ਗਰੀਬਾਂ ਦੇ ਹੱਕਾਂ 'ਤੇ ਸ਼ਰੇਆਮ ਡਾਕਾ! ਜਗਰਾਉਂ 'ਚ ਸਰਕਾਰੀ ਕਣਕ ਨੂੰ ਪਾਣੀ ਲਾ ਕੇ ਵਜ਼ਨ ਵਧਾਉਣ ਦੀ ਵੱਡੀ ਸਾਜ਼ਿਸ਼ ਦਾ ਪਰਦਾਫਾਸ਼
ਜਗਰਾਉਂ (ਦੀਪਕ ਜੈਨ):
ਗਰੀਬਾਂ ਦੇ ਢਿੱਡ ਵਿੱਚ ਜਾਣ ਵਾਲੇ ਅਨਾਜ ਨਾਲ ਖਿਲਵਾੜ ਕਰਨ ਵਾਲੇ ਅਨਸਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਸ਼ਰੇਆਮ ਸਰਕਾਰੀ ਕਣਕ ਨੂੰ ਪਾਣੀ ਪਿਲਾ ਕੇ ਮੋਟਾ ਮੁਨਾਫਾ ਕਮਾਉਣ ਦੀਆਂ ਘਿਨੌਣੀਆਂ ਹਰਕਤਾਂ 'ਤੇ ਉੱਤਰ ਆਏ ਹਨ। ਲੁਧਿਆਣਾ-ਫਿਰੋਜ਼ਪੁਰ ਕੌਮੀ ਮਾਰਗ 'ਤੇ ਪਰਦੇਸੀ ਢਾਬੇ ਨੇੜੇ ਸਥਿਤ ਸ੍ਰੀ ਗੁਰੂ ਤੇਗ ਬਹਾਦਰ ਰਾਈਸ ਮਿਲ ਵਿੱਚ ਵੇਅਰ ਹਾਊਸ ਦੇ ਗੋਦਾਮ ਦੇਰ ਸ਼ਾਮ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ ਜਦੋਂ ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਮੌਕੇ 'ਤੇ ਛਾਪਾ ਮਾਰ ਕੇ ਇਸ ਕਾਲੇ ਕਾਰੋਬਾਰ ਨੂੰ ਰੰਗੇ ਹੱਥੀਂ ਨੰਗਾ ਕੀਤਾ।
ਬੋਰੀਆਂ 'ਤੇ ਚੜ੍ਹ ਕੇ ਮਾਰ ਰਹੇ ਸਨ ਪਾਣੀ ਦੀਆਂ Q1 ਪਾਈਪਾਂ
ਵਿਧਾਇਕਾ ਮਾਣੂਕੇ ਨੂੰ ਮਾਰਕੀਟ ਕਮੇਟੀ ਹਠੂਰ ਦੇ ਚੇਅਰਮੈਨ ਕਰਮਜੀਤ ਸਿੰਘ ਅਤੇ ਸਥਾਨਕ ਲੋਕਾਂ ਤੋਂ ਇਸ ਮਹਾ-ਘੁਟਾਲੇ ਦੀ ਭਣਕ ਪਈ ਸੀ। ਸੂਚਨਾ ਮਿਲਦਿਆਂ ਹੀ ਜਦੋਂ ਵਿਧਾਇਕਾ ਨੇ ਮੌਕੇ 'ਤੇ ਦਬਿਸ਼ ਦਿੱਤੀ ਤਾਂ ਦੇਖਿਆ ਕਿ ਕੁਝ ਸ਼ਰਾਰਤੀ ਅਨਸਰ ਬੇਖੌਫ ਹੋ ਕੇ ਕਣਕ ਦੀਆਂ ਬੋਰੀਆਂ ਦੇ ਪਹਾੜਾਂ 'ਤੇ ਚੜ੍ਹੇ ਪਾਈਪਾਂ ਨਾਲ ਪਾਣੀ ਦਾ ਛਿੜਕਾਅ ਕਰ ਰਹੇ ਸਨ ਤਾਂ ਜੋ ਕਣਕ ਦਾ ਵਜ਼ਨ ਵਧਾਇਆ ਜਾ ਸਕੇ। ਵਿਧਾਇਕਾ ਨੂੰ ਅਚਾਨਕ ਸਾਹਮਣੇ ਦੇਖਦਿਆਂ ਹੀ ਇਨ੍ਹਾਂ ਕਾਲਾਬਾਜ਼ਾਰੀਆਂ ਦੇ ਹੋਸ਼ ਉੱਡ ਗਏ ਅਤੇ ਉਹ ਮੌਕੇ ਤੋਂ ਫਰਾਰ ਹੋ ਗਏ।
ਅੱਗ-ਬਬੂਲਾ ਹੋਈ ਵਿਧਾਇਕਾ ਦੀ ਸਿੱਧੀ ਚੇਤਾਵਨੀ
ਮੌਕੇ ਦੇ ਹਾਲਾਤ ਦੇਖ ਕੇ ਗੁੱਸੇ ਵਿੱਚ ਆਈ ਵਿਧਾਇਕਾ ਮਾਣੂਕੇ ਨੇ ਪ੍ਰਸ਼ਾਸਨ ਅਤੇ ਮਿਲਾਵਟਖੋਰਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਗਰਜਦਿਆਂ ਕਿਹਾ ਕਿ ਇਹ ਕਣਕ ਜਨਤਕ ਵੰਡ ਪ੍ਰਣਾਲੀ ਰਾਹੀਂ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦਾ ਢਿੱਡ ਭਰਨ ਲਈ ਹੈ। ਇਸਨੂੰ ਪਾਣੀ ਨਾਲ ਭਿਉਂ ਕੇ ਸੜੀ ਅਤੇ ਕਾਲੀ ਕਰਨ ਦੀ ਡੂੰਘੀ ਸਾਜ਼ਿਸ਼ ਰਚੀ ਜਾ ਰਹੀ ਹੈ। ਲੋਕ ਅਕਸਰ ਸਰਕਾਰੀ ਡੀਪੂਆਂ ਤੋਂ ਮਿਲਦੀ ਕਣਕ ਦੇ ਕਾਲੇ ਜਾਂ ਖਰਾਬ ਹੋਣ ਦਾ ਰੋਣਾ ਰੋਂਦੇ ਹਨ, ਅੱਜ ਉਸ ਬਰਬਾਦੀ ਦੀ ਅਸਲ ਜੜ੍ਹ ਅਤੇ ਮਾਫੀਏ ਦਾ ਚਿਹਰਾ ਨੰਗਾ ਹੋ ਗਿਆ ਹੈ।
