ਕੇਂਦਰੀ ਯੂਨੀਵਰਸਿਟੀ ਗਲੋਬਲ ਖੋਜ ਸੰਘ ਦੀ ਭਾਈਵਾਲੀ ਨਾਲ ਏਐੱਮਐੱਲ ਕੈਂਸਰ ਲਈ ਵਿਕਸਿਤ ਕਰੇਗੀ ਇਲਾਜ ਦਾ ਨਵਾਂ ਢੰਗ
ਅਸ਼ੋਕ ਵਰਮਾ
ਬਠਿੰਡਾ, 2 ਜੂਨ 2026 : ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਜੈਵ-ਚਿਕਿਤਸਾ ਖੋਜ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਯੂਨੀਵਰਸਿਟੀ ਐਕਿਊਟ ਮਾਇਲੋਇਡ ਲਿਊਕੀਮੀਆ (ਏਐੱਮਐੱਲ) ਵਰਗੇ ਚੁਣੌਤੀਪੂਰਨ ਖੂਨ ਦੇ ਕੈਂਸਰ ਲਈ ਪਹਿਲੀ ਸ਼੍ਰੇਣੀ ਦੀ ਨਵੀਂ ਇਲਾਜ ਪੱਧਤੀ ਵਿਕਸਿਤ ਕਰਨ ਨਾਲ ਸੰਬੰਧਤ ਇੱਕ ਗਲੋਬਲ ਸਹਿਯੋਗੀ ਪ੍ਰੋਜੈਕਟ ਦਾ ਹਿੱਸਾ ਬਣੀ ਹੈ।
ਇਸ ਪ੍ਰੋਜੈਕਟ ਨੂੰ ‘ਹੈਲਥ ਹਾਲੈਂਡ ਇੰਟਰਨੈਸ਼ਨਲ ਕਿਕਸਟਾਰਟਰ ਕਾਲ ਫਾਰ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪਸ 2025’ ਤਹਿਤ ਵਿੱਤੀ ਸਹਾਇਤਾ ਪ੍ਰਾਪਤ ਹੋਈ ਹੈ। ਇਸ ਅੰਤਰਰਾਸ਼ਟਰੀ ਖੋਜ ਸੰਘ ਦੀ ਅਗਵਾਈ ਬਿਮਿਨੀ ਬਾਇਓਟੈਕ ਬੀ.ਵੀ. ਕਰ ਰਹੀ ਹੈ। ਇਸ ਤੋਂ ਇਲਾਵਾ ਪ੍ਰੋਫੈਸਰ ਫਰਾਂਚੇਸਕੋ ਬਰਤੋਨੀ ਦੀ ਅਗਵਾਈ ਵਾਲਾ ਓਨਕੋਲੋਜੀ ਖੋਜ ਸੰਸਥਾਨ ਅਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਦਾ ਭੇਸ਼ਜ ਵਿਗਿਆਨ ਅਤੇ ਕੁਦਰਤੀ ਉਤਪਾਦ ਵਿਭਾਗ ਵੀ ਇਸ ਪ੍ਰੋਜੈਕਟ ਦੇ ਭਾਈਵਾਲ ਹਨ। ਸੀਯੂ ਪੰਜਾਬ ਵੱਲੋਂ ਇਸ ਪ੍ਰੋਜੈਕਟ ਵਿੱਚ ਪ੍ਰੋਫੈਸਰ ਰਾਜ ਕੁਮਾਰ ਨੁਮਾਇੰਦਗੀ ਕਰ ਰਹੇ ਹਨ।
ਲਗਭਗ 4.40 ਲੱਖ ਯੂਰੋ ਦੇ ਕੁੱਲ ਬਜਟ ਵਾਲੇ ਇਸ ਪ੍ਰੋਜੈਕਟ ਦਾ ਉਦੇਸ਼ ਬਿਮਿਨੀ ਬਾਇਓਟੈਕ ਦੁਆਰਾ ਵਿਕਸਿਤ ਨਵੇਂ ਔਸ਼ਧੀ ਅਣੂਆਂ ਨੂੰ ਅੱਗੇ ਵਧਾਉਣਾ ਹੈ, ਜੋ ਵਿਸਕੌਟ–ਐਲਡਰਿਚ ਸਿੰਡਰੋਮ ਪ੍ਰੋਟੀਨ (ਡਬਲਯੂਏਐੱਸਪੀ) ਨੂੰ ਨਿਸ਼ਾਨਾ ਬਣਾਉਂਦੇ ਹਨ। ਇਹ ਨਵੀਂ ਇਲਾਜ ਪੱਧਤੀ ਐਕਿਊਟ ਮਾਇਲੋਇਡ ਲਿਊਕੀਮੀਆ (ਏਐੱਮਐੱਲ) ਤੋਂ ਪ੍ਰਭਾਵਿਤ ਕੋਸ਼ਿਕਾਵਾਂ ਨੂੰ ਚੋਣਵੇਂ ਢੰਗ ਨਾਲ ਨਸ਼ਟ ਕਰਨ ਲਈ ਵਿਕਸਿਤ ਕੀਤੀ ਜਾ ਰਹੀ ਹੈ, ਜਿਸ ਨਾਲ ਐੱਮਐੱਲ ਮਰੀਜ਼ਾਂ ਨੂੰ ਹੋਰ ਪ੍ਰਭਾਵਸ਼ਾਲੀ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਖਾਸ ਤੌਰ 'ਤੇ ਇਹ ਉਨ੍ਹਾਂ ਮਰੀਜ਼ਾਂ ਲਈ ਲਾਭਕਾਰੀ ਸਾਬਤ ਹੋ ਸਕਦੀ ਹੈ, ਜਿਨ੍ਹਾਂ ਵਿੱਚ ਇਲਾਜ ਤੋਂ ਬਾਅਦ ਬਿਮਾਰੀ ਮੁੜ ਉਭਰ ਆਉਂਦੀ ਹੈ ਜਾਂ ਜੋ ਮੌਜੂਦਾ ਇਲਾਜ ਪੱਧਤੀਆਂ ਪ੍ਰਤੀ ਪ੍ਰਤੀਰੋਧਕ ਹੋ ਜਾਂਦੇ ਹਨ।
