ਆਦਮੀ ਪਾਰਟੀ (AAP) ਛੱਡ ਕੇ ਭਾਰਤੀ ਜਨਤਾ ਪਾਰਟੀ (BJP) ਦਾ ਪੱਲਾ ਫੜਿਆ ਸੀ ਕਲੀਨਿਕ ਦੇ ਮਾਲਕ ਡਾ. ਤਰਸੇਮ ਗਰਗ ਨੇ ਦੱਸਿਆ ਕਿ ਘਟਨਾ ਦੇ ਸਮੇਂ ਕਲੀਨਿਕ ਵਿੱਚ ਦੋ ਮੁਲਾਜ਼ਮ ਮੌਜੂਦ ਸਨ, ਜਿਨ੍ਹਾਂ ਨੇ ਫ਼ੋਨ ’ਤੇ ਉਨ੍ਹਾਂ ਨੂੰ ਧਮਾਕੇ ਅਤੇ ਅੱਗ ਲੱਗਣ ਦੀ ਸੂਚਨਾ ਦਿੱਤੀ। ਮੁਲਾਜ਼ਮਾਂ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਅੱਗ 'ਤੇ ਕਾਬੂ ਪਾਇਆ। ਡਾ. ਗਰਗ ਮੁਤਾਬਕ ਜਦੋਂ ਉਨ੍ਹਾਂ ਨੇ ਕਲੀਨਿਕ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ, ਤਾਂ ਉਸ ਵਿੱਚ ਦੋ ਅਣਪਛਾਤੇ ਨੌਜਵਾਨ ਪੈਟਰੋਲ ਬੰਬ ਨੂੰ ਅੱਗ ਲਗਾ ਕੇ ਕਲੀਨਿਕ ਵੱਲ ਸੁੱਟਦੇ ਹੋਏ ਸਾਫ਼ ਦਿਖਾਈ ਦੇ ਰਹੇ ਹਨ।ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਰਾਤ ਨੂੰ ਹੀ ਬਠਿੰਡਾ ਪਹੁੰਚ ਗਏ ਸਨ ਅਤੇ ਮੰਗਲਵਾਰ ਨੂੰ ਉਨ੍ਹਾਂ ਦੇ ਜ਼ਿਲ੍ਹੇ ਵਿੱਚ ਤਿੰਨ ਵੱਖ-ਵੱਖ ਪ੍ਰੋਗਰਾਮ ਤੈਅ ਹਨ। ਮੁੱਖ ਮੰਤਰੀ ਦੀ ਆਮਦ ਦੌਰਾਨ ਸ਼ਹਿਰ ਦੇ ਅਤਿ-ਸੁਰੱਖਿਅਤ ਖੇਤਰ ਦੇ ਨੇੜੇ ਹੋਈ ਇਸ ਬੰਬ ਸੁੱਟਣ ਦੀ ਘਟਨਾ ਨੇ ਪੁਲੀਸ ਪ੍ਰਸ਼ਾਸਨ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ
ਐੱਸ.ਪੀ. (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ ਵਿਸ਼ਾਲ ਨਗਰ ਦੇ ਮੇਲਾ ਰਾਮ ਰੋਡ ’ਤੇ ਦੋ ਨੌਜਵਾਨਾਂ ਵੱਲੋਂ ਪੈਟਰੋਲ ਬੰਬ ਸੁੱਟਣ ਦੀ ਇਤਲਾਹ ਮਿਲਦੇ ਹੀ ਪੁਲੀਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਸਰਚ ਅਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਪੁਲੀਸ ਦੇ ਹੱਥ ਕੁਝ ਅਹਿਮ ਸੁਰਾਗ ਲੱਗੇ ਹਨ, ਪਰ ਜਾਂਚ ਪ੍ਰਭਾਵਿਤ ਨਾ ਹੋਵੇ, ਇਸ ਲਈ ਅਜੇ ਉਨ੍ਹਾਂ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ। ਦੂਜੇ ਪਾਸੇ ਐੱਸ.ਐੱਸ.ਪੀ. ਜਯੋਤੀ ਯਾਦਵ ਨੇ ਦੱਸਿਆ ਕਿ ਸੀ.ਆਈ.ਏ. (CIA) ਅਤੇ ਫੋਰੈਂਸਿਕ ਮਾਹਰਾਂ ਦੀਆਂ ਟੀਮਾਂ ਨੇ ਮੌਕੇ ਤੋਂ ਸੈਂਪਲ ਇਕੱਠੇ ਕਰ ਲਏ ਹਨ ਅਤੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
- Download Babushahi App
-
-