148 ਗੁਰਮਤਿ ਕੈਂਪਾਂ ਵਿੱਚ 20 ਹਜ਼ਾਰ ਬੱਚਿਆਂ ਦੀ ਸ਼ਮੂਲੀਅਤ ਸਿੱਖੀ ਦੇ ਰੌਸ਼ਨ ਭਵਿੱਖ ਦਾ ਸੰਕੇਤ: ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 20 ਜੂਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਅਤੇ ਦਿੱਲੀ ਦੀਆਂ ਵੱਖ-ਵੱਖ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਗੁਰਮੁਖੀ, ਗੁਰਬਾਣੀ ਅਤੇ ਗੁਰਮਤਿ ਸਿਧਾਂਤਾਂ ਦੀ ਸਿਖਲਾਈ ਦੇਣ ਲਈ 1 ਜੂਨ ਤੋਂ 19 ਜੂਨ ਤੱਕ ਚਲਾਏ ਗਏ ਗੁਰਮਤਿ ਕੈਂਪਾਂ ਦੇ ਸਮਾਪਤੀ ਸਮਾਗਮ “ਫਾਈਨਲ ਗੁਰਮਤਿ ਕੈਂਪ 2026” ਦਾ ਆਯੋਜਨ ਅੱਜ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਗੁਰਮਤਿ ਕੈਂਪਾਂ ਦੀ ਸਫਲਤਾ ਲਈ ਧਰਮ ਪ੍ਰਚਾਰ ਕਮੇਟੀ, ਵੱਖ-ਵੱਖ ਸੰਸਥਾਵਾਂ, ਪ੍ਰਚਾਰਕਾਂ, ਸੇਵਾਦਾਰਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਭਾਈ ਸੁਖਵਿੰਦਰ ਸਿੰਘ ਜੀ, ਭਾਈ ਮਨਪ੍ਰੀਤ ਸਿੰਘ ਜੀ ਅਤੇ ਸਮੂਹ ਧਰਮ ਪ੍ਰਚਾਰ ਦੀ ਪ੍ਰਬੰਧਕੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਉਦੇਸ਼ ਨਾਲ ਇਹ ਗੁਰਮਤਿ ਕੈਂਪ ਸ਼ੁਰੂ ਕੀਤੇ ਗਏ ਸਨ, ਉਹ ਅੱਜ ਇੱਕ ਵਿਸ਼ਾਲ ਮੁਹਿੰਮ ਦਾ ਰੂਪ ਧਾਰ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਹਰ ਸਾਲ ਗੁਰਮਤਿ ਕੈਂਪਾਂ ਵਿੱਚ ਬੱਚਿਆਂ ਦੀ ਵੱਧ ਰਹੀ ਗਿਣਤੀ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹੈ ਕਿ ਨੌਜਵਾਨ ਪੀੜ੍ਹੀ ਵਿੱਚ ਗੁਰਮਤਿ ਸਿੱਖਿਆ ਪ੍ਰਤੀ ਰੁਝਾਨ ਅਤੇ ਸਿੱਖੀ ਨਾਲ ਜੁੜਨ ਦੀ ਲਾਲਸਾ ਲਗਾਤਾਰ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਜ਼ਿੰਮੇਂਵਾਰੀ ਬਣਦੀ ਹੈ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਤੋਂ ਇਲਾਵਾ ਹੋਰ ਸਕੂਲਾਂ ਵਿੱਚ ਪੜ੍ਹਦੇ ਸਿੱਖ ਬੱਚਿਆਂ ਤੱਕ ਵੀ ਗੁਰਮਤਿ ਸਿੱਖਿਆ ਪਹੁੰਚਾਈ ਜਾਵੇ।
ਸਰਦਾਰ ਕਾਲਕਾ ਨੇ ਦੱਸਿਆ ਕਿ ਇਸ ਸਾਲ ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ਲਗਾਏ ਗਏ 148 ਗੁਰਮਤਿ ਕੈਂਪਾਂ ਵਿੱਚ ਲਗਭਗ 20 ਹਜ਼ਾਰ ਬੱਚਿਆਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਕੈਂਪਾਂ ਦਾ ਮੁੱਖ ਮਨੋਰਥ ਬੱਚਿਆਂ ਨੂੰ ਗੁਰਬਾਣੀ, ਗੁਰੂ ਸਾਹਿਬਾਨ ਦੇ ਇਤਿਹਾਸ ਅਤੇ ਸਿੱਖੀ ਦੇ ਅਮਰ ਸਿਧਾਂਤਾਂ ਨਾਲ ਜੋੜਨਾ ਹੈ। ਬਚਪਨ ਵਿੱਚ ਕੰਠ ਕੀਤੀ ਗੁਰਬਾਣੀ ਮਨੁੱਖ ਦੀ ਸਾਰੀ ਜ਼ਿੰਦਗੀ ਦਾ ਮਾਰਗ ਦਰਸ਼ਨ ਕਰਦੀ ਹੈ ਅਤੇ ਇਹੀ ਸਿੱਖਿਆ ਉਸ ਨੂੰ ਸੱਚੇ ਜੀਵਨ ਦੀ ਰਾਹ ਦਿਖਾਉਂਦੀ ਹੈ।
