ਦਿਲੀ ਵਿਖੇ ਭਾਰਤੀ ਸਿੱਖ ਸ਼ਿਕਲੀਗਰ ਸਮਾਜ ਦੇ ਸਮਾਗਮ ਵਿੱਚ 25 ਰਾਜਾਂ ਦੇ ਪ੍ਰਤੀਨਿਧ ਪੁਜੇ
ਮਾਂ ਬੋਲੀ ਪੰਜਾਬੀ, ਗੁਰਸਿੱਖੀ ਅਤੇ ਹੁਨਰਮੰਦ ਨੌਜਵਾਨ ਹੀ ਕੌਮ ਦੀ ਅਸਲ ਤਾਕਤ: ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 23 ਜੂਨ,2026
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅਖਿਲ ਭਾਰਤੀ ਸਿੱਖ ਸ਼ਿਕਲੀਗਰ ਸਮਾਜ ਵੱਲੋਂ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਇੱਕ ਵਿਸ਼ੇਸ਼ ਰਾਸ਼ਟਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਪੁੱਜੀਆਂ ਸੰਗਤਾਂ ਅਤੇ ਸਮਾਜ ਦੇ ਪ੍ਰਤੀਨਿਧਾਂ ਨੂੰ ਸੰਬੋਧਨ ਕਰਦਿਆਂ ਮਾਂ ਬੋਲੀ ਪੰਜਾਬੀ, ਗੁਰਸਿੱਖੀ ਜੀਵਨ, ਏਕਤਾ ਅਤੇ ਹੁਨਰ-ਅਧਾਰਿਤ ਸਿੱਖਿਆ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ।
ਸਰਦਾਰ ਕਾਲਕਾ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਗਈ ਵਿਰਾਸਤ, ਭਾਸ਼ਾ, ਸਿਧਾਂਤਾਂ ਅਤੇ ਸ਼ਸਤਰ ਵਿਦਿਆ ਨੂੰ ਅਪਣਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਇਤਿਹਾਸ ਵਿੱਚ ਆਪਣੀ ਸ਼ਕਤੀ, ਦਲੇਰੀ ਅਤੇ ਕੁਰਬਾਨੀਆਂ ਦੇ ਸਦਕਾ ਵਿਸ਼ੇਸ਼ ਸਥਾਨ ਹਾਸਲ ਕੀਤਾ ਸੀ, ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਸਿੱਖ ਕੌਮ ਨੂੰ ਵੰਡਣ ਅਤੇ ਕਮਜ਼ੋਰ ਕਰਨ ਦੇ ਯਤਨ ਵੀ ਕੀਤੇ ਗਏ। ਉਨ੍ਹਾਂ ਕਿਹਾ ਕਿ ਹੁਣ ਸਮਾਂ ਹੈ ਕਿ ਸਾਰੇ ਸਿੱਖ ਇੱਕ ਨਿਸ਼ਾਨ ਸਾਹਿਬ ਹੇਠ ਇਕੱਠੇ ਹੋ ਕੇ ਆਪਣੀ ਤਾਕਤ ਨੂੰ ਹੋਰ ਮਜ਼ਬੂਤ ਕਰਨ।
ਉਨ੍ਹਾਂ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ, ਹਰਿਆਣਾ, ਰਾਜਸਥਾਨ, ਗੁਜਰਾਤ, ਹਿਮਾਚਲ ਪ੍ਰਦੇਸ਼, ਤੇਲੰਗਾਨਾ, ਆਂਧਰਾ ਪ੍ਰਦੇਸ਼, ਪੰਜਾਬ, ਜੰਮੂ-ਕਸ਼ਮੀਰ, ਕਰਨਾਟਕ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਸਮੇਤ 15 ਰਾਜਾਂ ਤੋਂ ਅਖਿਲ ਭਾਰਤੀ ਸ਼ਿਕਲੀਗਰ ਸਮਾਜ ਦੇ ਪ੍ਰਤੀਨਿਧਾਂ ਦਾ ਇੱਕ ਮੰਚ 'ਤੇ ਇਕੱਠਾ ਹੋਣਾ ਆਪਣੇ ਆਪ ਵਿੱਚ ਇਤਿਹਾਸਕ ਅਤੇ ਪ੍ਰੇਰਣਾਦਾਇਕ ਉਦਾਹਰਣ ਹੈ।