ਉਨ੍ਹਾਂ ਸਾਫ ਕਿਹਾ ਕਿ ਗਰੀਬਾਂ ਦੇ ਹੱਕਾਂ 'ਤੇ ਡਾਕਾ ਮਾਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਮਾਮਲੇ ਦੀ ਰਿਪੋਰਟ ਸਿੱਧੀ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤੀ ਗਈ ਹੈ। ਰਾਈਸ ਮਿਲ ਦੇ ਚੌਕੀਦਾਰ ਨੇ ਵੀ ਇਸ ਗੋਰਖਧੰਦੇ ਦੀ ਪੁਸ਼ਟੀ ਕੀਤੀ ਹੈ।
ਕੀ ਪ੍ਰਸ਼ਾਸਨ ਦੀ ਮਿਲੀਭੁਗਤ ਤੋਂ ਬਿਨਾਂ ਇਹ ਸੰਭਵ ਹੈ?
ਸਭ ਤੋਂ ਹੈਰਾਨੀਜਨਕ ਖੁਲਾਸਾ ਇਹ ਹੋਇਆ ਹੈ ਕਿ ਪਾਣੀ ਨਾਲ ਭਾਰੀ ਕੀਤੀਆਂ ਜਾ ਰਹੀਆਂ ਇਹ ਬੋਰੀਆਂ ਅਗਲੇ ਹੀ ਦਿਨ ਇੱਕ ਵਿਸ਼ੇਸ਼ ਮਾਲ ਗੱਡੀ ਰਾਹੀਂ ਸਪਲਾਈ ਲਈ ਲੋਡ ਕੀਤੀਆਂ ਜਾਣੀਆਂ ਸਨ! ਇਹ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਹੈ ਕਿ ਕੀ ਇੰਨੀ ਵੱਡੀ ਪੱਧਰ 'ਤੇ ਹੋ ਰਹੀ ਹੇਰਾਫੇਰੀ ਵਿਭਾਗੀ ਮਿਲੀਭੁਗਤ ਤੋਂ ਬਿਨਾਂ ਸੰਭਵ ਹੈ?
ਪੁਲਿਸ ਦੀ ਕਾਰਵਾਈ: ਕੀ ਫਸੇਗੀ ਕੋਈ ਵੱਡੀ ਮੱਛੀ?
ਮਾਮਲੇ ਦਾ ਰੌਲਾ ਪੈਂਦਿਆਂ ਹੀ ਥਾਣਾ ਸਿਟੀ ਜਗਰਾਓਂ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਇਸ ਸ਼ਰੇਆਮ ਹੋ ਰਹੀ ਧਾਂਦਲੀ ਦੀ ਸ਼ਿਕਾਇਤ ਮਿਲੀ ਸੀ, ਜਿਸਤੋਂ ਬਾਅਦ ਮੌਕੇ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਗਿਆ ਹੈ। ਇੰਸਪੈਕਟਰ ਪਰਮਿੰਦਰ ਸਿੰਘ ਅਨੁਸਾਰ ਵਿਭਾਗੀ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਅਤੇ ਤੱਥਾਂ ਦੀ ਡੂੰਘਾਈ ਨਾਲ ਜਾਂਚ ਕਰਨ ਮਗਰੋਂ ਬਣਦੀ ਕਾਨੂੰਨੀ ਕਾਰਵਾਈ ਯਕੀਨੀ ਬਣਾਈ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪ੍ਰਸ਼ਾਸਨ ਇਸ ਮਾਮਲੇ ਦੀ ਤਹਿ ਤੱਕ ਜਾ ਕੇ ਅਸਲ ਦੋਸ਼ੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟੇਗਾ ਜਾਂ ਫਿਰ ਗਰੀਬਾਂ ਦਾ ਅਨਾਜ ਇੰਝ ਹੀ ਮਾਫੀਏ ਦੀ ਭੇਂਟ ਚੜ੍ਹਦਾ ਰਹੇਗਾ।
- Download Babushahi App
-
-