ਉਨ੍ਹਾਂ ਕਿਹਾ ਕਿ ਅੱਜ ਜਦੋਂ ਬੱਚੇ ਗੁਰਬਾਣੀ ਕੰਠ ਕਰਕੇ ਅਤੇ ਗੁਰਮਤਿ ਟੈਸਟਾਂ ਵਿੱਚ ਭਾਗ ਲੈਣ ਲਈ ਉਤਸ਼ਾਹ ਨਾਲ ਪਹੁੰਚ ਰਹੇ ਹਨ ਤਾਂ ਇਹ ਸਿੱਖ ਕੌਮ ਲਈ ਬੇਹੱਦ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਆਧੁਨਿਕਤਾ ਦੇ ਇਸ ਯੁੱਗ ਵਿੱਚ ਸਾਡੇ ਬੱਚੇ ਦੁਨਿਆਵੀ ਸਿੱਖਿਆ ਦੇ ਨਾਲ-ਨਾਲ ਆਪਣੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨਾਲ ਵੀ ਮਜ਼ਬੂਤੀ ਨਾਲ ਜੁੜੇ ਰਹਿਣ, ਇਹ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।
ਸਰਦਾਰ ਕਾਲਕਾ ਨੇ ਦੱਸਿਆ ਕਿ ਇਸ ਵਾਰ ਗੁਰਮਤਿ ਕੈਂਪਾਂ ਵਿੱਚ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਸਬੰਧਤ ਵਿਸ਼ੇਸ਼ ਪੁਸਤਕਾਂ ਵੀ ਪ੍ਰਦਾਨ ਕੀਤੀਆਂ ਗਈਆਂ ਹਨ, ਜਿਨ੍ਹਾਂ ਰਾਹੀਂ ਉਨ੍ਹਾਂ ਨੂੰ ਸਿੱਖ ਜਰਨੈਲਾਂ, ਗੁਰੂ ਸਾਹਿਬਾਨ ਦੀਆਂ ਲੜੀਆਂ ਗਈਆਂ ਜੰਗਾਂ ਅਤੇ ਮਹਾਨ ਸ਼ਹਾਦਤਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਅਤੇ ਬਲਿਦਾਨਾਂ ਨਾਲ ਜਾਣੂ ਹੋਣ ਵਾਲਾ ਬੱਚਾ ਆਪਣੀ ਪਹਿਚਾਣ ਅਤੇ ਵਿਰਾਸਤ ਨੂੰ ਕਦੇ ਨਹੀਂ ਭੁੱਲ ਸਕਦਾ।
ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਗਏ ਨਿਆਰੇ ਖਾਲਸਾ ਪੰਥ ਦੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਜਦੋਂ ਬੱਚਿਆਂ ਦੇ ਮਨਾਂ ਵਿੱਚ ਵੱਸ ਜਾਂਦੀਆਂ ਹਨ ਤਾਂ ਉਹ ਸਾਰੀ ਉਮਰ ਗੁਰਸਿੱਖੀ ਦੇ ਮਾਰਗ ’ਤੇ ਅਡੋਲ ਰਹਿੰਦੇ ਹਨ ਅਤੇ ਕੌਮ ਦੀ ਸੇਵਾ ਲਈ ਤਤਪਰ ਰਹਿੰਦੇ ਹਨ।
ਸਰਦਾਰ ਕਾਲਕਾ ਨੇ ਆਸ ਪ੍ਰਗਟਾਈ ਕਿ ਅੱਜ ਗੁਰਮਤਿ ਕੈਂਪਾਂ ਵਿੱਚ ਭਾਗ ਲੈਣ ਵਾਲੇ ਇਹ ਬੱਚੇ ਭਵਿੱਖ ਵਿੱਚ ਸੇਵਾਦਾਰਾਂ, ਪ੍ਰਚਾਰਕਾਂ ਅਤੇ ਪ੍ਰਬੰਧਕਾਂ ਦੇ ਰੂਪ ਵਿੱਚ ਇਥੋਂ ਗੁਰੂ ਘਰ ਦੀ ਸੇਵਾ ਸੰਭਾਲਣਗੇ ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਿੱਚ ਅਹਿਮ ਯੋਗਦਾਨ ਪਾਉਣਗੇ।
ਉਨ੍ਹਾਂ ਸਮੂਹ ਸੇਵਾਦਾਰਾਂ, ਪ੍ਰਬੰਧਕਾਂ, ਅਧਿਆਪਕਾਂ, ਮਾਪਿਆਂ ਅਤੇ ਵਿਸ਼ੇਸ਼ ਤੌਰ ’ਤੇ ਉਨ੍ਹਾਂ ਬੱਚਿਆਂ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ 20 ਦਿਨਾਂ ਤੱਕ ਮਿਹਨਤ ਕਰਕੇ ਗੁਰਮਤਿ ਸਿੱਖਿਆ ਹਾਸਲ ਕੀਤੀ ਅਤੇ ਇਸ ਸਮਾਗਮ ਨੂੰ ਸਫਲ ਬਣਾਇਆ।
ਉਨ੍ਹਾਂ ਇਸ ਸਫਲ ਉਪਰਾਲੇ ਲਈ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਅਤੇ ਉਨ੍ਹਾਂ ਦੀ ਟੀਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਗੁਰਮਤਿ ਪ੍ਰਚਾਰ ਦੇ ਖੇਤਰ ਵਿੱਚ ਸ਼ਲਾਘਾਯੋਗ ਕਾਰਜ ਹੋ ਰਹੇ ਹਨ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਵੀ ਸੰਗਤਾਂ ਨੂੰ ਸੰਬੋਧਨ ਕਰਦਿਆਂ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਮਾਪਿਆਂ ਅਤੇ ਪ੍ਰਬੰਧਕਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਅਤੇ ਗੁਰਮਤਿ ਕੈਂਪਾਂ ਦੀ ਲਗਾਤਾਰ ਸਫਲਤਾ ਲਈ ਵਧਾਈ ਦਿੱਤੀ।
- Download Babushahi App
-
-