ਪੰਜਾਬ ਦੇ ਕਿਸਾਨਾਂ ਲਈ ਯੂਰੀਆ ਅਤੇ DAP ਦੀ ਭਰਪੂਰ ਸਪਲਾਈ ਯਕੀਨੀ: ਕੇਵਲ ਸਿੰਘ ਢਿੱਲੋਂ ਦੇ ਪੱਤਰ 'ਤੇ ਕੇਂਦਰ ਦਾ ਵੱਡਾ ਜਵਾਬ
ਮੋਦੀ ਸਰਕਾਰ ਨੇ ਸਾਬਿਤ ਕੀਤਾ ਕਿ ਪੰਜਾਬ ਦੇ ਕਿਸਾਨ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ: ਭਾਜਪਾ ਪ੍ਰਧਾਨ- ਪੰਜਾਬ ਨੂੰ ਮਿਲੀ ਲੋੜ ਤੋਂ ਵੱਧ ਖਾਦ; ਸੂਬੇ ਕੋਲ 4.27 ਲੱਖ MT ਯੂਰੀਆ ਅਤੇ 98 ਹਜ਼ਾਰ MT DAP ਦਾ ਸਟਾਕ ਮੌਜੂਦ
"ਕੇਂਦਰ ਨੇ ਖਾਦ ਭੇਜ ਦਿੱਤੀ, ਹੁਣ 'ਆਪ' ਸਰਕਾਰ ਜ਼ਿਲ੍ਹਾ ਅਤੇ ਬਲਾਕ ਪੱਧਰ ਤੱਕ ਪਾਰਦਰਸ਼ੀ ਵੰਡ ਯਕੀਨੀ ਬਣਾਵੇ" - ਢਿੱਲੋਂ
ਚੰਡੀਗੜ੍ਹ, 24 ਜੂਨ 2026:
ਕੇਂਦਰ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਮੌਜੂਦਾ ਖਰੀਫ਼ 2026 ਸੀਜ਼ਨ ਲਈ ਪੰਜਾਬ ਵਿੱਚ ਯੂਰੀਆ ਅਤੇ ਡੀ.ਏ.ਪੀ. (DAP) ਖਾਦ ਦੀ ਲੋੜੀਂਦੀ ਮਾਤਰਾ ਉਪਲਬਧ ਕਰਵਾ ਦਿੱਤੀ ਗਈ ਹੈ। ਕੇਂਦਰ ਸਰਕਾਰ ਦਾ ਇਹ ਸਪੱਸ਼ਟ ਜਵਾਬ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਬੀਤੀ 10 ਜੂਨ 2026 ਨੂੰ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਨੂੰ ਪੰਜਾਬ ਦੇ ਕਿਸਾਨਾਂ ਦੀਆਂ ਲੋੜਾਂ ਦੇ ਮੱਦੇਨਜ਼ਰ ਲਿਖੇ ਗਏ ਪੱਤਰ ਤੋਂ ਬਾਅਦ ਸਾਹਮਣੇ ਆਇਆ ਹੈ।
ਭਾਰਤ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਦੀ ਸੰਯੁਕਤ ਸਕੱਤਰ ਬੰਦਨਾ ਪ੍ਰੇਯਸ਼ੀ (IAS) ਵੱਲੋਂ 23 ਜੂਨ 2026 ਨੂੰ ਕੇਵਲ ਸਿੰਘ ਢਿੱਲੋਂ ਨੂੰ ਭੇਜੇ ਗਏ ਅਧਿਕਾਰਤ ਜਵਾਬ ਮੁਤਾਬਕ, ਪੰਜਾਬ ਨੂੰ 11,45,000 ਮੀਟ੍ਰਿਕ ਟਨ ਯੂਰੀਆ ਅਤੇ 1,80,000 ਮੀਟ੍ਰਿਕ ਟਨ DAP ਉਪਲਬਧ ਕਰਵਾਈ ਗਈ ਹੈ, ਜੋ ਕਿ ਸੂਬੇ ਦੀ ਕੁੱਲ ਲੋੜ ਤੋਂ ਵੀ ਕਿਤੇ ਵੱਧ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਵੀ ਰਾਜ ਕੋਲ 4,27,000 ਮੀਟ੍ਰਿਕ ਟਨ ਯੂਰੀਆ ਅਤੇ 98,000 ਮੀਟ੍ਰਿਕ ਟਨ DAP ਦਾ ਕਲੋਜ਼ਿੰਗ ਸਟਾਕ (Closing Stock) ਸੁਰੱਖਿਅਤ ਮੌਜੂਦ ਹੈ।
