ਪੰਜਾਬੀਆਂ ਦੀ ਅਣਖ ਤੇ ਸਨਮਾਨ ਖ਼ਿਲਾਫ਼ ਬੋਲੇ ਸ਼ਬਦ ਕਦੇ ਬਰਦਾਸ਼ਤ ਨਹੀਂ ਕੀਤੇ ਜਾਣਗੇ
ਜੇ.ਪੀ. ਮਲਹੋਤਰਾ ਦੀ ਇਤਰਾਜ਼ਯੋਗ ਟਿੱਪਣੀ ਖ਼ਿਲਾਫ਼ ਸੁਲਤਾਨਪੁਰ ਲੋਧੀ ਵਿਖੇ ਕਾਂਗਰਸੀ ਵਰਕਰਾਂ ਵੱਲੋਂ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 20 ਜੂਨ 2026 ਚੰਡੀਗੜ੍ਹ ਭਾਜਪਾ ਪ੍ਰਧਾਨ ਜੇ.ਪੀ. ਮਲਹੋਤਰਾ ਵੱਲੋਂ ਪੰਜਾਬੀਆਂ ਬਾਰੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਦੇ ਵਿਰੋਧ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਸੁਲਤਾਨਪੁਰ ਲੋਧੀ ਵਿਖੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਜੇ.ਪੀ. ਮਲਹੋਤਰਾ ਦਾ ਪੁਤਲਾ ਫੂਕ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਸੁਲਤਾਨਪੁਰ ਲੋਧੀ ਹਲਕੇ ਦੇ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਪੰਜਾਬੀਆਂ ਦੀ ਸ਼ਾਨ, ਸਵਾਭਿਮਾਨ ਅਤੇ ਕੁਰਬਾਨੀਆਂ 'ਤੇ ਸਵਾਲ ਖੜ੍ਹੇ ਕਰਨ ਵਾਲੀ ਕੋਈ ਵੀ ਟਿੱਪਣੀ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਦੇਸ਼ ਨੂੰ ਅੰਨ ਦਿੱਤਾ ਹੈ, ਸਰਹੱਦਾਂ ਦੀ ਰਾਖੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ ਅਤੇ ਹਰ ਮੁਸ਼ਕਲ ਘੜੀ ਵਿੱਚ ਦੇਸ਼ ਦੀ ਅਗਵਾਈ ਕੀਤੀ ਹੈ। ਅਜਿਹੇ ਸੂਬੇ ਅਤੇ ਇਸ ਦੇ ਵਾਸੀਆਂ ਬਾਰੇ ਅਪਮਾਨਜਨਕ ਬਿਆਨ ਦੇਣਾ ਨਾ ਸਿਰਫ਼ ਪੰਜਾਬੀਆਂ ਦਾ ਅਪਮਾਨ ਹੈ, ਸਗੋਂ ਦੇਸ਼ ਦੀ ਉਸ ਵਿਰਾਸਤ ਦਾ ਵੀ ਨਿਰਾਦਰ ਹੈ ਜਿਸ 'ਤੇ ਹਰ ਭਾਰਤੀ ਨੂੰ ਮਾਣ ਹੈ।
ਕਾਂਗਰਸੀ ਵਰਕਰਾਂ ਨੇ ਕਿਹਾ ਕਿ ਭਾਜਪਾ ਦੇ ਕੁਝ ਆਗੂ ਜਾਣਬੁੱਝ ਕੇ ਅਜਿਹੇ ਬਿਆਨ ਦੇ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਅਤੇ ਸਮਾਜ ਵਿੱਚ ਵੰਡ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਕਿਸੇ ਤੋਂ ਦੇਸ਼ਭਗਤੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ, ਕਿਉਂਕਿ ਪੰਜਾਬ ਦਾ ਇਤਿਹਾਸ ਕੁਰਬਾਨੀਆਂ, ਸੰਘਰਸ਼ਾਂ ਅਤੇ ਦੇਸ਼ ਪ੍ਰਤੀ ਸਮਰਪਣ ਨਾਲ ਭਰਿਆ ਪਿਆ ਹੈ।
ਸੁਲਤਾਨਪੁਰ ਲੋਧੀ ਹਲਕੇ ਦੇ ਕਾਂਗਰਸੀ ਵਰਕਰਾਂ ਨੇ ਮੰਗ ਕੀਤੀ ਕਿ ਜੇ.ਪੀ. ਮਲਹੋਤਰਾ ਆਪਣੇ ਬਿਆਨ ਲਈ ਪੰਜਾਬੀਆਂ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਆਗੂ ਪੰਜਾਬੀਆਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀਆਂ ਟਿੱਪਣੀਆਂ ਤੋਂ ਬਾਜ਼ ਨਾ ਆਏ ਤਾਂ ਕਾਂਗਰਸ ਪਾਰਟੀ ਲੋਕਾਂ ਨੂੰ ਨਾਲ ਲੈ ਕੇ ਹੋਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।
ਰੋਸ ਪ੍ਰਦਰਸ਼ਨ ਦੌਰਾਨ ਕਾਂਗਰਸੀ ਵਰਕਰਾਂ ਨੇ ਜੇ.ਪੀ. ਮਲਹੋਤਰਾ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੰਜਾਬੀਆਂ ਦੇ ਸਨਮਾਨ ਦੀ ਰਾਖੀ ਲਈ ਹਰ ਪੱਧਰ 'ਤੇ ਸੰਘਰਸ਼ ਜਾਰੀ ਰੱਖਣ ਦਾ ਅਹਿਦ ਦੁਹਰਾਇਆ।
ਇਸ ਮੌਕੇ ਕੁਲਬੀਰ ਸਿੰਘ ਖੈੜਾ (ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ ਕਾਂਗਰਸ), ਰਮੇਸ਼ ਸਿੰਘ ਡਡਵਿੰਡੀ (ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ), ਨਰਿੰਦਰ ਪਨੂੰ (ਬਲਾਕ ਪ੍ਰਧਾਨ), ਬਲਦੇਵ ਸਿੰਘ ਰੰਗੀਲਪੁਰ, ਪਰਮਿੰਦਰ ਸਿੰਘ ਪਿੰਦਾ, ਹਰਜਿੰਦਰ ਸਿੰਘ ਜਿੰਦਾ, ਨਰਿੰਦਰ ਸਿੰਘ ਗਿੱਲ, ਮਹਿੰਦਰਪਾਲ ਸਿੰਘ ਮੁਹਬਲੀਪੁਰ, ਹਰਨੇਕ ਸਿੰਘ ਵਿਰਦੀ, ਸ਼ਿੰਦਰ ਸਿੰਘ ਬੁਸੋਵਾਲ, ਬਖਸ਼ੀਸ਼ ਸਿੰਘ, ਬਲਵੰਤ ਸਿੰਘ ਬੂਲੇ, ਕੁਲਵਿੰਦਰ ਸਿੰਘ ਕਿੰਦਾ, ਟੋਨੀ ਨੰਬਰਦਾਰ, ਸੰਦੀਪ ਖੈੜਾ, ਸਾਬੀ ਭੌਰ, ਹਰਮਨ ਹਨੀ ਅਤੇ ਬਲਜਿੰਦਰ ਸਿੰਘ ਪੀ.ਏ. ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।
- Download Babushahi App
-
-