ਇਸ ਸਾਂਝੇ ਖੋਜ ਪ੍ਰੋਜੈਕਟ ਤਹਿਤ ਵਿਗਿਆਨੀ ਨਵੀਂ ਦਵਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ, ਇਲਾਜ ਤੋਂ ਬਾਅਦ ਮੁੜ ਉਭਰਨ ਵਾਲੇ ਅਤੇ ਮੌਜੂਦਾ ਇਲਾਜਾਂ ਪ੍ਰਤੀ ਪ੍ਰਤੀਰੋਧਕ ਏਐੱਮਐੱਲ ਕੈਂਸਰ ਦੇ ਮਾਮਲਿਆਂ ਵਿੱਚ ਇਸ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਕਰਨ ਦੇ ਨਾਲ-ਨਾਲ ਇਹ ਵੀ ਪਤਾ ਲਗਾਉਣਗੇ ਕਿ ਕਿਹੜੇ ਮਰੀਜ਼ਾਂ ਨੂੰ ਇਸ ਇਲਾਜ ਤੋਂ ਸਭ ਤੋਂ ਵੱਧ ਲਾਭ ਹੋ ਸਕਦਾ ਹੈ। ਇਹ ਪ੍ਰੋਜੈਕਟ ਕੈਂਸਰ ਲਈ ਹੋਰ ਸਟੀਕ ਅਤੇ ਪ੍ਰਭਾਵਸ਼ਾਲੀ ਇਲਾਜ ਵਿਕਸਿਤ ਕਰਨ ਅਤੇ ਕੈਂਸਰ ਖੋਜ ਨੂੰ ਨਵੀਂ ਦਿਸ਼ਾ ਦੇਣ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗਾ।
ਪ੍ਰੋਫੈਸਰ ਰਾਜ ਕੁਮਾਰ ਨੇ ਕਿਹਾ ਕਿ ਐਕਿਊਟ ਮਾਇਲੋਇਡ ਲਿਊਕੀਮੀਆ (ਏਐੱਮਐੱਲ) ਲਈ ਨਵੀਆਂ ਇਲਾਜ ਪੱਧਤੀਆਂ ਦੇ ਵਿਕਾਸ ਨਾਲ ਸੰਬੰਧਿਤ ਇਸ ਮਹੱਤਵਪੂਰਨ ਪ੍ਰੋਜੈਕਟ ਵਿੱਚ ਸਹਿਯੋਗ ਕਰਨਾ ਉਨ੍ਹਾਂ ਲਈ ਖੁਸ਼ੀ ਦੀ ਗੱਲ ਹੈ। ਇਹ ਭਾਈਵਾਲੀ ਭਾਰਤ ਅਤੇ ਯੂਰਪ ਵਿਚਕਾਰ ਵਿਗਿਆਨਕ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਕੈਂਸਰ ਦਵਾਈਆਂ ਦੀ ਖੋਜ ਅਤੇ ਸਿਹਤ ਸੰਬੰਧੀ ਨਵੀਨਤਾਕਾਰੀ ਖੋਜ ਪ੍ਰਤੀ ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਸ ਉਪਲਬਧੀ 'ਤੇ ਪ੍ਰੋਫੈਸਰ ਰਾਜ ਕੁਮਾਰ ਨੂੰ ਵਧਾਈ ਦਿੰਦਿਆਂ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਕਿਹਾ ਇਸ ਵੱਕਾਰੀ ਅੰਤਰਰਾਸ਼ਟਰੀ ਖੋਜ ਪ੍ਰੋਜੈਕਟ ਵਿੱਚ ਯੂਨੀਵਰਸਿਟੀ ਦੀ ਭਾਗੀਦਾਰੀ ਸਾਡੀ ਖੋਜ ਸਮਰੱਥਾ ਅਤੇ ਵਿਗਿਆਨਕ ਉਤਕ੍ਰਿਸ਼ਟਤਾ ਨੂੰ ਮਿਲੀ ਵਿਸ਼ਵ ਪੱਧਰੀ ਮਾਨਤਾ ਦਾ ਪ੍ਰਤੀਕ ਹੈ। ਇਸ ਤਰ੍ਹਾਂ ਦੇ ਅੰਤਰਰਾਸ਼ਟਰੀ ਸਹਿਯੋਗ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਿਹਤ ਖੇਤਰ ਦੀਆਂ ਮਹੱਤਵਪੂਰਨ ਚੁਣੌਤੀਆਂ ਦੇ ਹੱਲ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ।
- Download Babushahi App
-
-