ਸਰਦਾਰ ਕਾਲਕਾ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਗੁਰੂ ਦਾ ਸਿੱਖ, ਅੰਮ੍ਰਿਤਧਾਰੀ ਅਤੇ ਚੰਗੇ ਚਰਿੱਤਰ ਵਾਲਾ ਇਨਸਾਨ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਆਧੁਨਿਕ ਤਕਨਾਲੋਜੀ ਅਤੇ ਹੁਨਰਾਂ ਨਾਲ ਵੀ ਜੋੜਨ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਸਕਿੱਲ ਡਿਵੈਲਪਮੈਂਟ ਅਤੇ ਤਕਨੀਕੀ ਸਿੱਖਿਆ ਹੀ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਆਰਥਿਕ ਖੁਸ਼ਹਾਲੀ ਵੱਲ ਲੈ ਕੇ ਜਾ ਸਕਦੀ ਹੈ।
ਉਨ੍ਹਾਂ ਐਲਾਨ ਕੀਤਾ ਕਿ ਦੇਸ਼ ਭਰ ਵਿੱਚ ਸਥਾਪਿਤ ਸਿੱਖ ਉਦਯੋਗਪਤੀਆਂ ਅਤੇ ਉਦਯੋਗਿਕ ਇਕਾਈਆਂ ਨਾਲ ਮਿਲ ਕੇ ਅਜਿਹੇ ਉਪਰਾਲੇ ਸ਼ੁਰੂ ਕੀਤੇ ਜਾਣਗੇ, ਜਿਨ੍ਹਾਂ ਰਾਹੀਂ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਦੇ ਨਾਲ-ਨਾਲ ਰੁਜ਼ਗਾਰ ਅਤੇ ਕਾਰੋਬਾਰ ਦੇ ਮੌਕੇ ਵੀ ਉਪਲਬਧ ਕਰਵਾਏ ਜਾ ਸਕਣ।
ਮਾਂ ਬੋਲੀ ਪੰਜਾਬੀ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਸਰਦਾਰ ਕਾਲਕਾ ਨੇ ਕਿਹਾ ਕਿ ਸਿੱਖ ਕੌਮ ਦੀ ਪਹਿਚਾਣ ਉਸ ਦੀ ਭਾਸ਼ਾ, ਸੱਭਿਆਚਾਰ ਅਤੇ ਗੁਰਮਤਿ ਨਾਲ ਜੁੜੀ ਹੋਈ ਹੈ। ਉਨ੍ਹਾਂ ਸੰਗਤਾਂ ਤੋਂ ਵਚਨ ਲਿਆ ਕਿ ਉਹ ਆਪਣੇ ਘਰਾਂ, ਪਰਿਵਾਰਾਂ ਅਤੇ ਬੱਚਿਆਂ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਯਕੀਨੀ ਬਣਾਉਣਗੇ ਅਤੇ ਇਸ ਨੂੰ ਵਿਸਰਨ ਨਹੀਂ ਦੇਣਗੇ।
ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਸ਼ਿਕਲੀਗਰ ਸਮਾਜ ਦੀਆਂ ਜਾਇਜ਼ ਮੰਗਾਂ ਅਤੇ ਮੁੱਦਿਆਂ ਨੂੰ ਸਬੰਧਤ ਰਾਜ ਸਰਕਾਰਾਂ ਅਤੇ ਹੋਰ ਸੰਸਥਾਵਾਂ ਅੱਗੇ ਪੂਰੀ ਗੰਭੀਰਤਾ ਨਾਲ ਉਠਾਇਆ ਜਾਵੇਗਾ। ਇਸ ਦੇ ਨਾਲ ਹੀ ਐਨਸੀਆਰ ਅਤੇ ਹੋਰ ਖੇਤਰਾਂ ਵਿੱਚ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਪ੍ਰਚਾਰਕਾਂ ਦੀਆਂ ਟੀਮਾਂ ਭੇਜਣ ਦਾ ਉਪਰਾਲਾ ਵੀ ਜਲਦ ਸ਼ੁਰੂ ਕੀਤਾ ਜਾਵੇਗਾ। ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸੰਗਤਾਂ ਨੂੰ ਸਿੱਖੀ ਦੇ ਸਿਧਾਂਤਾਂ, ਮਾਂ ਬੋਲੀ ਪੰਜਾਬੀ ਅਤੇ ਕੌਮੀ ਏਕਤਾ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਅਸੀਂ ਗੁਰੂ ਸਾਹਿਬ ਦੀ ਬਖ਼ਸ਼ੀ ਹੋਈ ਦਾਤ ਅਤੇ ਪਹਿਚਾਣ ਨੂੰ ਸੰਭਾਲ ਲਵਾਂਗੇ ਤਾਂ ਕੋਈ ਵੀ ਤਾਕਤ ਸਾਨੂੰ ਕਮਜ਼ੋਰ ਨਹੀਂ ਕਰ ਸਕੇਗੀ।
- Download Babushahi App
-
-