ਭਾਜਪਾ ਨਗਰ ਕੌਂਸਲ ਰੂਪਨਗਰ ਵਿੱਚ ਲੋਕ ਹਿੱਤਾਂ ਦੀ ਮਜ਼ਬੂਤ ਆਵਾਜ਼ ਵਜੋਂ ਨਿਭਾਏਗੀ ਵਿਰੋਧੀ ਧਿਰ ਦੀ ਭੂਮਿਕਾ
ਮਨਪ੍ਰੀਤ ਸਿੰਘ
ਰੂਪਨਗਰ, 23 ਜੂਨ:
ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਅੱਜ ਭਾਜਪਾ ਜ਼ਿਲ੍ਹਾ ਦਫ਼ਤਰ ਰੂਪਨਗਰ ਵਿਖੇ ਇੱਕ ਜ਼ਰੂਰੀ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਰੂਪਨਗਰ ਦੇ ਭਾਜਪਾ ਕੌਂਸਲਰ ਸ੍ਰੀ ਹਰਮਿੰਦਰਪਾਲ ਸਿੰਘ ਆਹਲੂਵਾਲੀਆ, ਸ੍ਰੀਮਤੀ ਕਰਮਜੀਤ ਕੌਰ, ਸ੍ਰੀਮਤੀ ਜਸਬੀਰ ਕੌਰ ਅਤੇ ਸ੍ਰੀਮਤੀ ਕਿਰਨ ਗੁਪਤਾ ਨੇ ਸਾਂਝੇ ਤੌਰ ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਨਗਰ ਕੌਂਸਲ ਪ੍ਰਧਾਨ ਦੀ ਚੋਣ ਸਬੰਧੀ ਆਪਣਾ ਪੱਖ ਸਪੱਸ਼ਟ ਕੀਤਾ।
ਕੌਂਸਲਰਾਂ ਨੇ ਕਿਹਾ ਕਿ ਅੱਜ ਹੋਈ ਨਗਰ ਕੌਂਸਲ ਦੀ ਕਾਰਵਾਈ ਦੌਰਾਨ ਕੁਝ ਅਜਿਹੀਆਂ ਸਥਿਤੀਆਂ ਪੈਦਾ ਹੋਈਆਂ ਜਿਨ੍ਹਾਂ ਕਾਰਨ ਇਹ ਭਰਮ ਫੈਲ ਗਿਆ ਕਿ ਭਾਜਪਾ ਦੇ ਉਮੀਦਵਾਰ ਕੌਂਸਲਰਾਂ ਨੇ ਨਗਰ ਕੌਂਸਲ ਪ੍ਰਧਾਨ ਦੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਪਾਈ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਪੂਰੀ ਤਰ੍ਹਾਂ ਤੱਥਾਂ ਤੋਂ ਪਰੇ ਹੈ ਅਤੇ ਹਕੀਕਤ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ।
ਸ੍ਰੀ ਹਰਮਿੰਦਰਪਾਲ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਭਾਜਪਾ ਦੇ ਚਾਰੇ ਕੌਂਸਲਰਾਂ ਨੇ ਸਿਰਫ਼ ਸਹੁੰ ਚੁੱਕਣ ਦੀ ਪ੍ਰਕਿਰਿਆ ਅਤੇ ਉਸ ਨਾਲ ਸਬੰਧਿਤ ਕਾਰਵਾਈ ਦੌਰਾਨ ਆਪਣੇ ਹੱਥ ਖੜ੍ਹੇ ਕੀਤੇ ਸਨ ! ਉਨ੍ਹਾਂ ਕਿਹਾ ਕਿ ਭਾਜਪਾ ਦੇ ਕਿਸੇ ਵੀ ਕੌਂਸਲਰ ਨੇ ਨਾ ਤਾਂ ਜਾਣਬੁੱਝ ਕੇ ਕਿਸੇ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਈ ਅਤੇ ਨਾ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਕੋਈ ਸਮਰਥਨ ਦਿੱਤਾ।
ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਸਿਧਾਂਤਾਂ ਅਤੇ ਵਿਚਾਰਧਾਰਾ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਪਾਰਟੀ ਦਾ ਕੋਈ ਵੀ ਚੁਣਿਆ ਹੋਇਆ ਨੁਮਾਇੰਦਾ ਆਮ ਆਦਮੀ ਪਾਰਟੀ ਦੇ ਨਾਲ ਖੜ੍ਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਜਾਣਬੁੱਝ ਕੇ ਰਾਜਨੀਤਿਕ ਲਾਭ ਲਈ ਗਲਤ ਜਾਣਕਾਰੀ ਫੈਲਾ ਰਹੇ ਹਨ, ਜਿਸ ਦਾ ਭਾਜਪਾ ਪੁਰਜ਼ੋਰ ਖੰਡਨ ਕਰਦੀ ਹੈ।
ਭਾਜਪਾ ਕੌਂਸਲਰਾਂ ਨੇ ਕਿਹਾ ਕਿ ਉਹ ਰੂਪਨਗਰ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਉਠਾਉਣਗੇ ਅਤੇ ਨਗਰ ਕੌਂਸਲ ਵਿੱਚ ਇੱਕ ਮਜ਼ਬੂਤ ਅਤੇ ਜ਼ਿੰਮੇਵਾਰ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ, ਸਫਾਈ ਪ੍ਰਬੰਧ, ਪੀਣ ਵਾਲੇ ਪਾਣੀ, ਸੀਵਰੇਜ, ਸੜਕਾਂ ਅਤੇ ਹੋਰ ਜਨਤਕ ਮੁੱਦਿਆਂ ਤੇ ਭਾਜਪਾ ਲਗਾਤਾਰ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕਰੇਗੀ।
ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਲੋਕਤੰਤਰਕ ਕਦਰਾਂ ਕੀਮਤਾਂ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਜਨਤਾ ਵੱਲੋਂ ਦਿੱਤੇ ਗਏ ਫਤਵੇ ਦਾ ਸਤਿਕਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸਾਰੇ ਕੌਂਸਲਰ ਪਾਰਟੀ ਦੀ ਨੀਤੀ ਅਤੇ ਅਨੁਸ਼ਾਸਨ ਅਨੁਸਾਰ ਕੰਮ ਕਰ ਰਹੇ ਹਨ ਅਤੇ ਅੱਗੇ ਵੀ ਜਨਹਿੱਤ ਦੇ ਮੁੱਦਿਆਂ ਤੇ ਲੋਕਾਂ ਦੀ ਆਵਾਜ਼ ਬਣੇ ਰਹਿਣਗੇ।
ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਆਗੂਆਂ ਨੇ ਦੁਹਰਾਇਆ ਕਿ ਨਗਰ ਕੌਂਸਲ ਪ੍ਰਧਾਨ ਦੀ ਚੋਣ ਦੌਰਾਨ ਭਾਜਪਾ ਵੱਲੋਂ ਕਿਸੇ ਵੀ ਤਰ੍ਹਾਂ ਦਾ ਸਮਰਥਨ ਆਮ ਆਦਮੀ ਪਾਰਟੀ ਨੂੰ ਨਹੀਂ ਦਿੱਤਾ ਗਿਆ ਅਤੇ ਪਾਰਟੀ ਨਗਰ ਕੌਂਸਲ ਵਿੱਚ ਇੱਕ ਮਜ਼ਬੂਤ, ਪ੍ਰਭਾਵਸ਼ਾਲੀ ਅਤੇ ਜਨਪੱਖੀ ਵਿਰੋਧੀ ਧਿਰ ਵਜੋਂ ਆਪਣੀ ਭੂਮਿਕਾ ਨਿਭਾਉਂਦੀ ਰਹੇਗੀ।
- Download Babushahi App
-
-