ਇਸ ਸਪਲਾਈ ਦੀ ਪੁਸ਼ਟੀ ਹੋਣ ਤੋਂ ਬਾਅਦ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ, "ਕੇਂਦਰ ਦੀ ਮੋਦੀ ਸਰਕਾਰ ਨੇ ਇੱਕ ਵਾਰ ਫਿਰ ਅਮਲੀ ਰੂਪ ਵਿੱਚ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦਾ ਕਿਸਾਨ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ। ਸਾਡੇ ਪੱਤਰ ਲਿਖਣ ਦੇ ਮਹਿਜ਼ ਕੁਝ ਦਿਨਾਂ ਦੇ ਅੰਦਰ ਹੀ ਕੇਂਦਰ ਨੇ ਤੁਰੰਤ ਕਾਰਵਾਈ ਕਰਦਿਆਂ ਰਿਕਾਰਡ ਖਾਦ ਸੂਬੇ ਨੂੰ ਭੇਜੀ ਹੈ।" ਉਨ੍ਹਾਂ ਅੱਗੇ ਸਵਾਲ ਚੁੱਕਦਿਆਂ ਕਿਹਾ ਕਿ ਕੇਂਦਰ ਵੱਲੋਂ ਕੋਟਾ ਪੂਰਾ ਕਰਨ ਤੋਂ ਬਾਅਦ ਹੁਣ ਸਾਰੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ 'ਆਪ' ਸਰਕਾਰ ਇਸ ਖਾਦ ਨੂੰ ਜ਼ਿਲ੍ਹਾ ਅਤੇ ਬਲਾਕ ਪੱਧਰ ਤੱਕ ਲੋੜਵੰਦ ਕਿਸਾਨਾਂ ਤੱਕ ਸਮੇਂ ਸਿਰ ਪਹੁੰਚਾਉਂਦੀ ਹੈ ਜਾਂ ਨਹੀਂ।
ਕੇਵਲ ਸਿੰਘ ਢਿੱਲੋਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ 'ਖਾਦ (ਕੰਟਰੋਲ) ਆਰਡਰ 1985' ਅਤੇ 'ਜ਼ਰੂਰੀ ਵਸਤਾਂ ਐਕਟ 1955' ਦੇ ਤਹਿਤ ਸੂਬੇ ਵਿੱਚ ਖਾਦ ਦੀ ਜ਼ਖੀਰੇਬਾਜ਼ੀ, ਕਾਲਾਬਜ਼ਾਰੀ ਅਤੇ ਮਹਿੰਗੇ ਭਾਅ 'ਤੇ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨਾ ਪੂਰੀ ਤਰ੍ਹਾਂ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ। ਜੇਕਰ ਸੂਬੇ ਵਿੱਚ ਖਾਦ ਦੀ ਕਿੱਲਤ ਕਾਰਨ ਕਿਸਾਨ ਪ੍ਰੇਸ਼ਾਨ ਹੁੰਦੇ ਹਨ ਜਾਂ ਉਨ੍ਹਾਂ ਤੱਕ ਸਹੀ ਸਮੇਂ 'ਤੇ ਸਪਲਾਈ ਨਹੀਂ ਪਹੁੰਚਦੀ, ਤਾਂ ਇਸ ਦੀ ਸਿੱਧੀ ਅਤੇ ਪੂਰੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀ ਹੋਵੇਗੀ।
ਭਾਜਪਾ ਪੰਜਾਬ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਭਗਵੰਤ ਮਾਨ ਸਰਕਾਰ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਬਿਨਾਂ ਕਿਸੇ ਪੱਖਪਾਤ ਦੇ ਖਾਦ ਦੀ ਪਾਰਦਰਸ਼ੀ ਅਤੇ ਸਮੇਂ ਸਿਰ ਵੰਡ ਯਕੀਨੀ ਬਣਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
- Download Babushahi App
-
-